ਹਰਿਆਣਾ ਦੇ ਪੈਨਸ਼ਨਰਾਂ ਨੂੰ ਗੱਫੇ, ਘੱਟੋ-ਘੱਟ ਪੈਨਸ਼ਨ 3500 ਤੋਂ 9000 ਕੀਤੀ

ਅਸ਼ਵਨੀ ਚਾਵਲਾ ਚੰਡੀਗੜ੍ਹ  
ਹਰਿਆਣਾ ਦੇ  ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹੋਲੀ ਦੇ ਤਿਉਹਾਰ ਮੌਕੇ ਅਹਿਮ ਐਲਾਨ ਕਰਦੇ ਹੋਏ ਸੂਬੇ ਦੇ ਪੈਨਸ਼ਨਰਾਂ ਨੂੰ ਵੱਡਾ ਗੱਫਾ ਦਿੱਤਾ ਹੈ ਉਨ੍ਹਾਂ ਸੂਬੇ ਦੇ 2.50 ਲੱਖ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਤੋਹਫ਼ਾ ਦਿੰਦੇ ਹੋਏ ਐਲਾਨ ਕੀਤਾ ਕਿ 1 ਜਨਵਰੀ, 2016 ਤੋਂ ਪਹਿਲਾਂ ਤੇ 1 ਜਨਵਰੀ 2016 ਤੋਂ ਬਾਅਦ ਸਾਰੇ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੀ ਪੈਨਸ਼ਨ ਅਤੇ ਪਰਿਵਾਰਕ ਪੈਨਸ਼ਨ ‘ਚ ਸੋਧ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਸੋਧ ਨਾਲ 2.25 ਲੱਖ ਪੈਨਸ਼ਨਰਾਂ ਅਤੇ ਪਰਿਵਾਰਕ ਪੈੱਨਸ਼ਨਰਾਂ ਨੂੰ ਲਾਭ ਮਿਲੇਗਾ। ਉਨਾਂ ਕਿਹਾ ਕਿ ਹਰਿਆਣਾ ਰਾਜ ਉਨ੍ਹਾਂ ਚੋਣਵੇਂ ਸੂਬਿਆਂ ‘ਚ ਇੱਕ ਹੈ, ਜਿਨ੍ਹਾਂ ਨੇ ਆਪਣੇ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ 7ਵੇ ਵੇਤਨ ਕਮਿਸ਼ਨ ਦੇ ਅਧਾਰ ‘ਤੇ ਪੈਨਸ਼ਨ ਸੋਧ ਦਾ ਲਾਭ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਤੇ ਪਰਿਵਾਰਕ ਪੈਨਸ਼ਨਰਾਂ ਨੂੰ ਬਕਾਏ ਦਾ ਭੁਗਤਾਨ ਤਿੰਨ ਮਹੀਨਿਆਂ ਅੰਦਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਟੋ-ਘੱਟ ਪੈਨਸ਼ਨ 3500 ਰੁਪਏ ਤੋਂ ਵਧਾ ਕੇ 9000 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ, ਘਟੋ-ਘੱਟ ਪਰਿਵਾਰਕ ਪੈਨਸ਼ਨ ਨੂੰ ਵੀ 3500 ਰੁਪਏ ਤੋਂ ਵੱਧ ਕੇ 9000 ਰੁਪਏ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਤ ਤੇ ਸੇਵਾ ਮੁਕਤੀ ਰਾਸ਼ੀ ਦੀ ਵੱਧ ਤੋਂ ਵੱਧ ਹੱਦ 10 ਲੱਖ ਤੋਂ ਵੱਧ ਕੇ 20 ਲੱਖ ਰੁਪਏ ਕੀਤੀ ਗਈ ਹੈ। ਇਸ ਤੋਂ ਇਲਾਵਾ, ਜਦ ਵੀ ਮਹਿੰਗਾਈ ਭੱਤੇ ਦਾ ਵਾਧਾ ਮੂਲ ਤਨਖਾਹ ਤੋਂ 50 ਫੀਸਦੀ ਵੱਧ ਹੋ ਜਾਂਦਾ ਹੈ ਤਾਂ ਰਾਸ਼ੀ ਦੀ ਹੱਦ ਵਿਚ 25 ਫੀਸਦੀ ਦਾ ਵਾਧਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਜਨਵਰੀ, 2016 ਤੋਂ ਪਹਿਲਾਂ ਦੇ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੀ ਮੂਲ ਪੈਨਸ਼ਨ ਤੇ ਪਰਿਵਾਰਕ ਪੈਨਸ਼ਨ 2.57 ਤੋਂ ਗੁਣਾ ਕਰਕੇ ਨਿਰਧਾਰਿਤ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਪੈਨਸ਼ਨ ਸੋਧ ਕਮੇਟੀ  ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ 1 ਜਨਵਰੀ, 2016 ਤੋਂ ਅਸਲ ਪੈਨਸ਼ਨ ਤੇ ਪਰਿਵਾਰਕ ਪੈਨਸ਼ਨ ਵਿਚ 32 ਫੀਸਦੀ ਦਾ ਵਾਧਾ ਹੋਵੇਗਾ ਅਤੇ ਮੌਜੂਦਾ ਪੈਨਸ਼ਨ ਤੇ ਪਰਿਵਾਰਕ ਪੈਨਸ਼ਨ (ਮਹਿੰਗਾਈ ਰਾਹਤ ਸਮੇਤ) ਵਿਚ 14 ਫੀਸਦੀ ਦਾ ਵਾਧਾ ਹੋਵੇਗਾ। ਉਨਾਂ ਦੱਸਿਆ ਕਿ ਇਸ ਕਾਰਣ ਸਰਕਾਰੀ ਖਜਾਨੇ ‘ਤੇ 810.40 ਕਰੋੜ ਰੁਪਏ (14 ਮਹੀਨੇ ਦਾ) ਵਾਧੂ ਮਾਲੀ ਭਾਰ ਪਏਗਾ ਅਤੇ ਹਰੇਕ ਸਾਲ ਇਸ ‘ਤੇ 700 ਕਰੋੜ ਰੁਪਏ ਦਾ ਵਾਧੂ ਭਾਰ ਪਏਗਾ।
ਇਥੇ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਰੋਧੀ ਧਿਰ ਦੇ ਵਿਧਾਇਕ ਕਰਨ ਦਲਾਲ ਵੱਲੋਂ ਭਾਸ਼ਣ ਖ਼ਤਮ ਕਰਨ ਦੀ ਮੰਗ ‘ਤੇ ਕਿਹਾ ਕਿ ਭਾਸ਼ਣ ਲੰਬਾ ਨਹੀਂ ਜਾਣਾ ਸੀ ਪਰ ਤੁਸੀਂ ਸਦਨ ਦੀ ਕਾਰਵਾਈ ਦੇ ਸ਼ੁਰੂਆਤ ਵਿੱਚ ਵਣ ਪਸ਼ੂ ਦਿਵਸ ਮੌਕੇ ਸਬੰਧੀ ਗੱਲਾਂ ਕਰ ਰਹੇ ਸਨ ਅਤੇ ਹੁਣ ਗਧੇ ਦੀਆਂ ਗੱਲਾ ਕਰਨ ਲੱਗ ਪਏ ਸਨ ਤਾਂ ਹੀ ਉਹ ਆਪਣਾ ਭਾਸ਼ਣ  ਥੋੜਾ ਜਿਹਾ ਲੰਬਾ ਲੈ ਗਏ ਸਨ।