ਹਰਿਆਣਾ ‘ਚ ਜਾਟਾਂ ਦਾ ਕਾਲਾ ਦਿਵਸ ਅੱਜ

ਅਸ਼ਵਨੀ ਚਾਵਲਾ
ਚੰਡੀਗੜ੍ਹ, 
ਜਾਟ ਰਾਖਵਾਂਕਰਨ ਨੂੰ ਲੈ ਕੇ ਹਰਿਆਣਾ ਵਿੱਚ ਪਿਛਲੇ 30 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਈ ਜਾਟ ਸੰਗਠਨ ਐਤਵਾਰ ਨੂੰ ਕਾਲਾ ਦਿਵਸ ਮਨਾਉਣ ਜਾ ਰਹੇ ਹਨ ਇਨ੍ਹਾਂ ਜਾਟ ਸੰਗਠਨਾਂ ਨੇ ਐਤਵਾਰ ਨੂੰ ਹਰਿਆਣਾ ਵਿੱਚ ਪ੍ਰਦਰਸ਼ਨ ਕਰਨ ਦੇ ਨਾਲ ਹੀ ਦਿੱਲੀ ਨੂੰ ਕੀਤੀ ਜਾਂਦੀ ਦੁੱਧ ਦੀ ਸਪਲਾਈ ਬੰਦ ਕਰਨ ਅਤੇ ਐਨ.ਐਚ. 1 ਦਿੱਲੀ-ਅੰਬਾਲਾ ਹਾਈਵੇ ‘ਤੇ ਜਾਮ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਜਾਟਾਂ ਵੱਲੋਂ ਮਨਾਏ ਜਾ ਰਹੇ ਕਾਲਾ ਦਿਵਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਵੀ ਤਿਆਰੀ ਕਰਦਿਆਂ ਅੱਧੀ ਦਰਜਨ ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁਰੱਖਿਆ ਦੇ ਸਖ਼ਤ ਆਦੇਸ਼ ਜਾਰੀ ਕਰਕੇ ਹਾਈ ਅਲਰਟ ਐਲਾਨ ਦਿੱਤਾ ਹੈ। ਇਸ ਨਾਲ ਹੀ ਸੋਨੀਪਤ ਸਣੇ ਕੁਝ ਹੋਰ ਇਲਾਕਿਆਂ ‘ਚ ਸ਼ਨੀਵਾਰ ਸ਼ਾਮ 5 ਵਜੇ ਤੋਂ ਇੰਟਰਨੈਟ ਅਤੇ ਐਸ.ਐਮ.ਐਸ. ਸੇਵਾ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ, ਜਿਹੜੀ ਕਿ ਅਗਲੇ 24 ਘੰਟੇ ਤੱਕ ਜਾਰੀ ਰਹੇਗੀ।
ਅੱਜ ਜਾਟ ਸੰਗਠਨਾਂ ਵੱਲੋਂ ਐਲਾਨ ਕੀਤੇ ਕਾਲਾ ਦਿਵਸ ਨੂੰ ਦੇਖਦੇ ਹੋਏ ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਵੀਡਿਓ ਕਾਨਫਰੈਸਿੰਗ ਰਾਹੀਂ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ. ਨਾਲ ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਟ ਸੰਗਠਨਾਂ ਦੇ ਪ੍ਰਸਤਾਵਿਤ ਧਰਨੇ ਦੇ ਮੱਦੇ-ਨਜ਼ਰ ਪੂਰੇ ਸੂਬੇ ਵਿਚ ਕਾਨੂੰਨ ਤੇ ਵਿਵਸਥਾ ਨੂੰ ਬਣਾਏ ਰੱਖਿਆ ਜਾਵੇਗਾ
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟ ਨੂੰ ਪੂਰੀ ਪੁਲਿਸ ਫੋਰਸ ਦੀ ਵਿਵਸਥਾ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਸਾਰੀਆਂ ਥਾਂਵਾਂ ‘ਤੇ ਡਿਊਟੀ ਮੈਜਿਸਟ੍ਰੇਟ ਤੈਨਾਤ ਹੋਣਗੇ ਅਤੇ ਪੂਰੀ ਪ੍ਰੀਕ੍ਰਿਆ ਦੀ ਵੀਡਿਓਗ੍ਰਾਫੀ ਕੀਤੀ ਜਾਵੇਗੀ। ਰੋਜ਼ਾਨਾ ਆਮ ਜਨ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸਾਰੇ ਮਹੱਤਵਪੂਰਨ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਜਿਨ੍ਹਾਂ ਥਾਂਵਾਂ ਤੋਂ ਆਵਾਜਾਈ ਨੂੰ ਡਾਇਵਰਟ ਹੋਣਾ ਹੈ, ਉਸ ਦੀ ਪਲੈਨਿੰਗ ਕਰ ਲਈ ਗਈ ਹੈ