ਪੰਜਾਬ

ਹੁਣ ਪੰਜਾਬ ਦੀਆਂ ਜੇਲ੍ਹਾਂ ਦੇ ਕੈਦੀ ਬਣਨਗੇ ਹੁਨਰਮੰਦ

ਪਟਿਆਲਾ    ਖੁਸ਼ਵੀਰ ਤੂਰ

ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀ ਅਤੇ ਹਵਾਲਾਤੀ ਹੁਣ ਕੰਪਿਊਟਰ ਕੋਰਸਾਂ ਅਤੇ ਅਧੁਨਿਕ ਕਿੱਤਿਆਂ ਨਾਲ ਜੁੜ ਕੇ ਜੇਲ੍ਹਾਂ ‘ਚੋਂ ਹੀ ਆਪਣੇ ਭਵਿੱਖ ਨੂੰ ਤਰਾਸ਼ਣਗੇ। ਕੈਦੀ ਇਨ੍ਹਾਂ ਕੋਰਸਾਂ ਨੂੰ ਬਿਨਾਂ ਕਿਸੇ ਖਰਚੇ ਤੋਂ ਪਾਸ ਕਰਨ ਤੋਂ ਬਾਅਦ ਆ ਕੇ ਨੌਕਰੀ ਵੀ ਹਾਸਲ ਕਰ ਸਕਣਗੇ ਜੇਲ੍ਹਾਂ ‘ਚ ਅਜਿਹੇ ਕੋਰਸ ਸ਼ੁਰੂ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੁਬਾ ਬਣ ਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ਦੀਆਂ ਜੇਲ੍ਹਾਂ ‘ਚ ਸਜ਼ਾ ਭੁਗਤ ਰਹੇ ਕੈਦੀਆਂ ਤੇ ਸੁਣਵਾਈ ਅਧੀਨ ਹਵਾਲਾਤੀਆਂ ਦੀ ਮੁਜ਼ਰਮਾਨਾ ਸੋਚ ਨੂੰ ਤਬਦੀਲ ਕਰਕੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੇ ਮਕਸਦ ਨਾਲ ਸਰਕਾਰ ਵੱਲੋਂ ਪੰਜਾਬ ਦੀਆਂ 20 ਜੇਲ੍ਹਾਂ ‘ਚ ਸਕਿੱਲ ਐਜੂਕੇਸ਼ਨ ਤਹਿਤ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹੇ ਜਾ ਰਹੇ ਹਨ। ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਅਜਿਹੇ ਹੀ ਪਹਿਲੇ ਸਕਿੱਲ ਸੈਂਟਰ ਦੀ ਸ਼ੁਰੂਆਤ ਪੰਜਾਬ ਰਾਜ ਬੋਰਡ ਆਫ਼ ਟੈਕਨੀਕਲ ਇੰਡਸਟਰੀਅਲ ਟਰੇਨਿੰਗ ਦੇ ਚੇਅਰਮੈਨ ਸੇਵਾ ਸਿੰਘ ਸੇਖਵਾਂ ਤੇ ਸਿੱਖਿਆ ਸ਼ਾਸ਼ਤਰੀ ਡਾ. ਦਲਬੀਰ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਇੱਥੇ ਕੰਪਿਊਟਰ ਲੈਂਬ ਦਾ ਵੀ ਉਦਘਾਟਨ ਵੀ ਕੀਤਾ ਗਿਆ।  ਇਸ ਸਕਿੱਲ ਡਿਵੈਲਪਮੈਂਟ ਸੈਂਟਰ ਅਧੀਨ ਕੀਤੇ ਜਾਣ ਵਾਲੇ ਕੋਰਸਾਂ ਦੀ ਗਿਣਤੀ 500 ਦੇ ਕਰੀਬ ਹੈ ਅਤੇ ਕੈਦੀ ਆਪਣੀ ਮਨਪਸੰਦ ਦਾ ਕੋਈ ਵੀ ਕੋਰਸ ਚੁਣ ਸਕਦਾ ਹੈ।

ਪਹਿਲੇ ਸਾਲ ਦੌਰਾਨ 20 ਜੇਲ੍ਹਾਂ ‘ਚੋਂ 1 ਹਜ਼ਾਰ ਕੈਂਦੀਆਂ ਦੇ ਹਿਸਾਬ ਨਾਲ 20 ਹਜ਼ਾਰ ਕੈਦੀਆਂ ਦੀ ਚੋਣ ਹੋਈ ਹੈ। ਖਾਸ ਗੱਲ ਇਹ ਵੀ ਹੈ ਕਿ ਇਨ੍ਹਾਂ ਕੋਰਸਾਂ ਨਾਲ ਜੁੜਨ ਵਾਲੇ ਕੈਦੀਆਂ ਨੂੰ ਸ਼ੁਰੂਆਤੀ ਤੌਰ ਤੇ ਰੋਜ਼ਾਨਾ 150 ਰੁਪਏ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਸ ‘ਚ ਵਾਧਾ ਵੀ ਕੀਤਾ ਜਾਵੇਗਾ। ਵੱਡੀ ਗੱਲ ਇਹ ਹੈ ਕਿ ਇਸ ਸਕਿਲ ਡਿਵੈਲਪਮੈਂਟ ਸਕੀਮ ਤਹਿਤ ਲੰਮੀ ਸ਼ਜਾ ਭੁਗਤ ਰਹੇ ਕੈਦੀਆਂ ਲਈ ਵੱਖਰੇ ਤਰ੍ਹਾਂ ਅਤੇ ਛੋਟੀ ਸ਼ਜਾ ਵਾਲੇ ਬੰਦੀਆਂ ਲਈ ਅਲੱਗ ਤਰ੍ਹਾਂ ਦੇ ਕੋਰਸ ਹੋਣਗੇ। ਲੰਮੀ ਸ਼ਜਾ ਭੁਗਤ ਰਹੇ ਕੈਦੀਆਂ ਲਈ ਜੇਲ੍ਹਾਂ ‘ਚ ਹੀ ਪ੍ਰੋਡਕਸ਼ਨ ਸੈਂਟਰ ਬਣਾਏ ਜਾਣਗੇ। ਜਦੋਂ ਕੋਈ ਵੀ ਕੈਂਦੀ ਜਾਂ ਬੰਦੀ ਇਹ ਕੋਰਸ ਕਰਕੇ ਬਾਹਰ ਜਾਵੇਗਾ ਤਾਂ ਉਹ ਮਲਟੀਨੈਸ਼ਨਲ ਕੰਪਨੀਆਂ ‘ਚ ਵੀ ਨੌਕਰੀ ਹਾਸਲ ਕਰ ਸਕੇਗਾ ਅਤੇ ਪੰਜਾਬ ਸਰਕਾਰ ਵੱਲੋਂ ਕੱਢੀਆਂ ਜਾਂਦੀਆਂ ਨੌਕਰੀਆਂ ਵਿੱਚ ਵੀ ਉਹ ਅਪਲਾਈ ਕਰਨ ਦੇ ਯੋਗ ਹੋਵੇਗਾ। ਇਨ੍ਹਾਂ ਕੋਰਸਾਂ ਦੇ ਸਰਟੀਫਿਕੇਟ ਨੈਸ਼ਨਲ ਲੈਵਲ ਦੀ ਸੰਸਥਾ ਵੱਲੋਂ ਦਿੱਤੇ ਜਾਣਗੇ ਜੋ ਕਿ ਪੰਜਾਬ ਹੀ ਨਹੀਂ ਜੇਕਰ ਵਿਦੇਸ਼ਾਂ ਵਿੱਚ ਵੀ ਜਾਕੇ ਕੋਈ ਕੰਮ ਸ਼ੁਰੂ ਕਰਨਾ ਚਾਹੇਗਾ ਤਾਂ ਉੱਥੇ ਵੀ ਉਹ ਸਹਾਈ ਹੋਣਗੇ।  ਕੇਂਦਰੀ ਜੇਲ੍ਹ ਪਟਿਆਲਾ ਵਿਖੇ ਇਸ ਸਬੰਧੀ ਕੰਪਿਊਟਰ ਲੈਬ ਵੀ ਤਿਆਰ ਕੀਤੀ ਗਈ ਹੈ ਜਿੱਥੇ ਕਿ ਦੋ ਦਰਜਨ ਤੋਂ ਵੱਧ ਕੰਪਿਊਟਰ ਰੱਖੇ ਗਏ ਹਨ।

ਦੱਸਣਯੋਗ ਹੈ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਕੈਂਦੀਆਂ ਨੂੰ ਇਨ੍ਹਾਂ ਸਕਿਲ ਕੋਰਸਾਂ ‘ਚ ਦਾਖਲ ਹੋਣ ਲਈ ਪ੍ਰੇਰਿਆ ਜਾ ਰਿਹਾ ਹੈ । ਪਟਿਆਲਾ ਜੇਲ੍ਹ ‘ਚ ਸਕਿੱਲ ਡਿਵਲੈਪਮੈਂਟ ਦੀ ਸ਼ੁਰੂਆਤ ਕਰਨ ਸਮੇਂ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਇੰਦਰ ਮੋਹਨ ਸਿੰਘ ਬਜਾਜ, ਜੋਗਿੰਦਰ ਪੰਛੀ,  ਡੀ ਆਈ ਜੀ ਜੇਲ੍ਹ ਸ. ਜਗਜੀਤ ਸਿੰਘ, ਸੁਪਰਡੈਂਟ, ਸ. ਭੁਪਿੰਦਰ ਜੀਤ ਸਿੰਘ ਵਿਰਕ, ਡਿਪਟੀ ਜੇਲ੍ਹ ਸੁਪਰਡੈਂਟ ਰਮਨਜੀਤ ਸਿੰਘ ਭੰਗੂ, ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਸ. ਬਲਬੀਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ

ਪ੍ਰਸਿੱਧ ਖਬਰਾਂ

To Top