18 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 2 ਕਾਬੂ

ਰਘਬੀਰ ਸਿੰਘ ਲੁਧਿਆਣਾ, 
ਸਥਾਨਕ ਥਾਣਾ ਕੋਤਵਾਲੀ ਦੀ ਪੁਲਿਸ ਨੇ ਖੂਫੀਆ ਸੂਚਨਾ ਦੇ ਅਧਾਰ ‘ਤੇ 2 ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਰੇਲਵੇ ਸਟੇਸ਼ਨ ਲਾਗੇ ਸਥਿੱਤ ਲੋਕਲ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਚਰਨਜੀਤ ਸਿੰਘ ਵਾਸੀ ਡਾਬਾ ਲੁਧਿਆਣਾ ਅਤੇ ਪਿੰਡ ਪੋਹੀੜ ਦੇ ਰਾਮਦਾਸ ਵਜੋਂ ਹੋਈ ਹੈ। ਉਹ ਆਮ ਲੋਕਾਂ ਨੂੰ 2000 ਅਤੇ 500 ਦੇ ਨਵੇਂ ਨੋਟਾਂ ਬਦਲੇ 100-100 ਦੇ ਜਾਅਲੀ ਨੋਟ ਦਿੰਦੇ ਸਨ।
ਥਾਣਾ ਕੋਤਵਾਲੀ ਦੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਉੱਕਤ ਵਿਅਕਤੀਆਂ ਬਾਰੇ ਖੂਫੀਆ ਸੂਚਨਾ ਮਿਲੀ ਸੀ। ਪੁਲਿਸ ਨੇ ਰੇਡ ਕਰਕੇ ਉੱਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਉੱਕਤ ਵਿਅਕਤੀ ਆਟੋ ਰਿਕਸ਼ਾ ਚਲਾਉਣ ਦੀ ਆੜ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਜਾਅਲੀ ਭਾਰਤੀ ਕਰੰਸੀ ਦਾ ਕੰਮ ਵੀ ਕਰਦੇ ਆ ਰਹੇ ਸਨ।  ਪੁਲਿਸ ਨੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਤੋਂ ਉੱਕਤ ਵਿਅਕਤੀਆਂ ਨੂੰ 18000 ਦੀ ਭਾਰਤੀ ਜਾਅਲੀ ਕਰੰਸੀ ਦੇ 100-100 ਦੇ ਨੋਟ ਬਰਾਮਦ ਕੀਤੇ ਹਨ। ਪੁਲਿਸ ਨੇ ਉਹਨਾਂ ਦੇ ਵਿਰੁੱਧ ਮੁੱਕਦਮਾ ਦਰਜ ਕਰਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ।