ਪੰਜਾਬ

ਸੜਕ ਹਾਦਸੇ ‘ਚ 3 ਦੀ ਮੌਤ, ਇੱਕ ਦਰਜਨ ਦੇ ਕਰੀਬ ਜ਼ਖਮੀ

ਅਮਰੀਕ ਸਿੰਘ ਭੰਗੂ
ਭਾਦਸੋਂ,
ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਚਹਿਲ ਵਿਖੇ ਸਵੇਰੇ ਸਾਢੇ 5 ਵਜੇ ਦੇ ਲਗਭਗ ਇੱਕ ਦਰਦਨਾਕ ਹਾਦਸੇ ਵਿੱਚ ਲਗਭਗ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਲਗਭਗ 12 ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਭਾਦਸੋਂ ਦੇ ਫਲ ਤੇ ਸਬਜੀ ਦੀਆਂ ਰੇਹੜੀਆਂ ਫੜੀਆਂ ਲਾਉਣ ਵਾਲੇ ਮਹਿੰਦਰਾ ਯੂਟੀਲਿਟੀ ਗੱਡੀ ਨੰਬਰ ਪੀ ਬੀ 10 ਏ ਡਬਲਯੂ 5485 ਵਿੱਚ ਸਵਾਰ ਹੋ ਕੇ ਖੰਨਾ ਮੰਡੀ ਜਾ ਰਹੇ ਸਨ। ਰਸਤੇ ਵਿੱਚ ਪੈਂਦੇ ਕਸਬਾ ਚਹਿਲ ਵਿਖੇ ਰੁਕ ਕੇ ਚਹਿਲ ਦੇ ਸਾਥੀਆਂ ਦੀ ਉਡੀਕ ਕਰਨ ਲਈ ਗੱਡੀ ਇੱਕ ਸਾਈਡ ‘ਤੇ ਖੜ੍ਹੀ ਕੀਤੀ ਸੀ ਅਤੇ ਕੁਝ ਵਿਅਕਤੀ ਗੱਡੀ ਵਿੱਚ ਹੀ ਬੈਠੇ ਸਨ।
ਇਸੇ ਦੌਰਾਨ ਪਿੱਛੋਂ ਸਕਰੈਪ  ਨਾਲ ਭਰੇ ਹੋਏ ਟਰੱਕ ਨੰਬਰ ਐਚ.ਆਰ 46 ਸੀ 5670 ਨੇ ਯੂਟੀਲਿਟੀ ਗੱਡੀ ਨੂੰ ਜੋਰਦਾਰ ਟੱਕਰ ਮਾਰੀ ਜਿਸ ਨਾਲ ਗੱਡੀ ਵਿੱਚ ਸਵਾਰ ਵਿਅਕਤੀ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਯੂਟੀਲਿਟੀ ਗੱਡੀ ਫੇਟ ਵੱਜਣ ਨਾਲ ਬਿਜਲੀ ਦੇ ਮੀਟਰਾਂ ਵਾਲਾ ਬਕਸਾ, ਖੰਭਾ ਅਤੇ ਦਰਖਤ ਤੋੜਦੀ ਹੋਈ ਦੁਕਾਨ ਦੇ ਸ਼ੈੱਡ ਵਿੱਚ ਜਾ ਵੱਜੀ। ਸ਼ੈੱਡ ਦੀਆਂ ਚਾਦਰਾਂ ਵੱਜਣ ਨਾਲ ਗੱਡੀ ਦੇ ਡਰਾਈਵਰ ਪੂਰਨ ਦਾਸ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ  ਜ਼ਖਮੀਆਂ ਵਿੱਚ ਬੰਟੀ, ਚੰਦ ਖਾਂ, ਛੱਲਾ ਰਾਮ, ਸੁਖਚੈਨ, ਪਰਮਜੀਤ ਸਿੰਘ, ਜੋਗਿੰਦਰ ਸਿੰਘ, ਅਜੈਬ ਸਿੰਘ  ਸਮੇਤ ਕਈ ਹੋਰ ਜ਼ਖਮੀਆਂ ਨੂੰ ਆਸਰਾ ਵੈਲਫੇਅਰ ਕਲੱਬ ਅਤੇ ਹੋਰਨਾਂ ਵੱਲੋਂ ਸਰਕਾਰੀ ਹਸਪਤਾਲ ਭਾਦਸੋਂ ਅਤੇ ਗੰਭੀਰ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਰਜਿੰਦਰਾ ਵਿਖੇ ਦਾਖਲ ਕਰਵਾਇਆ।
ਹਾਦਸੇ ਦੌਰਾਨ ਜਗਤਾਰ ਸਿੰਘ ਤਾਰੀ ਤੇ ਅਵਤਾਰ ਸਿੰਘ ਵਾਸੀ ਚਹਿਲ ਅਤੇ ਪੂਰਨ ਦਾਸ ਉਰਫ ਬਿੱਲੂ ਦੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ।
ਇਸ ਹਾਦਸੇ ਦੌਰਾਨ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ‘ਤੇ ਦੋਸ਼ ਲਗਾਉਂਦਿਆਂ ਮ੍ਰਿਤਕ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਚਹਿਲ-ਗੋਬਿੰਦਗੜ੍ਹ ਰੋਡ ‘ਤੇ ਰੋਸ ਧਰਨਾ ਲਾ ਦਿੱਤਾ। ਧਰਨੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਈ ਘੰਟੇ ਬੀਤ ਜਾਣ ਦੇ ਬਾਅਦ ਵੀ ਪੁਲਿਸ ਦੀ ਕਾਰਗੁਜਾਰੀ ਢਿੱਲੀ ਹੈ। ਦੂਜੇ ਪਾਸੇ ਥਾਣਾ ਮੁਖੀ ਜਸਵਿੰਦਰ ਸਿੰਘ ਖੈਰਾ ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਵਿਅਕਤੀਆਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ

ਪ੍ਰਸਿੱਧ ਖਬਰਾਂ

To Top