ਪ੍ਰਕਾਸ਼ ਉਤਸਵ ’ਤੇ ਵਿਸ਼ੇਸ਼ ਮਾਫ਼ੀ ਤਹਿਤ 2 ਕੈਦੀਆਂ ਨੂੰ ਕੀਤਾ ਰਿਹਾਅ

0
2 inmates, Released,  Special pardon , Prakash Utsav

ਸਮੂਹ ਬੰਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਇੱਕ ਚੰਗੇ ਇਨਸਾਨ ਬਣਨ : ਜੇਲ੍ਹ ਸੁਪਰਡੈਂਟ

ਸਤਪਾਲ ਥਿੰਦ/ਫਿਰੋਜ਼ਪੁਰ ।  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ’ਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਬੰਦ ਦੋ ਕੈਦੀਆਂ ਨੂੰ ਵਿਸ਼ੇਸ਼ ਮਾਫ਼ੀ ਤਹਿਤ ਰਿਹਾਅ ਕੀਤਾ ਗਿਆ। ਇਸ ਤੋਂ ਇਲਾਵਾ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਜ਼ੇਲ੍ਹ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਵੱਲੋਂ ਜੇਲ੍ਹ ਅੰਦਰ 550 ਬੰਦੀਆਂ ਨੂੰ ਨਸ਼ੇ ਅਤੇ ਵਰਜਿਤ ਵਸਤੂਆਂ ਦਾ ਤਿਆਗ ਕਰਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਡਿਪਟੀ ਸੁਪਰਡੈਂਟ ਨਵਇੰਦਰ ਸਿੰਘ, ਡਿਪਟੀ ਸੁਪਰਡੈਂਟ ਸਕਿਊਰਿਟੀ ਪਰਮਜੀਤ ਸਿੰਘ ਗਿੱਲ ਤੇ ਡਿਪਟੀ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਸਮੇਤ ਸਮੂਹ ਪੁਲਿਸ ਸਟਾਫ਼ ਵੀ ਉਚੇਚੇ ਤੌਰ ’ਤੇ ਹਾਜ਼ਰ ਸੀ।

ਜੇਲ੍ਹ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਨੇ ਸਮੂਹ ਬੰਦੀਆਂ ਨੂੰ ਕਿਹਾ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਤੇ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ’ਤੇ ਜੇਲ੍ਹ ਤੋਂ ਬਾਹਰ ਨਿੱਕਲ ਕੇ ਇੱਕ ਚੰਗੇ ਇਨਸਾਨ ਬਣਨ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਮੌਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੇ 2 ਕੈਦੀਆਂ ਵਿਕਰਮ ਪੁੱਤਰ ਧਰਮਪਾਲ ਅਤੇ ਨਿਸ਼ਾਨ ਸਿੰਘ ਪੁੱਤਰ ਨਛੱਤਰ ਸਿੰਘ ਨੂੰ ਵਿਸ਼ੇਸ਼ ਮਾਫ਼ੀ ਤਹਿਤ ਰਿਹਾਅ ਕੀਤਾ। ਉਨ੍ਹਾਂ ਦੱਸਿਆ ਕਿ ਲਗਭਗ 125 ਹੋਰ ਬੰਦੀਆਂ ਨੂੰ ਵਿਸ਼ੇਸ਼ ਮਾਫ਼ੀ ਦਾ ਲਾਭ ਮਿਲਣ ਤੇ ਉਹ ਵੀ ਤਹਿ ਸਮੇਂ ਤੋਂ ਪਹਿਲਾਂ ਰਿਹਾਅ ਹੋ ਜਾਣਗੇ।

ਡਿਪਟੀ ਸੁਪਰਡੈਂਟ ਨਵਇੰਦਰ ਸਿੰਘ ਨੇ ਜੇਲ੍ਹ ਦੇ ਤਾਇਨਾਤ ਸਾਰੇ ਕਰਮਚਾਰੀਆਂ/ ਅਧਿਕਾਰੀਆਂ ਨੂੰ ਸਹੁੰ ਚੁਕਾਈ ਕਿ ਉਹ ਆਪਣੀ ਡਿਊਟੀ ਇਮਾਨਦਾਰੀ, ਨਿਸ਼ਠਾ ਅਤੇ ਜੇਲ੍ਹ ਨਿਯਮਾਂ ਅਨੁਸਾਰ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।