ਏਡਿਡ ਕਾਲਜਾਂ ਦੇ 1925 ਅਸਿਸਟੈਂਟ ਪ੍ਰੋਫੈਸਰਾਂ ਨੇ ਰੈਗੂਲਰ ਸਕੇਲ ਲਾਗੂ ਕਰਵਾਉਣ ਲਈ ਕੀਤਾ ਰੋਸ ਮੁਜ਼ਾਹਰਾ 

0
1925 Assistant, Professors, Aid Colleges, Protested, Implementation, Regular Scale

ਸੂਬਾ ਸਰਕਾਰ ‘ਤੇ ਤਿੰਨ ਸਾਲ ਪਰਖ ਕਾਲ ਦਾ ਸਮਾਂ ਪੂਰਾ ਹੋਣ ਦੇ ਬਾਵਜ਼ੂਦ ਰੈਗੂਲਰ ਸਕੇਲ ਲਾਗੂ ਨਾ ਕਰਨ ਦਾ ਲਾਇਆ ਦੋਸ਼

ਸੱਚ ਕਹੂੰ ਨਿਊਜ਼,  ਪਟਿਆਲਾ

ਸੂਬੇ ਦੇ 136 ਗੌਰਮਿੰਟ ਏਡਿਡ ਕਾਲਜਾਂ ਦੇ 1925 ਅਸਿਸਟੈਂਟ ਪ੍ਰੋਫੈਸਰਾਂ ਨੇ ਬੇਸਿਕ ਪੇਅ ‘ਤੇ ਤਿੰਨ ਸਾਲ ਪਰਖ ਕਾਲ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਸਰਕਾਰ ਦੁਆਰਾ ਰੈਗੂਲਰ ਸਕੇਲ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਇੱਥੇ ਬਾਰਾਂਦਰੀ ਗੇਟ ਵਿਖੇ ਰੋਸ ਧਰਨਾ ਲਾ ਕੇ ਸਰਕਾਰ ਦੀਆਂ ਮਾਰੂ ਉੱਚ ਸਿੱਖਿਆ ਨੀਤੀਆਂ ਖ਼ਿਲਾਫ਼ ਪਿੱਟ ਸਿਆਪਾ ਕੀਤਾ।

ਕਰੋ ਜਾਂ ਮਰੋ ਦੀ ਰਣਨੀਤੀ ਤਹਿਤ ਆਪਣੀਆਂ ਮੰਗਾਂ ਮੰਨਵਾਉਣ ਲਈ ਅੜੇ ਸਹਾਇਕ ਪ੍ਰੋਫੈਸਰਾਂ ਨੇ ਆਖਿਆ ਕਿ ਅਸੀਂ ਯੂਜੀਸੀ ਨੈੱਟ ਦੀ ਕੌਮੀ ਪ੍ਰੀਖਿਆ ਪਾਸ ਕਰਨ ਤੋਂ ਦੋ ਸਾਲ ਐੱਮ ਫਿਲ ਤੇ ਲਗਭਗ ਪੰਜ ਸਾਲ ਪੀਐੱਚਡੀ ਦੀ ਖੋਜ ਡਿਗਰੀ ਪ੍ਰਾਪਤ ਕਰਨ ਲਈ ਦਹਾਕਿਆਂ ਤੱਕ ਸਖਤ ਮਿਹਨਤ ਕਰਨ ਦੇ ਬਾਵਜੂਦ ਅੱਜ ਸਾਨੂੰ 21600 ਦੀ ਨਿਗੂਣੀ ਤਨਖਾਹ ‘ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੋਣ ਪੈ ਰਿਹਾ।

ਜਥੇਬੰਦੀ ਦੇ ਬੁਲਾਰੇ ਨੇ ਆਖਿਆ ਕਿ ਇਸ ਤੋਂ ਪਹਿਲਾਂ ਅਸੀਂ ਆਪਣੇ ਹੱਕਾਂ ਦੀ ਮੰਗ ਲਈ ਸਾਰੇ ਲੋਕਤੰਤਰੀ ਢੰਗ ਤਰੀਕੇ ਜਿਵੇਂ 117 ਐੱਮ ਐੱਲ ਏਜ਼ ਨੂੰ ਮੰਗ ਪੱਤਰ ਦਿੱਤੇ, ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਸਕੱਤਰ ਉਚੇਰੀ ਸਿੱਖਿਆ, ਡੀਪੀਆਈ ਕਾਲਜਾਂ ਨੂੰ ਮੰਗ ਪੱਤਰ ਸੌਂਪ ਚੁੱਕੇ ਹਾਂ, ਪਰ ਉਚੇਰੀ ਸਿੱਖਿਆ ਵਿਭਾਗ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਨਾ ਹੀ ਸਾਡੀਆਂ ਪੋਸਟਾਂ ਸਬੰਧੀ ਕੋਈ ਨੀਤੀਗਤ ਫੈਸਲਾ ਲਿਆ।

ਤਿੰਨ ਸਾਲ ਬੇਸਿਕ ਪੇਅ ‘ਤੇ ਪੂਰੇ ਕਰਨ ਉਪਰੰਤ ਵੀ ਸਰਕਾਰ ਨੇ ਇਨ੍ਹਾਂ ਦੀਆਂ ਸੇਵਾਵਾਂ ਨੂੰ ਪੂਰੀ ਤਨਖਾਹ ‘ਤੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਦਕਿ ਸਰਕਾਰ ਨੇ ਹਾਈਕੋਰਟ ‘ਚ ਸੀਓਸੀਪੀ 2698 ਆਫ 2017 ਵਿੱਚ ਦਿੱਤੇ ਹਲਫਨਾਮੇ ‘ਚ ਇਹ ਮੰਨਿਆ ਹੈ ਕਿ ਸਿੱਖਿਆ ਮਹਿਕਮੇ ਦੀਆਂ ਬਾਕੀ ਪੋਸਟਾਂ ਵਾਂਗ (ਜਿਵੇਂ 7654, 3442 ਅਧਿਆਪਕ, ਕੰਪਿਊਟਰ ਅਧਿਆਪਕ) ਮੁੱਢਲੇ ਤਿੰਨ ਸਾਲ ਬਾਅਦ ਉਕਤ ਅਸਿਸਟੈਂਟ ਪ੍ਰੋਫੈਸਰਾਂ ਨੂੰ ਰੈਗੂਲਰ ਸਕੇਲ ‘ਤੇ ਪੱਕਾ ਕੀਤਾ ਜਾਵੇਗਾ, ਪਰ ਸਰਕਾਰ ਨੇ ਆਪਣੇ ਉਕਤ ਹਲਫਨਾਮੇ ਤੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਹੈ।

ਉਨ੍ਹਾਂ ਆਖਿਆ ਕਿ ਅਸੀਂ ਸਿਰਫ਼ 1925 ਅਧਿਆਪਕ ਹੀ ਧਰਨੇ ‘ਤੇ ਨਹੀਂ ਬੈਠੇ, ਸਗੋਂ ਸਾਡੇ ਨਾਲ ਸਾਡੇ ਪਰਿਵਾਰ ਤੇ 136 ਕਾਲਜਾਂ ਦੇ 2 ਲੱਖ ਤੋਂ ਵੱਧ ਬਾਲਗ ਵਿਦਿਆਰਥੀ ਵੀ ਇਸ ਰੋਸ ‘ਚ ਸ਼ਾਮਲ ਹਨ। ਕਾਲਜ ਅਧਿਆਪਕਾਂ ਦੇ ਭੁੱਖ ਹੜਤਾਲ ਦੇ ਐਲਾਨ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨ ਨੇ ਹਰਕਤ ‘ਚ ਆਉਂਦਿਆਂ ਤੁਰੰਤ ਉਚੇਰੀ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ ਨਾਲ 30 ਅਕਤੂਬਰ ਦੀ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਐੱਸਡੀਐੱਮ ਪਟਿਆਲਾ ਨੇ ਉਕਤ ਕਾਲਜ ਅਧਿਆਪਕਾਂ ਦੇ ਧਰਨੇ ‘ਚ ਪਹੁੰਚ ਕੇ ਆਖਿਆ ਕਿ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਚੰਡੀਗੜ੍ਹ ਸਕੱਤਰੇਤ ਵਿਖੇ ਉਚੇਰੀ ਸਿੱਖਿਆ ਮੰਤਰੀ ਦੇ ਦਫਤਰ ‘ਚ ਮੀਟਿੰਗ ਕਰਵਾ ਕੇ ਤੁਹਾਡੀਆਂ ਮੰਗਾਂ ਸਬੰਧੀ ਹੱਲ ਕੱਢਿਆ ਜਾਵੇਗਾ।

ਉਕਤ ਅਸਿਸਟੈਂਟ ਪ੍ਰੋਫੈਸਰਾਂ ਨੇ ਸਰਕਾਰ ਦੇ ਇਸ ਸੱਦੇ ‘ਤੇ ਸਹਿਮਤੀ ਜਤਾਉਂਦਿਆਂ ਐੱਸਡੀਐੱਮ ਪਟਿਆਲਾ, ਐੱਸਪੀ ਪਟਿਆਲਾ ਦੀ ਹਾਜ਼ਰੀ ‘ਚ ਐਲਾਨ ਕੀਤਾ ਕਿ ਜੇਕਰ 30 ਦੀ ਮੀਟਿੰਗ ‘ਚ ਮੰਤਰੀਆਂ ਨੇ ਸਾਡੀਆਂ ਪੋਸਟਾਂ ਨੂੰ ਰੈਗੂਲਰ ਸਕੇਲ ‘ਤੇ ਕਰਨ ਸਬੰਧੀ ਕੋਈ ਪੁਖਤਾ ਫੈਸਲਾ ਨਾ ਕੀਤਾ ਤੇ ਕੋਈ ਟਾਲ ਮਟੋਲ ਵਾਲੀ ਰਣਨੀਤੀ ਅਖਤਿਆਰ ਕੀਤੀ ਤਾਂ ਇਹ ਭੁੱਖ ਹੜਤਾਲ 4 ਨਵੰਬਰ ਨੂੰ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣਾ ਸਮਰਥਨ ਦਿੱਤਾ ਤੇ ਅੱਗੇ ਵੀ ਹਰ ਤਰ੍ਹਾਂ ਦੇ ਸੰਘਰਸ਼ ‘ਚ ਨਾਲ ਖੜ੍ਹਨ ਦਾ ਭਰੋਸਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।