ਬਾਲ ਸਾਹਿਤ

ਤਲਾਬ ਰੁੱਸ ਗਿਆ

ਇੱਕ ਦਰੱਖਤ ‘ਚ ਇੱਕ ਗਿਲਹਿਰੀ ਦਾ ਪਰਿਵਾਰ ਰਹਿੰਦਾ ਸੀ ਉਨ੍ਹਾਂ ਦੀ ਇੱਕ ਬੱਚੀ ਸੀ, ਨਾਂਅ ਸੀ ਨਿੰਨੀ ਕੁਝ ਹੀ ਦੂਰੀ ‘ਤੇ ਇੱਕ ਖੁੱਡ ‘ਚ ਚੂਹੇ ਦਾ ਪਰਿਵਾਰ ਰਹਿੰਦਾ ਸੀ ਉਨ੍ਹਾਂ ਦੇ ਦੋ ਬੱਚੇ ਸਨ, ਚਿਰ ਤੇ ਕੁਟ ਤਿੰਨੋਂ ਬੱਚੇ ਸ਼ਾਮ ਨੂੰ ਇਕੱਠੇ ਖੇਡਦੇ ਸਨ ਪਿਛਲੇ ਦਿਨ ਸ਼ਾਮ ਨੂੰ ਕਈ ਘੰਟੇ ਕਾਫੀ ਤੇਜ਼ ਬਾਰਸ਼ ਹੋਈ ਜਿਸ ਨਾਲ ਮੌਸਮ ਕੁਝ ਠੰਢਾ ਹੋ ਗਿਆ ਸੀ ਚਿਰ ਅਤੇ ਕੁਟ ਦੁਪਹਿਰ ਨੂੰ ਸੌਂ ਕੇ ਸ਼ਾਮ ਨੂੰ ਉੱਠੇ ਤਾਂ ਮਾਂ ਨੇ ਉਨ੍ਹਾਂ ਨੂੰ ਦਾਣੇ ਖਾਣ ਲਈ ਦਿੱਤੇ ਦਾਣੇ ਖਾ ਕੇ ਜਦੋਂ ਉਹ ਖੇਡਣ ਜਾਣ ਲੱਗੇ ਤਾਂ ਮਾਂ ਨੇ ਸਮਝਾਇਆ, ‘ਪਿਆਰ ਨਾਲ ਖੇਡਣਾ, ਲੜਾਈ ਨਹੀਂ ਕਰਨੀ’
ਕੁਝ ਹੀ ਦੂਰੀ ‘ਤੇ ਇੱਕ ਟੋਏ ‘ਚ ਪਿਛਲੇ ਦਿਨ ਦੀ ਬਾਰਸ਼ ਕਾਰਨ ਪਾਣੀ ਭਰ ਗਿਆ ਸੀ ਜਦੋਂ ਚਿਰ ਅਤੇ ਕੁਟ Àੁੱਥੇ ਪਹੁੰਚੇ ਤਾਂ ਨਿੰਨੀ ਉੱਥੇ ਪਹਿਲਾਂ ਤੋਂ ਹੀ ਮੌਜ਼ੂਦ ਸੀ ਉਂਜ ਟੋਇਆ ਜ਼ਿਆਦਾ ਡੂੰਘਾ ਨਹੀਂ ਸੀ ਪਰ ਬੱਚੇ ਬਹੁਤ ਛੋਟੇ ਸਨ ਤੇ ਉਨ੍ਹਾਂ ਦੇ ਜੀਵਨ ‘ਚ ਇੰਨੀ ਬਾਰਸ਼ ਪਹਿਲੀ ਵਾਰ ਹੋਈ ਸੀ, ਇਸ ਲਈ ਇੰਨੇ ਪਾਣੀ ਨੂੰ ਵੇਖ ਕੇ ਉਹ ਹੈਰਾਨ ਸਨ
‘ਇਹ ਤਲਾਬ ਕੱਲ੍ਹ ਤੱਕ ਤਾਂ ਇੱਥੇ ਨਹੀਂ ਸੀ, ਅੱਜ ਕਿੱਥੋਂ ਆ ਗਿਆ?’ ਚਿਰ ਨੇ ਕੁਟ ਤੋਂ ਪੁੱਛਿਆ
‘ਮੇਰੀ ਵੀ ਸਮਝ ਵਿਚ ਨਹੀਂ ਆ ਰਿਹਾ ਹੈ’ ਨਿੰਨੀ ਬੋਲੀ ‘ਚਲੋ, ਸਾਨੂੰ ਇਸ ਨਾਲ ਕੀ ਮਤਲਬ ਕਿ ਇਹ ਕਿੱਥੋਂ ਆਇਆ ਅਸੀਂ ਅੱਜ ਇਸੇ ‘ਚ ਖੇਡਦੇ ਹਾਂ’ ਕੁਟ ਬੋਲਿਆ
‘ਪਰ ਖੇਡਾਂਗੇ ਕਿਵੇਂ?’ ਚਿਰ ਨੇ ਪੱਛਿਆ
‘ਚਲੋ, ਅਸੀਂ ਇਸ ਪਾਣੀ ‘ਚ ਆਪਣੇ-ਆਪਣੇ ਪੱਤੇ ਤਾਰਾਂਗੇ ਤੇ ਵੇਖਾਂਗੇ ਕਿ ਕਿਸਦਾ ਪੱਤਾ ਦੂਰ ਤੱਕ ਜਾਵੇਗਾ’ ਨਿੰਨੀ ਬੋਲੀ
‘ਤਿੰਨੋਂ ਬੱਚੇ ਆਪਣਾ-ਆਪਣਾ ਪੱਤਾ ਲੈਣ ਭੱਜ ਪਏ ਕੁਝ ਹੀ ਦੇਰ ਬਾਅਦ ਤਿੰਨਾਂ ਦੇ ਪੱਤੇ ਪਾਣੀ ‘ਚ ਸਨ ਪਰ ਉਹ ਵਗਦਾ ਪਾਣੀ ਨਹੀਂ ਸੀ ਤੇ ਫਿਰ ਉਸ ਦਿਨ ਹਵਾ ਵੀ ਨਹੀਂ ਚੱਲ ਰਹੀ ਸੀ, ਇਸ ਲਈ ਉਨ੍ਹਾਂ ਦੇ ਪੱਤੇ ਵਹਿਣ ਦੀ ਬਜਾਏ Àੁੱਥੇ ਪਏ ਰਹੇ ਹੁਣ ਚਿਰ ਨੇ ਇੱਕ ਪੱਥਰ ਚੁੱਕ ਕੇ ਨਿੰਨੀ ਦੇ ਪੱਤੇ ‘ਤੇ ਮਾਰ ਦਿੱਤਾ ਨਿਸ਼ਾਨਾ ਸਹੀ ਲੱਗਾ ਪੱਤੇ ਦੇ ਉੱਪਰ ਪੱਥਰ ਡਿੱਗਿਆ ਤਾਂ ਨਿੰਨੀ ਦਾ ਪੱਤਾ ਡੁੱਬ ਗਿਆ ਗੁੱਸੇ ਹੋ ਕੇ ਉਹ ਲੜਨ ਲੱਗੀ
ਕੁਟ ਨੇ ਉਨ੍ਹਾਂ ਨੂੰ ਸਮਝਾਇਆ, ‘ਇਹ ਲੜਾਈ ਬੰਦ ਕਰੋ ਇਸ ਪੱਤੇ ਵਾਲੀ ਖੇਡ ‘ਚ ਮਜ਼ਾ ਨਹੀਂ ਆਇਆ, ਚੱਲੋ ਕੋਈ ਦੂਜੀ ਖੇਡ ਖੇਡਦੇ ਹਾਂ’
‘ਪਰ ਕੀ?’ ਨਿੰਨੀ ਨੇ ਪੁੱਛਿਆ
‘ਕਿਉਂ ਨਾ ਅਸੀਂ ਇਸ ਤਲਾਬ ‘ਚ ਪੱਥਰ ਸੁੱਟੀਏ ਤੇ ਵੇਖੀਏ ਕਿ ਕਿਸਦੇ ਪੱਥਰ ਨਾਲ ਸਭ ਤੋਂ ਜ਼ਿਆਦਾ ਪਾਣੀ ਉੱਪਰ ਉੱਛਲਦਾ ਹੈ?’ ਕੁਟ ਨੇ ਕਿਹਾ ਫਿਰ ਤਿੰਨੋਂ ਪੱਥਰ ਲੈਣ ਦੌੜ ਪਏ ਕੁਝ ਹੀ ਦੇਰ ਬਾਅਦ ਤਿੰਨੋਂ ਆਪਣੇ-ਆਪਣੇ ਪੱਥਰਾਂ ਨਾਲ ਤਲਾਬ ਕਿਨਾਰੇ ਮੌਜ਼ੂਦ ਸਨ ਪਹਿਲਾਂ ਕੁਟ ਨੇ ਆਪਣਾ ਪੱਥਰ ਸੁੱਟਿਆ, ਫਿਰ ਚਿਰ ਨੇ ਚਿਰ ਬੋਲਿਆ, ‘ਮੇਰੇ ਪੱਥਰ ਨਾਲ ਜ਼ਿਆਦਾ ਪਾਣੀ ਉੱਛਲਿਆ ਹੈ’
‘ਤੂੰ ਵੱਡਾ ਪੱਥਰ ਲਿਆਇਆ ਸੀ ਮੈਂ ਦੁਬਾਰਾ ਵਾਰੀ ਲਵਾਂਗਾ’ ਕੁਟ ਨੇ ਕਿਹਾ
‘ਨਾ, ਦੁਬਾਰਾ ਵਾਰੀ ਨਹੀਂ ਮਿਲੇਗੀ’
‘ਤੂੰ ਕੌਣ ਹੁੰਦਾ ਹੈ ਇਹ ਫੈਸਲਾ ਕਰਨ ਵਾਲਾ?’
‘ਅਰੇ, ਮੈਨੂੰ ਵੀ ਤਾਂ ਆਪਣਾ ਪੱਥਰ ਸੁੱਟਣ ਦਿਓ ਤੁਸੀਂ ਦੋਵੇਂ ਲੜਾਈ ਹੀ ਕਰਦੇ ਰਹੋਗੇ ਕੀ?’ ਕਹਿ ਨਿੰਨੀ ਨੇ ਜ਼ਿਆਦਾ ਪਾਣੀ ਉਛਾਲਣ ਦੇ ਉਦੇਸ਼ ਨਾਲ ਪੱਥਰ ਨੂੰ ਕਿਨਾਰੇ ‘ਤੇ ਹੀ ਜ਼ੋਰ ਨਾਲ ਸੁੱਟਿਆ ਪਾਣੀ ਦੇ ਛਿੱਟੇ ਕੁਟ ਦੇ ਉੱਪਰ ਵੀ ਡਿੱਗੇ ਉਹ ਨਿੰਨੀ ਨੂੰ ਮਾਰਨ ਭੱਜਿਆ ਜਦੋਂ ਦੋਵਾਂ ‘ਚ ਲੜਾਈ ਵਧੀ ਤਾਂ ਚਿਰ ਨੇ ਕਿਹਾ, ‘ਹੁਣੇ ਤਾਂ ਕੁਟ ਭਰਾ ਮੈਨੂੰ ਸਮਝਾ ਰਿਹਾ ਸੀ ਤੇ ਹੁਣ ਖੁਦ ਹੀ ਲੜਾਈ ਕਰਨ ਲੱਗਾ ਚਲੋ ਅਸੀਂ ਅਜਿਹੀ ਖੇਡ ਖੇਡਦੇ ਹੀ ਨਹੀਂ, ਜਿਸ ਵਿਚ ਹਾਰ-ਜਿੱਤ ਦਾ ਫੈਸਲਾ ਕਰਨਾ ਪਵੇ ਅਸੀਂ ਇਸ ਤਲਾਬ ‘ਚ ਬੇੜੀ ‘ਚ ਬੈਠ ਕੇ ਸੈਰ ਕਰਾਂਗੇ’
‘ਪਰ ਬੇੜੀ ਕਿੱਥੋਂ ਆਵੇਗੀ?’ ਨਿੰਨੀ ਨੇ ਪੁੱਛਿਆ
‘ਸੈਰ ਦਾ ਮਜ਼ਾ ਲੈਣਾ ਹੈ ਤਾਂ ਬੇੜੀ ਬਣਾਉਣ ‘ਚ ਵੀ ਮਿਹਨਤ ਕਰਨੀ ਪਵੇਗੀ’ ਚਿਰ ਬੋਲਿਆ ਫਿਰ ਤਿੰਨੋਂ ਅਜਿਹੀ ਚੀਜ਼ ਦੀ ਭਾਲ ‘ਚ ਲੱਗ ਗਏ ਜੋ ਪਾਣੀ ‘ਤੇ ਤੈਰ ਸਕੇ ਅਤੇ ਉਨ੍ਹਾਂ ਲਈ ਬੇੜੀ ਦਾ ਕੰਮ ਕਰ ਸਕੇ ਕਾਫੀ ਦੇਰ ਬਾਅਦ ਨਿੰਨੀ ਨੂੰ ਇੱਕ ਛੋਟਾ ਤੇ ਪਤਲਾ ਜਿਹਾ ਲੱਕੜ ਦਾ ਫੱਟਾ ਮਿਲਿਆ ਇਸ ਦਰਮਿਆਨ ਕੁਟ ਨੇ ਦੋ ਡੰਡੀਆਂ ਲੱਭ ਲਈਆਂ, ਜਿਨ੍ਹਾਂ ਤੋਂ ਚੱਪੂਆਂ ਦਾ ਕੰਮ ਲਿਆ ਜਾ ਸਕੇ ਤਿੰਨਾਂ ਬੱਚਿਆਂ ਨੇ ਛੋਟੇ ਜਿਹੇ ਫੱਟੇ ਨੂੰ ਪਾਣੀ ‘ਚ ਤੈਰਾ ਦਿੱਤਾ ਨਿੰਨੀ ਬੋਲੀ, ‘ਸਭ ਤੋਂ ਪਹਿਲਾਂ ਮੈਂ ਬੇੜੀ ‘ਚ ਬੈਠਾਂਗੀ, ਕਿਉਂਕਿ ਮੈਂ ਇਸ ਨੂੰ ਲੱਭ ਕੇ ਲਿਆਈ ਹਾਂ’ ਉਹ ਛਾਲ ਮਾਰ ਕੇ ਉਸ ‘ਤੇ ਚੜ੍ਹ ਗਈ
‘ਪਰ ਬੇੜੀ ਦੀ ਸੈਰ ਦਾ ਵਿਚਾਰ ਤਾਂ ਮੇਰੇ ਹੀ ਮਨ ‘ਚ ਆਇਆ, ਨਹੀਂ ਤਾਂ ਤੈਨੂੰ ਕੀ ਇਹ ਗੱਲ ਸੁੱਝਦੀ?’ ਕਹਿ ਚਿਰ ਵੀ ਬੇੜੀ ‘ਤੇ ਛਾਲ ਮਾਰ ਕੇ ਚੜ੍ਹ ਗਿਆ
‘ਮੇਰੇ ਚੱਪੂਆਂ ਤੋਂ ਬਿਨਾ ਕੀ ਤੁਹਾਡੀ ਬੇੜੀ ਅੱਗੇ ਵਧਣ ਵਾਲੀ ਹੈ?’ ਕੁਟ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਤਾਂ ਉਨ੍ਹਾਂ ਨੇ ਉਸਨੂੰ ਵੀ ਬੇੜੀ ‘ਤੇ ਚੜ੍ਹਾ ਲਿਆ ਪਰ ਤਿੰਨਾਂ ਦੇ ਚੜ੍ਹਨ ਨਾਲ ਭਾਰ ਜ਼ਿਆਦਾ ਹੋ ਗਿਆ ਜਦੋਂ ਉਹ ਡੁੱਬਣ ਲੱਗੇ ਤਾਂ ਤਿੰਨਾਂ ਨੇ ਡਰ ਦੇ ਮਾਰੇ ਬਾਹਰ ਛਾਲਾਂ ਮਾਰ ਦਿੱਤੀਆਂ ‘ਇਹ ਬੇੜੀ ਸਾਡੇ ਤਿੰਨਾਂ ਦਾ ਭਾਰ ਨਹੀਂ ਚੁੱਕ ਸਕਦੀ ਪਹਿਲਾਂ ਦੋ ਹੀ ਇਸ ‘ਚ ਚੜ੍ਹਨਗੇ’ ਨਿੰਨੀ ਨੇ ਕਿਹਾ ਪਰ ਤਿੰਨਾਂ ‘ਚੋਂ ਕਿਸੇ ‘ਚ ਵੀ ਇੱਕ-ਦੂਜੇ ਲਈ ਤਿਆਗ ਦੀ ਭਾਵਨਾ ਨਹੀਂ ਸੀ ਸਭ ਪਹਿਲਾਂ ਸੈਰ ਕਰਨ ਦੀ ਜਿੱਦ ਕਰਨ ਲੱਗੇ ਝਗੜਾ ਵਧਦਾ ਗਿਆ ਗੱਲ ਮਾਰਕੁੱਟ ਤੱਕ ਵਧ ਗਈ ਫਿਰ ਉਨ੍ਹਾਂ ਨੂੰ ਖੇਡ ਛੱਡ ਕੇ ਘਰ ਵਾਪਸ ਆਉਣਾ ਪਿਆ
ਅਗਲੇ ਦੋ ਦਿਨ ਤੱਕ ਉਹ ਗੁੱਸੇ ਕਾਰਨ ਖੇਡਣ ਨਹੀਂ ਆਏ ਇਸ ਦਰਮਿਆਨ ਤੇਜ਼ ਧੁੱਪ ਰਹੀ ਜੰਗਲ ‘ਚ ਘਾਹ ਚਰਦੀਆਂ ਗਾਵਾਂ, ਮੱਝਾਂ ਨੇ ਟੋਏ ‘ਚੋਂ ਪਾਣੀ ਪੀ ਲਿਆ ਬਚਿਆ ਪਾਣੀ ਭਾਫ ਬਣ ਉੱਡ ਗਿਆ ਦੋ ਦਿਨ ਬਾਅਦ ਜਦੋਂ ਬੱਚਿਆਂ ਦਾ ਗੁੱਸਾ ਠੰਢਾ ਹੋਇਆ ਤੇ ਖੇਡਣ ਦਾ ਮਨ ਹੋਇਆ ਤਾਂ ਉਹ ਬਾਹਰ ਨਿੱਕਲੇ
ਤਲਾਬ ਨੂੰ ਗਾਇਬ ਵੇਖ ਕੇ ਉਹ ਸਾਰੇ ਹੈਰਾਨ ਰਹਿ ਗਏ ਸਹੀ ਗੱਲ ਉਨ੍ਹਾਂ ਦੀ ਸਮਝ ‘ਚ ਨਹੀਂ ਆਈ ਉਨ੍ਹਾਂ ਨੇ ਅੰਦਾਜਾ ਲਾਇਆ ਕਿ ਸਾਡੀ ਲੜਾਈ ਵੇਖ ਕੇ ਤਲਾਬ ਸਾਡੇ ਤੋਂ ਰੁੱਸ ਕੇ ਕਿਤੇ ਚਲਾ ਗਿਆ ਹੈ ਜੇਕਰ ਅਸੀਂ ਵਾਰੀ-ਵਾਰੀ ਨਾਲ ਸੈਰ ਕਰਦੇ ਤਾਂ ਚੰਗਾ ਰਹਿੰਦਾ ਉਨ੍ਹਾਂ ਨੂੰ ਤਲਾਬ ਦੇ ਰੁੱਸ ਜਾਣ ਦਾ ਬਹੁਤ ਦੁੱਖ ਹੋਇਆ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਮਿਲ ਕੇ ਪਿਆਰ ਨਾਲ ਖੇਡਣਗੇ ਉਦੋਂ ਤੋਂ ਉਹ ਪਿਆਰ ਨਾਲ ਖੇਡਦੇ ਹਨ ਤੇ ਤਲਾਬ ਦੇ ਪਰਤਣ ਦੀ ਰੋਜ਼ਾਨਾ ਉਡੀਕ ਕਰਦੇ ਹਨ

ਪ੍ਰਸਿੱਧ ਖਬਰਾਂ

To Top