ਸੜਕ ਹਾਦਸੇ ‘ਚ ਇੱਕ ਜਣੇ ਦੀ ਮੌਤ, ਦੋ ਗੰਭੀਰ ਜ਼ਖਮੀ

ਅਮਰੀਕ ਸਿੰਘ ਭੰਗੂ ਭਾਦਸੋਂ, 
ਬੀਤੀ ਦੇਰ ਰਾਤ ਪਿੰਡ ਚਾਸਵਾਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਤੇ ਦੋ ਔਰਤਾਂ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪਿੰਡ ਚਾਸਵਾਲ ਮੇਨ ਰੋਡ ‘ਤੇ ਬਣੇ ਸਪੀਡ ਬਰੇਕਰ ਤੋਂ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਕਾਰ ਬੇਕਾਬੂ ਹੋ ਗਈ ਤੇ ਅੱਗੇ ਜਾ ਰਹੀ ਆਲੂਆਂ ਦੀ ਭਰੀ ਟਰਾਲੀ ਦੇ ਪਿੱਛੇ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਸਵਿਫਟ ਕਾਰ ਨੰਬਰ ਪੀ.ਬੀ. 52 ਏ 4119 ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਚਾਲਕ ਬਾਲ ਕ੍ਰਿਸ਼ਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਾਰ ‘ਚ ਸਵਾਰ ਦੋ ਔਰਤਾਂ ਪ੍ਰਿਆ ਪਤਨੀ ਰਾਜਿੰਦਰ ਮਿੱਤਲ ਤੇ ਨਿਰਮਲਾ ਪਤਨੀ ਜਗਦੀਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਆਸਰਾ ਕਲੱਬ ਭਾਦਸੋਂ ਦੀ ਐਂਬੂਲੈਂਸ ਰਾਹੀਂ ਮੁੱਢਲਾ ਸਿਹਤ ਕੇਂਦਰ ਭਾਦਸੋਂ ‘ਚ ਭੇਜਿਆ ਗਿਆ ਡਾਕਟਰਾਂ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ। ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਥਾਣਾ ਭਾਦਸੋਂ ਦੀ ਪੁਲਿਸ ਪਾਰਟੀ ਵੀ ਘਟਨਾ ਸਥਾਨ ‘ਤੇ ਪੁੱਜੀ ਤੇ ਮਾਮਲੇ ਦੀ ਜਾਂਚ ਕੀਤੀ। ਥਾਣਾ ਭਾਦਸੋਂ ਦੇ ਐੱਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਾਲ ਕ੍ਰਿਸ਼ਨ ਦਾ ਲਾਸ਼ ਨੂੰ ਪੋਸਟ ਮਾਰਟਮ  ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਭਾਦਸੋਂ ‘ਚ ਟਰੈਕਟਰ ਚਾਲਕ ਸੁਖਦੇਵ ਸਿੰਘ ਪੁੱਤਰ ਝੰਡਾ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।