ਸੰਗਰੂਰ ‘ਚ ਸਵਾ ਕਰੋੜ ਦੀ ਸਮੈਕ ਬਰਾਮਦ

ਪੁਲਿਸ ਵੱਲੋਂ ਦੋ ਔਰਤਾਂ ਸਮੇਤ 3 ਗ੍ਰਿਫ਼ਤਾਰ
ਮੁਲਜ਼ਮਾਂ ਨੂੰ ਅੱਜ ਕੀਤਾ ਜਾਵੇਗਾ ਅਦਾਲਤ ‘ਚ ਪੇਸ਼
ਗੁਰਪ੍ਰੀਤ ਸਿੰਘ ਸੰਗਰੂਰ,
ਥਾਣਾ ਸੰਦੌੜ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਦੋ ਔਰਤਾਂ ਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਕਿੱਲੋ ਤਿੰਨ ਸੌ ਗ੍ਰਾਮ ਸਮੈਕ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਫੜੀ ਗਈ ਸਮੈਕ ਦੀ ਮਾਰਕਿਟ ਕੀਮਤ ਕਰੀਬ ਸਵਾ ਕਰੋੜ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਪੁਲਿਸ ਲਾਇਨ ਵਿਖੇ ਪੱ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਇੰਦਰਬੀਰ ਸਿੰਘ ਨੇ ਦੱਸਿਆ ਕਿ ਥਾਣਾ ਸੰਦੌੜ ਦੀ ਮੁੱਖ ਅਫ਼ਸਰ ਕੁਲਵੰਤ ਕੌਰ ਅਤੇ ਇੰਟੈਲੀਜੈਂਸ ਦੇ ਸਹਾਇਕ ਥਾਣੇਦਾਰ ਬੂਟਾ ਖਾਂ ਵੱਲੋਂ ਆਪਣੀ ਪੁਲਿਸ ਟੀਮ ਨਾਲ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਬਲਵੀਰ ਸਿੰਘ ਵਾਸੀ ਮੁਰਾਦਪੁਰਾ ਹਾਲ ਆਬਾਦ ਸਮੁੰਦਗੜ ਛੰਨਾ ਧੂਰੀ, ਭੂਰੋ ਵਾਸੀ ਸਮੁੰਦਗੜ ਅਤੇ ਤਰਨਦੀਪ ਕੌਰ ਵਾਸੀ ਨਰਿੰਦਰਪੁਰਾ ਜ਼ਿਲ੍ਹਾ ਮਾਨਸਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 1 ਕਿੱਲੋ 300 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਇਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਅਧੀਨ ਥਾਣਾ ਸੰਦੌੜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਤਿੰਨਾਂ ਮੁਲ਼ਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਸਮੈਕ ਕਿਥੋਂ ਲਿਆਉਂਦੇ ਸਨ ਅਤੇ ਕਿੱਥੇ-ਕਿੱਥੇ ਸਪਲਾਈ ਕਰਨੀ ਸੀ। ਇਨ੍ਹਾਂ ਤਿੰਨਾਂ ਖਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਐਨੀ ਵੱਡੀ ਮਾਤਰਾ ਵਿੱਚ ਸਮੈਕ ਦਾ ਫੜਿਆ ਜਾਣਾ ਜਿਲ੍ਹਾ ਸੰਗਰੂਰ ਵਿੱਚ ਪਹਿਲੀ ਵਾਰ ਹੋਇਆ ਹੈ ਅਤੇ ਪੁਲਿਸ ਦੀ ਵੱਡੀ ਕਾਮਯਾਬੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਅੰਤਰਰਾਜੀ ਗੈਂਗ ਨਾਲ ਜੁੜੇ ਹੋਣ ਦੇ ਪੱਖ ਤੋਂ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ