ਪੁਲਿਸ ਦੇ ਹੱਥ ਖਾਲੀ, ਸੂਹ ਲਈ ਰੱਖਿਆ 50 ਲੱਖ ਦਾ ਇਨਾਮ

ਰਘਬੀਰ ਸਿੰਘ/ਅਸ਼ਵਨੀ ਚਾਵਲਾ
ਲੁਧਿਆਣਾ/ਚੰਡੀਗੜ੍ਹ
ਜਗੇੜਾ ਦੇ ਨਾਮ ਚਰਚਾ ਘਰ ਵਿੱਚ ਡੇਰਾ ਸ਼ਰਧਾਲੂ ਸੱਤਪਾਲ ਇੰਸਾਂ ਅਤੇ ਉਨਾਂ ਦੇ ਪੁੱਤਰ ਰਮੇਸ਼ ਕੁਮਾਰ ਇੰਸਾਂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਸੂਚਨਾ ਦੇਣ ਵਾਲੇ ਨੂੰ 50 ਲੱਖ ਦਾ ਨਗਦ ਇਨਾਮ ਤੇ ਸਬ-ਇੰਸਪੈਕਟਰ ਦੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਪੁਲਿਸ ਵੱਲੋਂ ਕਤਲ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਰੱਖਿਆ ਗਿਆ ਹੈ, ਇਸ ਤੋਂ ਪਹਿਲਾਂ ਨਗਦ ਇਨਾਮ ਤਾਂ ਬਹੁਤ ਮਾਮਲਿਆਂ ਵਿੱਚ ਦਿੱਤਾ ਗਿਆ ਪਰ ਸਬ ਇੰਸਪੈਕਟਰ ਦੀ ਨੌਕਰੀ ਦਾ ਐਲਾਨ ਪਹਿਲੀ ਵਾਰ ਕੀਤਾ ਗਿਆ ਹੈ।  ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਡੀਆਈਜ਼ੀ ਐਸ.ਕੇ. ਕਾਲੀਆ ਨੇ ਸੂਚਨਾ ਦੇਣ ਵਾਲੇ ਨੂੰ 50 ਲੱਖ ਰੁਪਏ ਦਾ ਨਗਦ ਇਨਾਮ ਅਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਉਨਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਅਸਲ ਮਾਅਨਿਆਂ ਵਿੱਚ ਪੁਲਿਸ ਉਦੋਂ ਤੱਕ ਕਿਸੇ ਵੀ ਮਾਮਲੇ ਵਿੱਚ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਲੋਕ ਪੁਲਿਸ ਦਾ ਸਹਿਯੋਗ ਨਾ ਕਰਨ। ਉਨਾਂ ਸੂਚਨਾ ਦੇਣ ਵਾਲੇ ਦਾ ਨਾਂਅ ਪਤਾ ਗੁਪਤ ਰੱਖਣ ਬਾਰੇ ਬੋਲਦਿਆਂ ਲੋਕਾਂ ਨੂੰ ਉਨਾਂ ਨਾਲ ਮੋਬਾਈਲ ਫੋਨ ਨੰਬਰ 98145-04401 ਤੇ ਸੂਚਨਾ ਦੇਣ ਵਾਸਤੇ ਕਿਹਾ। ਪੁਲਿਸ ਇਸ ਮਾਮਲੇ ਵਿੱਚ ਕਿੱਥੇ ਤੱਕ ਪਹੁੰਚੀ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ 16 ਟੀਮਾਂ ਬਣਾਈਆਂ ਹਨ। ਘਟਨਾ ਵਾਲੇ ਦਿਨ ਨਾਮਚਰਚਾ ਘਰ ਤੋਂ ਵੱਖ ਵੱਖ ਥਾਵਾਂ ਨੂੰ ਜਾਣ ਵਾਲੇ ਰਸਤਿਆਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ਼ ਇਕੱਠੀਆਂ ਕੀਤੀਆਂ ਹਨ। ਉਨਾਂ ਰਸਤਿਆਂ ਤੋਂ ਉਸ ਸਮੇਂ ਦੇ ਮੁਤਾਬਕ ਗੁਜ਼ਰਨ ਵਾਲੇ ਮੋਟਰਸਾਈਕਲਾਂ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 25 ਫਰਵਰੀ ਨੂੰ ਸ਼ਾਮੀ 7.15 ਦੇ ਕਰੀਬ ਨਾਮਚਰਚਾ ਘਰ ਜੰਗੇੜਾ ਦੀ ਕੰਟੀਨ ਤੇ ਸੇਵਾ ਕਰ ਰਹੇ ਸੱਤਪਾਲ ਇੰਸਾਂ 65 ਸਾਲ ਅਤੇ ਉਨਾਂ ਦੇ ਪੁੱਤਰ ਰਮੇਸ਼ ਕੁਮਾਰ ਇੰਸਾਂ 38 ਸਾਲ ਨੂੰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਜਿਸ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਇਸ ਘਟਨਾ ਪਿੱਛੋਂ ਡੇਰਾ ਸ਼ਰਧਾਲੂਆਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਲਾਸ਼ਾਂ ਨਾਮਚਰਚਾ ਘਰ ਵਿੱਚ ਰੱਖ ਕੇ 3 ਦਿਨ ਲੁਧਿਆਣਾ-ਮਲੇਰਕੋਟਲਾ ਮੁੱਖ ਮਾਰਗ ਜਾਮ ਕਰੀ ਰੱਖਿਆ ਸੀ। ਇਸ ਤੋਂ ਬਾਦ ਪੁਲਿਸ ਪ੍ਰਸਾਸ਼ਨ ਨੇ ਪੀੜਤ ਪਰਿਵਾਰ ਨੂੰ ਮੁਆਵਜੇ ਸਮੇਤ ਸਰਕਾਰੀ ਨੌਕਰੀਆਂ ਦੇਣ ਸਮੇਤ ਦੋਸ਼ੀਆਂ ਨੂੰ 5 ਦਿਨਾਂ ਅੰਦਰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ। ਜਿਸ ਤੋਂ ਬਾਦ ਡੇਰਾ ਸ਼ਰਧਾਲੂਆਂ ਨੇ ਜਾਮ ਚੁੱਕ ਕੇ ਦੋਵਾਂ ਦਾ ਸਸਕਾਰ ਕੀਤਾ ਸੀ।
8 ਮਾਰਚ ਨੂੰ ਹੋਵੇਗਾ ਸ਼ਰਧਾਂਜਲੀ ਸਮਾਗਮ-ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਦੇ ਮੈਂਬਰ ਸਿਕੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਇਸ ਘਟਨਾ ਦੇ ਸ਼ਿਕਾਰ ਹੋਏ ਸੱਤਪਾਲ ਇੰਸਾਂ ਅਤੇ ਰਮੇਸ਼ ਕੁਮਾਰ ਇੰਸਾਂ ਦਾ ਸ਼ਰਧਾਂਜ਼ਲੀ ਸਮਾਗਮ 8 ਮਾਰਚ ਨੂੰ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਅਹਿੰਦਗੜ ਵਿਖੇ ਹੋਵੇਗਾ।

ਡੀਜ਼ੀਪੀ ਖ਼ੁਦ ਲੈ ਰਹੇ ਹਨ ਰੋਜ਼ਾਨਾ ਰਿਪੋਰਟ
ਪੰਜਾਬ ਦੇ ਡੀ.ਜ਼ੀ.ਪੀ. ਸੁਰੇਸ਼ ਅਰੋੜਾ ਖ਼ੁਦ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਜ਼ਿਆਦਾ ਗੰਭੀਰ ਹਨ, ਜਿਸ ਕਾਰਨ ਪਿਛਲੇ 3 ਦਿਨਾਂ ਤੋਂ ਖ਼ੁਦ ਡੀ.ਜ਼ੀ.ਪੀ. ਰੋਜ਼ਾਨਾ ਸ਼ਾਮ ਨੂੰ ਸਪੈਸ਼ਲ ਜਾਂਚ ਟੀਮ ਤੋਂ ਰਿਪੋਰਟ ਲੈਣ ਦੇ ਨਾਲ ਹੀ ਹਰ ਪਹਿਲੂ ‘ਤੇ ਚਰਚਾ ਕਰ ਰਹੇ ਹਨ ਤਾਂ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕੋਈ ਵੀ ਘਾਟ ਨਾ ਛੱਡੀ ਜਾਵੇ। ਡੀ.ਜ਼ੀ.ਪੀ. ਸੁਰੇਸ਼ ਅਰੋੜਾ ਆਪਣੇ ਪੱਧਰ ‘ਤੇ ਜਾਂਚ ਰਿਪੋਰਟ ਲੈਣ ਦੇ ਨਾਲ ਹੀ ਜਾਂਚ ਟੀਮਾਂ ਨੂੰ ਹਰ ਪਹਿਲੂ ‘ਤੇ ਆਦੇਸ਼ ਜਾਰੀ ਕਰ ਰਹੇ ਹਨ ਤਾਂ ਕਿ ਕਿਸੇ ਵੀ ਇੱਕ ਪੁਆਇੰਟ ਰਾਹੀਂ ਪੰਜਾਬ ਪੁਲਿਸ ਇਨ੍ਹਾਂ ਦੋਸ਼ੀਆਂ ਤੱਕ ਪਹੁੰਚ ਕਰ ਸਕਦੀ ਹੈ।

ਰੇਟੀਨਾ ਟੈਸਟ ਕਰਵਾਉਣ ‘ਤੇ ਵਿਚਾਰ ਕਰ ਰਹੀਂ ਐ ਪੁਲਿਸ
ਪੰਜਾਬ ਪੁਲਿਸ ਕਾਤਲਾਂ ਦੀ ਪਹਿਚਾਣ ਕਰਨ ਲਈ ਹੁਣ ਰੇਟੀਨਾ ਟੈਸਟ ਕਰਵਾਉਣ ਲਈ ਵਿਚਾਰ ਕਰ ਰਹੀਂ ਹੈ ਤਾਂ ਕਿ ਹੁਣ ਤੱਕ ਦੇ ਸਾਰੇ ਪੁਰਾਣੇ ਦੋਸ਼ੀਆਂ ਨਾਲ ਸ਼ਾਇਦ ਸੀਸੀਟੀਵੀ ਵਿੱਚ ਆਏ ਦੋਸ਼ੀ ਦਾ ਰੇਟੀਨਾ ਮੈਚ ਕਰ ਜਾਵੇ ਅਤੇ ਉਹ ਦੋਸ਼ੀਆਂ ਤੱਕ ਪਹੁੰਚ ਜਾਣ। ਇਸ ਸਬੰਧੀ ਪੰਜਾਬ ਪੁਲਿਸ ਨੇ ਸ਼ੁਰੂਆਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,   ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਦੀਆਂ 16 ਟੀਮਾਂ ਇਸ ਸਮੇਂ ਕੰਮ ਕਰ ਰਹੀਆਂ ਹਨ