ਪੰਜਾਬ

ਲੋੜ ਤੋਂ ਜ਼ਿਆਦਾ ਕਰਜ਼ਾ ਨਾ ਲੈਣ ਕਿਸਾਨ: ਬਾਦਲ

ਲੰਬੀ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ‘ਚ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਸਲਾਹ

ਲੰਬੀ, (ਮੇਵਾ ਸਿੰਘ) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਹਲਕਾ ਲੰਬੀ ‘ਚ ਅੱਜ ਦੂਜੇ ਦਿਨ ਵੀ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਆਖਿਆ ਕਿ ਲੋੜ ਤੋਂ ਜ਼ਿਆਦਾ ਕਰਜ਼ਾ ਨਾ ਲਵੋ, ਲੋੜ ਤੋਂ ਜ਼ਿਆਦਾ ਕਰਜ਼ਾ ਤਬਾਹੀ ਮਚਾ ਦੇਵੇਗਾ। ਸੂਬਾ ਸਰਕਾਰ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਦੇਣ ਲਈ ਪੂਰਨ ਤੌਰ ‘ਤੇ ਵਚਨਬੱਧ ਹੈ ਤਾਂ ਕਿ ਕਿਸਾਨਾਂ ਨੂੰ ਮੌਜੂਦਾ ਖੇਤੀ ਸੰਕਟ ‘ਚੋਂ ਬਾਹਰ ਕੱਢਿਆ ਜਾ ਸਕੇ। ਇਸ ਮੌਕੇ ਸ੍ਰ. ਬਾਦਲ ਨੇ ਕਿਹਾ ਕਿ ਭਵਿੱਖ ‘ਚ ਮਾਲਵਾ ਖੇਤਰ ‘ਚ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਇਸ ਦੇ ਨਦੀਨ ਨਾਸ਼ਕ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮਾਮਲੇ ਸਬੰਧੀ ਬਹੁਤ ਗੰਭੀਰ ਹੈ ਅਤੇ ਚਿੱਟੀ ਮੱਖੀ ਦੇ ਮੁੜ ਹਮਲੇ ਨੂੰ ਰੋਕਣ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਅਕਾਲੀ ਆਗੂਆਂ ਤੇ ਅਕਾਲੀ ਵਰਕਰਾਂ ਨੂੰ ਆਪਸੀ ਧੜੇਬੰਦੀ ਖਤਮ ਕਰਨ ਲਈ ਵੀ ਕਿਹਾ ਕਾਂਗਰਸ ਪਾਰਟੀ ਦੇ 18 ਜੂਨ ਨੂੰ ਪਿੰਡ ਬਾਦਲ ‘ਚ ਤਜਵੀਜ਼ਤ ਧਰਨੇ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਸ੍ਰ. ਬਾਦਲ ਨੇ ਕਿਹਾ ਕਿ ਇਹ ਐਲਾਨ ਸਿਆਸੀ ਪਾਖੰਡਬਾਜ਼ੀ ਤੋਂ ਵੱਧ ਹੋਰ ਕੁਝ ਨਹੀਂ ਹੈ।  ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਲੀਡਰਸ਼ਿਪ ਇਸ ਮੁੱਦੇ ਨੂੰ ਸਿਆਸੀ ਰੰਗਤ ਦੇਣ ਲਈ ਅਜਿਹੇ ਹੱਥ ਕੰਡੇ ਅਪਣਾ ਰਹੀ ਹੈ। ਮੁੱਖ ਮੰਤਰੀ ਨੇ ਆਖਿਆ ਕਿ ਪੀ.ਐਮ.ਈ.ਟੀ. ਦੀ ਪ੍ਰੀਖਿਆ ਲਈ ਗੁਆਂਢੀ ਸੂਬਿਆਂ ‘ਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਬਾਰੇ ਲਏ ਫੈਸਲੇ ਸਬੰਧੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੂੰ ਇਸ ਉਪਰ ਮੁੜ ਵਿਚਾਰ ਕਰਨ ਲਈ ਆਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਪ੍ਰੀਖਿਆ ਕੇਂਦਰ ਸੂਬੇ ‘ਚ ਹੀ ਹੋਣੇ ਚਾਹੀਦੇ ਹਨ ਕਿਉਂਕਿ ਇੱਥੇ ਬਹੁਤ ਵਧੀਆ ਬੁਨਿਆਦੀ ਢਾਂਚਾ ਮੌਜੂਦ ਹੈ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕੋਆਰਡੀਨੇਟਰ ਸ: ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ,  ਮਨਦੀਪ ਸਿੰਘ ਪੱਪੀ ਤਰਮਾਲਾ, ਚੇਅਰਮੈਨ ਇਕਬਾਲ ਸਿੰਘ ਭੁੱਲਰ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ੍ਰੀ ਐਸ. ਕਰੂਣਾ ਰਾਜੂ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਡੀ.ਆਈ.ਜੀ. ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।

ਪ੍ਰਸਿੱਧ ਖਬਰਾਂ

To Top