30 ਲੱਖ ਦੇ ਕਰਜਾਈ ਕਿਸਾਨ ਵੱਲੋਂ  ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ

ਲਛਮਣ ਗੁਪਤਾ ਫ਼ਰੀਦਕੋਟ, 
ਨਜ਼ਦੀਕੀ ਪਿੰਡ ਗੋਲੇਵਾਲਾ ਦੇ ਇੱਕ ਕਿਸਾਨ ਵੱਲੋਂ ਸਥਾਨਕ ਚਾਂਦ ਪੈਲੇਸ ਨਜ਼ਦੀਕ ਰਾਜਸਥਾਨ ਫੀਡਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ। ਕਿਸਾਨ ਦੀ ਪਛਾਣ ਜੁਗਰਾਜ ਸਿੰਘ (45) ਪੁੱਤਰ ਜਗੀਰ ਸਿੰਘ ਪਿੰਡ ਬਾਜਾ ਪੱਤੀ ਗੋਲੇਵਾਲਾ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਜੁਗਰਾਜ ਸਿੰਘ ਪਾਸ ਕਰੀਬ ਛੇ ਏਕੜ ਜ਼ਮੀਨ ਸੀ। ਉਸ ਉੱਪਰ ਤੀਹ ਲੱਖ ਰੁਪਏ ਦਾ ਕਰਜਾ ਸੀ। 18 ਮਾਰਚ ਨੂੰ ਜੁਗਰਾਜ ਸਿੰਘ ਦੇ ਲੜਕੇ ਦਾ ਵਿਆਹ ਰੱਖਿਆ ਹੋਇਆ ਸੀ। ਕਰਜਾ ਲਾਉਣ ਅਤੇ ਲੜਕੇ ਦੇ ਵਿਆਹ ਲਈ ਉਹ ਆਪਣੀ ਜ਼ਮੀਨ ਦਾ ਕੁਝ ਹਿੱਸਾ ਵੇਚ ਰਿਹਾ ਸੀ। ਮ੍ਰਿਤਕ ਦੇ ਭਰਾ ਇਕਬਾਲ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ ਨੇ ਆਪਣੇ ਸਿਰ ਚੜ੍ਹਿਆ ਕਰਜਾ ਲਾਹੁਣ ਲਈ ਦੋ ਕਿੱਲੇ ਜ਼ਮੀਨ ਵੇਚੀ ਸੀ ਅਤੇ ਅੱਜ ਉਹ ਇੱਥੇ ਤਹਿਸੀਲ ਵਿੱਚ ਆਪਣੀ ਜ਼ਮੀਨ ਦੀ ਰਜਿਸਟਰੀ ਕਰਾਉਣ ਆਇਆ ਸੀ। ਰਜਿਸਟਰੀ ਕਰਾਉਣ ਤੋਂ ਪਹਿਲਾਂ ਹੀ ਉਹ ਨਹਿਰਾਂ ਵੱਲ ਚਲਾ ਗਿਆ ਅਤੇ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਹਨਾਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ। ਪੁਲਿਸ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਜੁਗਰਾਜ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਆਰੰਭ ਕੀਤੀ। ਖ਼ਬਰ ਲਿਖੇ ਜਾਣ ਤੱਕ ਜੁਗਰਾਜ ਸਿੰਘ ਦੀ ਲਾਸ਼ ਨਹੀਂ ਮਿਲੀ। ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਸਮੁੱਚੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਫਿਲਹਾਲ ਮ੍ਰਿਤਕ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਸ਼ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।