ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ 22 ਕੋਰੋਨਾ ਪਾਜ਼ਿਟਿਵ ਮਾਮਲੇ, ਸੀਨੀਅਰ ਡਿਪਟੀ ਮੇਅਰ ਵੀ ਨਿੱਕਲੇ ਪਾਜ਼ਿਟਿਵ

0

ਤਿੰਨ ਮਰੀਜ਼ਾਂ ਨੂੰ ਮਿਲੀ ਛੁੱਟੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ 22 ਹੋਰ ਕੋਰੋਨਾ ਪਾਜ਼ਿਟਿਵ ਮਾਮਲੇ ਆਏ ਹਨ। ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।  ਕੋਵਿਡ ਸੈਂਪਲਾਂ ਦੀਆਂ ਪ੍ਰਾਪਤ ਹੋਈਆਂ 761 ਰਿਪੋਰਟਾਂ ਵਿਚੋਂ 739 ਕੋਵਿਡ ਨੈਗੇਟਿਵ ਅਤੇ 22 ਪਾਜ਼ਿਟਿਵ ਪਾਈਆਂ ਗਈਆਂ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਪਾਜਿਟਿਵ ਕੇਸਾਂ ਦੀ ਗਿਣਤੀ 575 ਹੋ ਗਈ ਹੈ ਅਤੇ ਠੀਕ ਹੋਏ ਮਰੀਜਾਂ ਦੀ ਗਿਣਤੀ 239 ਹੈ

ਸਿਵਲ ਸਰਜ਼ਨ ਡਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ 22 ਕੇਸਾਂ ਵਿੱਚੋਂ, 10 ਪਟਿਆਲਾ ਸ਼ਹਿਰ,  9 ਸਮਾਣਾ, ਇੱਕ ਨਾਭਾ, ਇੱਕ ਰਾਜਪੁਰਾ ਅਤੇ ਇੱਕ ਘਨੌਰ ਪਿੰਡ ਨਾਲ ਸਬੰਧਤ ਹੈ ਉਹਨਾ ਦੱਸਿਆ ਕਿ 16 ਪਾਜ਼ਿਟਿਵ ਕੇਸ ਦੇ ਸੰਪਰਕ ਵਿੱਚ ਆਉਣ ਅਤੇ 6 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ ਹਨ ਪਟਿਆਲਾ ਦੇ ਅਰਬਨ ਅਸਟੇਟ ਤੋਂ ਇੱਕ, ਭਾਦਸੋਂ ਰੋਡ ਤੋਂ ਇੱਕ, ਅਨੰਦ ਨਗਰ ਏ ਤੋਂ ਪੰਜ ,ਖਾਲਸਾ ਮੁਹੱਲਾ ਤੋਂ ਇੱਕ , ਮੇਨ ਬਜਾਰ ਤ੍ਰਿਪੜੀ ਤੋਂ ਇੱਕ, ਲਹਿਲ ਕਲੋਨੀ ਤੋਂ ਇੱਕ, ਰਾਜਪੁਰਾ  ਤੋਂ ਇੱਕ, ਨਾਭਾ ਦੇ ਅਜੀਤ ਨਗਰ ਤੋਂ ਇੱਕ, ਸਮਾਣਾ ਦੇ ਜੱਟਾਂ ਪਤੀ ਤੋਂ ਸੱਤ, ਤੇਜ ਕਲੋਨੀ ਤੋਂ ਦੋ ਅਤੇ ਪਿੰਡ ਘਨੌਰ ਤੋਂ ਇੱਕ ਕੋਵਿਡ ਪਾਜਿਟਿਵ ਕੇਸ ਰਿਪੋਰਟ ਹੋਏ ਹਨ ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਦੀ ਵੀ ਕੋਵਿਡ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ

ਡਾ. ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਤੋਪ ਖਾਨਾ ਮੋੜ ਅਤੇ ਨਾਲ ਲੱਗਦੇ ਏਰੀਏ ਦੇ ਲੋਕਾਂ ਵਿੱਚ ਮਹਾਰਾਸ਼ਟਰ ਤੋਂ ਵਾਇਰਲ ਹੋਈ ਇੱਕ ਆਡਿਓ ਸੁਣਾ ਕੇ , ਜਿਸ ਵਿੱਚ ਕੋਵਿਡ ਪਾਜ਼ਿਟਿਵ ਕੇਸ ਆਉਣ ‘ਤੇ ਸਿਹਤ ਵਿਭਾਗ ਅਤੇ ਪ੍ਰਸਾਸ਼ਨ ਨੂੰ ਡੇਢ ਲੱਖ ਰੁਪਏ ਪ੍ਰਤੀ ਪਾਜ਼ਿਟਿਵ ਕੇਸ ਮਿਲਦੇ ਹਨ, ਸਬੰਧੀ ਭਰਮ ਪੈਦਾ ਕੀਤਾ ਜਾ ਰਿਹਾ ਹੈ ਜਿਸ ਨਾਲ ਪਾਜ਼ਿਟਿਵ ਕੇਸਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਸੈਂਪਲ ਲੈਣ ਵਿੱਚ ਦਿੱਕਤ ਆ ਰਹੀ ਹੈ ਅਤੇ ਲੋਕਾਂ ਵੱਲੋਂ ਸੈਂਪਲ ਦੇਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ

ਜਦਕਿ ਇਸ ਆਡੀਓ ਵਿੱਚ ਕੋਈ ਸੱਚਾਈ ਨਹੀ ਹੈ ਅਤੇ ਇਹ ਆਡਿਓ ਬਿੱਲਕੁਲ ਝੂੱਠੀ ਹੈ ਉਨ੍ਹਾਂ ਅਜਿਹੇ ਅਨਸਰਾਂ ਨੂੰ ਤਾੜਨਾ ਕਰਦੇ ਕਿਹਾ ਕਿ ਉਹ ਅਜਿਹੀਆਂ ਝੂਠੀਆਂ ਅਫਵਾਹਾਂ ਅਤੇ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਵਾਲੀਆਂ ਆਡਿਓ/ ਵੀਡਿਓ ਵਾਇਰਲ ਕਰਨ ਤੋਂ ਬਾਜ ਆਉਣ, ਨਹੀ ਤਾਂ ਉਹਨਾਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਕੋਵਿਡ ਕੇਅਰ ਸੈਂਟਰ ਤੋਂ ਇੱਕ ਅਤੇ ਰਾਜਿੰਦਰਾ ਹਸਪਤਾਲ ਤੋਂ ਦੋ ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ

ਜ਼ਿਲ੍ਹੇ ਅੰਦਰ ਕੋਵਿਡ ਜਾਂਚ ਸਬੰਧੀ 29499 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 575 ਕੋਵਿਡ ਪਾਜ਼ਿਟਿਵ , 27715  ਨੈਗੇਟਿਵ ਅਤੇ 1144 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ 12 ਪਾਜ਼ਿਟਿਵ ਕੇਸ ਦੀ ਮੌਤ ਹੋ ਚੁੱਕੀ ਹੈ 239 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 324 ਹੈ ਪਾਜ਼ਿਟਿਵ ਕੇਸਾਂ ਵਿੱਚੋਂ 69 ਰਾਜਿੰਦਰਾ ਹਸਪਤਾਲ , 113 ਕੋਵਿਡ ਕੇਅਰ ਸੈਂਟਰ, 133 ਮਰੀਜ ਹੋਮ ਆਈਸੋਲੇਸ਼ਨ ਅਤੇ ਬਾਕੀ 09 ਮਰੀਜ ਚੰਡੀਗੜ੍ਹ, ਮੋਹਾਲੀ, ਲੁਧਿਆਣਾ ਆਦਿ ਦੇ ਹਸਪਤਾਲਾਂ ਵਿਚ ਦਾਖਲ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ