ਲੁੱਟ ਦੀ ਯੋਜਨਾ ਬਣਾਉਂਦੇ 3 ਕਾਬੂ, ਭੇਜੇ ਜੇਲ੍ਹ

ਮਨੋਜ ਮਲੋਟ,ਸ਼ਹਿਰ ‘ਚ ਲੁੱਟ ਤੇ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਮਲੋਟ ਪੁਲਿਸ ਵੱਲੋਂ ਦੌਰਾਨੇ ਗਸ਼ਤ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਤਿੰਨ ਵਿਅਕਤੀ ਨੂੰ ਕਾਬੂ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜ਼ੇਲ੍ਹ ਭੇਜ ਦਿੱਤਾ ਗਿਆ ਹੈ, ਜਦ ਕਿ ਦੋ ਨੌਜਵਾਨ ਫ਼ਰਾਰ ਹੋ ਗਏ।
੍ਰ੍ਰਥਾਣਾ ਸਿਟੀ ਪੁਲਿਸ ਨੇ ਪੰਜ ਵਿਅਕਤੀਆਂ ‘ਤੇ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਗੁਰਪ੍ਰੀਤ ਸਿੰਘ ਗਿੱਲ ਤੇ ਡੀਐੱਸਪੀ ਸੁਲਖਣ ਸਿੰਘ ਦੇ ਆਦੇਸ਼ ‘ਤੇ ਥਾਣਾ ਸਿਟੀ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤਾ ਸਿੰਘ ਨੇ ਦੱਸਿਆ ਕਿ ਗੁਪਤਾ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਫ਼ੋਕਲ ਪੁਆਇੰਟ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ, ਜੇਕਰ ਮੌਕੇ ‘ਤੇ ਜਾਕੇ ਉਨ੍ਹਾਂ ਕਾਬੂ ਕੀਤਾ ਜਾਵੇ ਤਾਂ ਉਨ੍ਹਾਂ ਦੀ ਯੋਜਨਾ ਅਸਫ਼ਲ ਹੋ ਸਕਦੀ ਹੈ। ਸੂਚਨਾ ਉਪਰੰਤ ਪੁਲਿਸ ਨੇ ਫ਼ੋਕਲ ਪੁਆਇੰਟ ‘ਤੇ ਜਾ ਕੇ ਦੇਖਿਆ ਤਾਂ ਕਾਪੇ, ਡੰਡੇ ਸਮੇਤ ਲੁੱਟ ਦੀ ਯੋਜਨਾ ਬਣਾਉਣ ਦੇ ਦੋਸ਼ ‘ਚ ਪਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਔਲਖ, ਕੁਲਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਕਬਰਵਾਲਾ, ਅਮਨ ਪੁੱਤਰ ਜਗਦੀਪ ਕੁਮਾਰ ਨਿਵਾਸੀ ਮਲੋਟ ਨੂੰ ਕਾਬੂ ਕਰ ਲਿਆ ਹੈ, ਜਦਕਿ ਸੁਖਬੀਰ ਤੇ ਮੱਦੀ ਨਿਵਾਸੀ ਮਲੋਟ ਭੱਜਣ ‘ਚ ਕਾਮਯਾਬ ਹੋ ਗਏ। ਕਾਬੂ ਕੀਤੇ ਤਿੰਨਾਂ ਵਿਅਕਤੀਆਂ ਦਾ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਉਪਰੰਤ ਉਨ੍ਹਾਂ ਨੂੰ ਸਬ ਡਵੀਜਨ ਜੁਡੀਸ਼ੀਅਲ ਮੈਜਿਸਟ੍ਰੇਟ ਸ਼ਿਲਪੀ ਗੁਪਤਾ ਦੀ ਅਦਾਲਤ ‘ਚ ਪੇਸ਼ ਕੀਤਾ ਤਾਂ ਮਾਣਯੋਗ ਜੱਜ ਦੇ ਆਦੇਸ਼ਾਂ ‘ਤੇ ਤਿੰਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਭੇਜ ਦਿੱਤਾ ਗਿਆ।