ਹਰਭਜਨ ਮਾਮਲੇ ਦੀ ਜਾਂਚ ’ਚ ਕਿਹੜੀ ਜਲਦੀ ਐ, ਜਾਂਚ-ਜੂੰਚ ਹੁੰਦੀ ਰਹੇਗੀ, ਸਾਡੇ ਕੋਲ ਬਥੇਰੇ ਕੰਮ ਨੇ, ਬਾਅਦ ’ਚ ਦੇਖਾਂਗੇ

0
148
Harbhajan, Case Investigation

ਖੇਡ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦਿੱਤਾ ਰੁੱਖਾ ਜੁਆਬ, ਨਹੀਂ ਮਿਲੇ ਕੋਈ ਜਾਂਚ ਦੇ ਆਦੇਸ਼

ਸਿਰਫ਼ ਇੱਕ ਫਾਈਲ ਦੇਖ ਕੇ ਕਰਨਾ ਐ ਚੈਕ ਕਿ ਆਖ਼ਰਕਾਰ ਕਦੋਂ ਦਿੱਲੀ ਭੇਜੀ ਗਈ ਸੀ ਸਿਫ਼ਾਰਸ਼

31 ਜੁਲਾਈ ਨੂੰ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਦਿੱਤੇ ਸਨ ਜਾਂਚ ਦੇ ਆਦੇਸ਼, ਅਧਿਕਾਰੀ ਨਹੀਂ ਕਰ ਰਹੇ ਹਨ ਜਾਂਚ

ਅਸ਼ਵਨੀ ਚਾਵਲਾ, ਚੰਡੀਗੜ੍ਹ

ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੂੰ ਰਾਜੀਵ ਗਾਂਧੀ ਖੇਲ ਰਤਨ ਨਾ ਮਿਲਣ ਦੇ ਮਾਮਲੇ ਦੀ ਜਾਂਚ ’ਚ ਕਿਹੜੀ ਜਲਦੀ ਐ, ਇਹੋ ਜਿਹੀ ਜਾਂਚ ਜੂੰਚ ਤਾਂ ਹੁੰਦੀ ਰਹੇਗੀ, ਸਾਡੇ ਕੋਲ ਹੋਰ ਵੀ ਬਥੇਰੇ ਕੰਮ ਹੁੰਦੇ ਹਨ। ਬਾਅਦ ਵਿੱਚ ਦੇਖ ਲਵਾਂਗੇ ਕਿ ਜਾਂਚ ’ਚ ਕਿਵੇਂ ਕਰਨੀ ਐ ਅਤੇ ਕਦੋਂ ਰਿਪੋਰਟ ਦੇਣੀ ਹੈ। ਕ੍ਰਿਕਟ ਵਿੱਚ ਪੰਜਾਬ ਨੂੰ ਵਿਸ਼ਵ ਪੱਧਰ ’ਤੇ ਮਾਣ-ਸਨਮਾਨ ਦੇਣ ਵਾਲੇ ਹਰਭਜਨ ਸਿੰਘ ਪ੍ਰਤੀ ਖੇਡ ਵਿਭਾਗ ਦੇ ਅਧਿਕਾਰੀਆਂ ਦਾ ਇਹ ਵਿਹਾਰ ਹੈ। ਪਹਿਲਾਂ ਹਰਭਜਨ ਸਿੰਘ ਨੂੰ ਮਿਲਣ ਵਾਲੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਫਾਈਲ ਦੇਰੀ ਨਾਲ ਭੇਜੀ ਤਾਂ ਹੁਣ ਉਸੇ ਵਿਭਾਗ ਦੇ ਅਧਿਕਾਰੀ ਆਪਣੀ ਗਲਤੀ ਨੂੰ ਛੁਪਾਉਣ ਲਈ ਪਿਛਲੇ 30 ਦਿਨਾਂ ਤੋਂ ਕੋਈ ਜਾਂਚ ਹੀ ਨਹੀਂ ਕਰ ਰਹੇ।

ਇੱਥੇ ਹੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਫਾਈਲ ਦੀ ਦੇਰੀ ਵਿੱਚ ਪੰਜਾਬ ਖੇਡ ਵਿਭਾਗ ਦੇ ਅਧਿਕਾਰੀਆਂ ਦੀ ਹੀ ਗਲਤੀ ਨਿਕਲਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ 31 ਜੁਲਾਈ ਨੂੰ ਦਿੱਤੇ ਗਏ ਜਾਂਚ ਦੇ ਆਦੇਸ਼ ਦੇ ਬਾਵਜ਼ੂਦ ਪੰਜਾਬ ਦਾ ਖੇਡ ਵਿਭਾਗ ਜਾਂਚ ਹੀ ਨਹੀਂ ਕਰ ਰਿਹਾ ਹੈ। ਇੱਥੋਂ ਤੱਕ ਕਿ ਖੇਡ ਵਿਭਾਗ ਦੀ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਤਾਂ ਸਾਫ਼ ਇਨਕਾਰ ਹੀ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਆਦੇਸ਼ ਨਹੀਂ ਮਿਲੇ ਹਨ, ਜਦੋਂ ਕਿ ਇਸੇ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਕਰਨ ਵਿੱਚ ਕੋਈ ਜਿਆਦਾ ਜਲਦੀ ਨਹੀਂ ਹੈ, ਉਨ੍ਹਾਂ ਕੋਲ ਬਥੇਰੇ ਕੰਮ ਹੁੰਦੇ ਹਨ, ਇਸ ਲਈ ਬਾਅਦ ਵਿੱਚ ਦੇਖ ਲਿਆ ਜਾਏਗਾ। ਜਦੋਂ ਕਰਤਾਰ ਸਿੰਘ ਨੂੰ ਵਾਰ-ਵਾਰ ਦਬਾਅ ਪਾ ਕੇ ਪੁੱਛਿਆ ਗਿਆ ਕਿ ਆਖ਼ਰਕਾਰ ਇੱਕ ਫਾਈਲ ਦੇਖਣ ਵਿੱਚ ਕਿੰਨਾ ਕੁ ਹੋਰ ਸਮਾਂ ਲੱਗੇਗਾ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਅਗਲੇ ਹਫ਼ਤੇ ਤੱਕ ਹੀ ਪਤਾ ਲੱਗ ਸਕੇਗਾ ਕਿ ਰਿਪੋਰਟ ਕਦੋਂ ਤੱਕ ਤਿਆਰ ਹੋ ਸਕੇਗੀ।

ਜਾਣਕਾਰੀ ਅਨੁਸਾਰ ਇਸ ਸਾਲ ਮਿਲਣ ਵਾਲੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਿੱਚ ਕ੍ਰਿਕੇਟਰ ਹਰਭਜਨ ਸਿੰਘ ਵੱਲੋਂ ਪੰਜਾਬ ਦੇ ਖੇਡ ਵਿਭਾਗ ਨੂੰ ਜਰੂਰਤ ਅਨੁਸਾਰ ਸਾਰੇ ਕਾਗ਼ਜ਼ਾਤ ਤੇ ਅਰਜ਼ੀ 20 ਮਾਰਚ ਨੂੰ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਖੇਡ ਵਿਭਾਗ ਨੇ ਇਸ ਅਰਜ਼ੀ ਨੂੰ ਕੇਂਦਰ ਸਰਕਾਰ ਕੋਲ ਪੰਜਾਬ ਸਰਕਾਰ ਵੱਲੋਂ ਭੇਜਣਾ ਸੀ। ਇਸ ਸਾਰੇ ਮਾਮਲੇ ’ਚ ਮੋੜ ਉਸ ਸਮੇਂ ਆ ਗਿਆ, ਜਦੋਂ 30 ਜੁਲਾਈ ਨੂੰ ਹਰਭਜਨ ਸਿੰਘ ਨੇ ਇੱਕ ਵੀਡੀਓ ਅਪਲੋਡ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਇਸ ਲਈ ਨਹੀਂ ਮਿਲ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਅਰਜ਼ੀ ਨੂੰ ਆਪਣੇ ਕੋਲ ਹੀ ਰੱਖੀ ਰੱਖਿਆ ਤੇ ਸਮੇਂ ਸਿਰ ਕੇਂਦਰ ਸਰਕਾਰ ਨੂੰ ਭੇਜੀ ਹੀ ਨਹੀਂ। ਜਿਸ ਕਾਰਨ ਉਨ੍ਹਾਂ ਨੂੰ ਹੁਣ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪਏਗਾ।

ਰਾਣਾ ਗੁਰਮੀਤ ਸੋਢੀ ਦੇ ਜਾਂਚ ਦੇ ਆਦੇਸ਼ ਦੇਣ ਤੋਂ ਬਾਅਦ ਹੁਣ 30 ਦਿਨ ਤੋਂ ਜਿਆਦਾ ਸਮਾਂ ਬੀਤ ਚੁੱਕਾ ਹੈ ਪਰ ਇੱਕ ਫਾਈਲ ਨੂੰ ਦੇਖਦੇ ਹੋਏ ਕੁਝ ਹੀ ਘੰਟਿਆਂ ਵਿੱਚ ਮੁਕੰਮਲ ਹੋਣ ਵਾਲੀ ਜਾਂਚ ਨੂੰ ਖੇਡ ਵਿਭਾਗ ਦੇ ਖੇਡ ਬਣਾ ਲਿਆ ਹੈ ਇੱਥੇ ਹੀ ਬਸ ਨਹੀਂ ਖੇਡ ਵਿਭਾਗ ਦੇ ਅਧਿਕਾਰੀ ਅਜੇ ਵੀ 8-10 ਦਿਨ ਹੋਰ ਲੱਗਣ ਦੀ ਗੱਲ ਆਖ ਰਹੇ ਹਨ। ਇੱਥੇ ਹੀ ਉਨ੍ਹਾਂ ਦਾ ਰਵਈਆ ਵੀ ਜਾਂਚ ਦੇ ਪ੍ਰਤੀ ਕੋਈ ਜਿਆਦਾ ਚੰਗਾ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।