ਦੇਸ਼ ਭਰ ਨੂੰ ਮਿਲੇ 100 ਨਵੇਂ ਸੈਨਿਕ ਸਕੂਲ, ਪੰਜਾਬ ਦੇ ਖਾਤੇ ’ਚ ਆਇਆ ‘ਜ਼ੀਰੋ’

Military Schools Sachkahoon

ਰੱਖਿਆ ਮੰਤਰਾਲੇ ਨੇ ਮੰਗੀਆਂ ਸਨ ਅਰਜ਼ੀਆਂ, ਪੰਜਾਬ ਨੇ ਨਹੀਂ ਲਿਆ ਭਾਗ

 ਹਰਿਆਣਾ ‘ਚ ਪਹਿਲਾਂ ਹੀ 2 ਸੈਨਿਕ ਸਕੂਲ, 5 ਹੋਰ ਮਿਲੇ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਰੱਖਿਆ ਮੰਤਰਾਲੇ ਵਲੋਂ ਦੇਸ਼ ਭਰ ਵਿੱਚ ਅਗਲੇ ਵਿੱਦਿਅਕ ਸੈਸ਼ਨ 2022-23 ਤੋਂ ਨਵੇਂ 100 ਸੈਨਿਕ ਸਕੂਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ 5 ਹਜ਼ਾਰ ਤੋਂ ਜਿ਼ਆਦਾ ਵਿਦਿਆਰਥੀ ਦਾਖ਼ਲਾ ਲੈਂਦੇ ਹੋਏ ਚੰਗੀ ਪੜ੍ਹਾਈ ਦਾ ਫਾਇਦਾ ਲੈਣਾ ਸ਼ੁਰੂ ਕਰ ਦੇਣਗੇ ਪਰ ਇੱਥੇ ਬੂਰੀ ਖ਼ਬਰ ਇਹ ਹੈ ਕਿ ਇਨਾਂ 100 ਸਕੂਲਾਂ ਵਿੱਚੋਂ ਪੰਜਾਬ ਦੇ ਖਾਤੇ ‘ਜ਼ੀਰੋ’ ਆਇਆ ਹੈ। ਪੰਜਾਬ ਵਿੱਚ ਇੱਕ ਵੀ ਨਵਾਂ ਸੈਨਿਕ ਸਕੂਲ ਨਹੀਂ ਖੁੱਲਣ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਬੱਚਿਆੱ ਨੂੰ ਇਸ ਦਾ ਕੋਈ ਵੀ ਫਾਇਦਾ ਨਹੀਂ ਮਿਲਣ ਵਾਲਾ ਹੈ। ਇੱਥੇ ਹੀ ਹਰਿਆਣਾ ਸੂਬੇ ਨੂੰ 5 ਨਵੇਂ ਸੈਨਿਕ ਸਕੂਲ ਮਿਲੇ ਹਨ। ਹਰਿਆਣਾ ਵਿੱਚ ਪਹਿਲਾਂ ਹੀ 2 ਸੈਨਿਕ ਸਕੂਲ ਸਨ ਅਤੇ ਹੁਣ ਅਗਲੇ ਵਿਦਿਅਕ ਸੈਸ਼ਨ ਤੋਂ ਹਰਿਆਣਾ ਵਿੱਚ ਸਕੂਲਾਂ ਦੀ ਗਿਣਤੀ ਵੱਧ ਕੇ 7 ਹੋ ਜਾ ਰਹੀ ਹੈ। ਪੰਜਾਬ ਵਿੱਚ ਸਿਰਫ਼ ਇੱਕ ਹੀ ਸੈਨਿਕ ਸਕੂਲ ਕਪੂਰਥਲਾ ਵਿਖੇ ਹੈ ਅਤੇ ਪੰਜਾਬ ਵਿੱਚ ਇੱਕ ਹੀ ਸੈਨਿਕ ਸਕੂਲ ਚੱਲਦਾ ਰਹੇਗਾ।

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਲੋਂ ਵੱਖ-ਵੱਖ ਸੂਬਿਆਂ ਵਿੱਚ ਰੱਖਿਆ ਮੰਤਰਾਲੇ ਦੀ ਅਗਵਾਈ ਵਿੱਚ ਸੈਨਿਕ ਸਕੂਲ ਚਲਾ ਜਾ ਰਹੇ ਹਨ। ਇਨਾਂ ਸੈਨਿਕ ਸਕੂਲਾਂ ਵਿੱਚ ਵਿਦਿਆਰਥੀ ਪੜ੍ਹਾਈ ਕਰਦੇ ਹੋਏ ਨਾ ਸਿਰਫ਼ ਚੰਗੀ ਸਿੱਖਿਆ ਪ੍ਰਾਪਤ ਕਰਦੇ ਸਨ, ਸਗੋਂ ਇਨਾਂ ਵਿਦਿਆਰਥੀਆਂ ਦੀ ਐਨ.ਡੀ.ਏ. ਦੀ ਤਿਆਰੀ ਵੀ ਕਰਵਾ ਦਿੱਤਾ ਜਾਂਦੀ ਹੈ। ਜਿਸ ਕਾਰਨ 12ਵੀਂ ਦੀ ਪੀ੍ਰਖਿਆ ਤੋਂ ਬਾਅਦ ਇਨਾਂ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਐਨ.ਡੀ.ਏ. ਦਾ ਟੈਸਟ ਪਾਸ ਕਰਦੇ ਹੋਏ ਦੇਸ਼ ਦੀ ਫੌਜ ਵਿੱਚ ਵੱਡੇ ਅਹੁਦਿਆਂ ’ਤੇ ਤਾਇਨਾਤ ਹੁੰਦੇ ਹਨ।

ਰੱਖਿਆ ਮੰਤਰਾਲੇ ਅਧੀਨ ਚਲ ਰਹੇ ਸਕੂਲਾਂ ਦੀ ਗਿਣਤੀ ਘੱਟ ਹੋਣ ਕਰਕੇ ਪਿਛਲੇ ਸਾਲ ਹੀ ਰੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਪਾਟਨਰਸ਼ਿਪ ਰਾਹੀਂ 100 ਸਕੂਲਾਂ ਨੂੰ ਹੋਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਜਿਸ ਲਈ ਸੂਬਾ ਸਰਕਾਰ ਦੀ ਮੱਦਦ ਨਾਲ ਚੰਗੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵੱਲੋਂ ਰੱਖਿਆ ਵਿਭਾਗ ਕੋਲ ਅਪਲਾਈ ਕਰਨਾ ਸੀ। ਜਿਸ ਤੋਂ ਬਾਅਦ ਰੱਖਿਆ ਮੰਤਰਾਲੇ ਵੱਲੋਂ ਚੰਗੇ ਸਕੂਲਾਂ ਦੀ ਚੋਣ ਕਰਦੇ ਹੋਏ ਉਨਾਂ ਵਿੱਚ ਆਪਣੇ ਅਨੁਸਾਰ ਵਿਦਿਆਰਥੀਆਂ ਦੀ ਪੜ੍ਹਾਈ ਸ਼ੁਰੂ ਕਰਵਾਉਣੀ ਸੀ।

ਰੱਖਿਆ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚੋਂ ਆਈ ਅਰਜ਼ੀਆਂ ਅਨੁਸਾਰ ਬੀਤੇ ਹਫ਼ਤੇ ਹੀ ਸੂਬੇ ਅਨੁਸਾਰ ਸਕੂਲਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨਾਂ ਵਿੱਚ ਉੱਤਰੀ ਭਾਰਤ ਵਿੱਚੋਂ ਹਰਿਆਣਾ ਨੂੰ 5, ਹਿਮਾਚਲ ਪ੍ਰਦੇਸ਼ ਨੂੰ 2, ਰਾਜਸਥਾਨ ਨੂੰ 9 ਅਤੇ ਉੱਤਰ ਪ੍ਰਦੇਸ਼ ਨੂੰ 5 ਸਕੂਲ ਮਿਲੇ ਹਨ। ਇਸੇ ਤਰਾਂ ਸਾਰੀਆਂ ਨਾਲੋਂ ਜਿਆਦਾ ਸੈਨਿਕ ਸਕੂਲ ਕੇਰਲਾ ਨੂੰ 28 ਮਿਲੇ ਹਨ। ਪੰਜਾਬ ਸਰਕਾਰ ਵੱਲੋਂ ਇਸ ਨਵੇਂ 100 ਸਕੂਲਾਂ ਦੀ ਵੰਡ ਵਿੱਚ ਭਾਗ ਹੀ ਨਹੀਂ ਲਿਆ ਗਿਆ, ਜਿਸ ਕਾਰਨ ਪੰਜਾਬ ਨੂੰ ਇੱਕ ਵੀ ਸੈਨਿਕ ਸਕੂਲ ਨਹੀਂ ਮਿਲਿਆ ਹੈ।

2 ਨਵੇਂ ਸਕੂਲਾਂ ਦਾ ਐਲਾਨ ਕਰਦਾ ਆਇਆ ਐ ਪੰਜਾਬ

ਪੰਜਾਬ ਸਰਕਾਰ ਪਿਛਲੇ 3-4 ਸਾਲਾਂ ਤੋਂ ਪੰਜਾਬ ਵਿੱਚ 2 ਨਵੇਂ ਸੈਨਿਕ ਸਕੂਲਾਂ ਨੂੰ ਖੋਲਣ ਦਾ ਐਲਾਨ ਕਰਦਾ ਆਇਆ ਹੈ। ਗੁਰਦਾਸਪੁਰ ਵਿਖੇ ਤਾਂ ਰੱਖਿਆ ਮੰਤਰਾਲੇ ਵਲੋਂ ਸੈਨਿਕ ਸਕੂਲ ਨੂੰ ਖੋਲਣ ਸਬੰਧੀ ਮਨਜ਼ੂਰੀ ਤੱਕ ਮਿਲ ਗਈ ਹੈ ਪਰ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦੇ ਹੁਣ ਤੱਕ ਗੁਰਦਾਸਪੁਰ ਵਿਖੇ ਸੈਨਿਕ ਸਕੂਲ ਨੂੰ ਲੈ ਕੇ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਨਹੀਂ ਹੋ ਪਾਈ ਹੈ। ਇਥੇ ਹੀ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਵਿਖੇ ਵੀ ਇੱਕ ਸੈਨਿਕ ਸਕੂਲ ਖੋਲਣ ਸਬੰਧੀ ਐਲਾਨ ਕੀਤਾ ਹੋਇਆ ਹੈ ਪਰ ਇਸ ਸਬੰਧੀ ਵੀ ਸਿਰਫ਼ ਦਿੱਲੀ ਚਿੱਠੀ ਲਿਖਦੇ ਹੋਏ ਮੁਲਾਕਾਤ ਕਰਨ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਪੰਜਾਬ ਚਾਹੁੰਦਾ ਤਾਂ ਮਿਲ ਸਕਦੇ ਸਨ 5 ਤੋਂ ਜਿਆਦਾ ਸੈਨਿਕ ਸਕੂਲ

ਰੱਖਿਆ ਮੰਤਰਾਲੇ ਵੱਲੋਂ 100 ਨਵੇਂ ਸੈਨਿਕ ਸਕੂਲ ਵਿੱਚ ਪੰਜਾਬ ਨੂੰ ਵੀ 5 ਤੋਂ ਜਿਆਦਾ ਸੈਨਿਕ ਸਕੂਲ ਮਿਲ ਸਕਦੇ ਸਨ ਪਰ ਇਸ ਲਈ ਪੰਜਾਬ ਦੀ ਸੂਬਾ ਸਰਕਾਰ ਨੂੰ ਕਾਫ਼ੀ ਜਿਆਦਾ ਭੱਜ-ਦੌੜ ਕਰਨੀ ਪੈਣੀ ਸੀ ਪਰ ਪੰਜਾਬ ਸਰਕਾਰ ਵੱਲੋਂ ਇਸ ਵੱਲ ਕੋਈ ਜ਼ਿਆਦਾ ਧਿਆਨ ਹੀ ਨਹੀਂ ਦਿੱਤਾ ਗਿਆ। ਜਿਸ ਕਾਰਨ ਪੰਜਾਬ ਦੇ ਹੱਥੋਂ ਇਹ ਵੱਡਾ ਮੌਕਾ ਚਲਾ ਗਿਆ ਹੈ। ਪੰਜਾਬ ਵਿੱਚ ਕਈ ਵੱਡੇ ਸਕੂਲ ਹਨ, ਜਿਨਾਂ ਨੂੰ ਰੱਖਿਆ ਮੰਤਰਾਲੇ ਵੱਲੋਂ ਸੈਨਿਕ ਸਕੂਲ ਵਜੋਂ ਮਾਨਤਾ ਮਿਲ ਸਕਦੀ ਸੀ ਪਰ ਸੂਬਾ ਸਰਕਾਰ ਵੱਲੋਂ ਕੋਈ ਜਿਆਦਾ ਉਤਸ਼ਾਹ ਨਹੀਂ ਦਿਖਾਏ ਜਾਣ ਕਰਕੇ ਪੰਜਾਬ ਦੇ ਹੱਥ ਖ਼ਾਲੀ ਰਹਿ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ