ਮਾਨਸਾ ਦੇ ਕਬਾੜੀਏ ਨੇ ਖਰੀਦੇ 6 ਹੈਲੀਕਾਪਟਰ

0
449
Indian Air Force Helicopter Sachkahoon

ਭਾਰਤੀ ਹਵਾਈ ਫੌਜ ਨੇ ਕਬਾੜ ਹੋਏ ਹੈਲੀਕਾਪਟਰਾਂ ਦੀ ਕੀਤੀ ਸੀ ਨਿਲਾਮੀ

  • ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

ਮਾਨਸਾ, ਸੁਖਜੀਤ ਮਾਨ। ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ਲਈ ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਉਸਦੇ ਕਬਾੜ ’ਚੋਂ ਸੂਈ ਤੋਂ ਲੈ ਕੇ ਜਹਾਜ਼ ਮਿਲ ਜਾਂਦਾ ਹੈ ਭਾਵੇਂ ਇਹ ਸਤਰ ਸਿਰਫ ਕਹਾਵਤ ਵਜੋਂ ਵਰਤੀ ਜਾਂਦੀ ਸੀ ਪਰ ਹੁਣ ਸੱਚ ਹੋ ਗਈ ਹੈ ਕਿਉਂਕਿ ਕਬਾੜ ਖ੍ਰੀਦਣ ਵਾਲੇ ਇਸ ਉੱਘੇ ਕਬਾੜੀਏ ਨੇ ਭਾਰਤੀ ਹਵਾਈ ਫੌਜ ਦੇ ਛੇ ਕਬਾੜ ਹੋ ਚੁੱਕੇ ਹੈਲੀਕਾਪਟਰਾਂ ਨੂੰ ਖਰੀਦ ਲਿਆ ਹੈ ਜੋ ਅੱਜ ਮਾਨਸਾ ਪੁੱਜ ਗਏ ਇਹ ਹੈਲੀਕਾਪਟਰ ਸ਼ਹਿਰ ਵਾਸੀਆਂ ਤੋਂ ਇਲਾਵਾ ਕਬਾੜਖਾਨੇ ਕੋਲੋਂ ਲੰਘਦੇ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਵੇਰਵਿਆਂ ਮੁਤਾਬਿਕ ਮਾਨਸਾ ਤਿੰਨਕੋਣੀ ਤੋਂ ਕੈਂਚੀਆਂ ਵੱਲ ਨੂੰ ਜਾਂਦੇ ਹਾਂ ਤਾਂ ਰਸਤੇ ’ਚ ਇੱਕ ਥਾਂ ਜੋ ਕਬਾੜ ਬਣੀਆਂ ਸੈਂਕੜੇ ਗੱਡੀਆਂ ਆਦਿ ਸਮੇਤ ਹੋਰ ਵਾਹਨ ਪਏ ਨੇ ਉਹ ਮਿੱਠੂ ਕਬਾੜੀਏ ਵੱਲੋਂ ਖਰੀਦੇ ਹੋਏ ਹਨ ਕਿਸੇ ਪੁਰਾਣੇ ਵਹੀਕਲ ਲਈ ਕੋਈ ਪੁਰਾਣਾ ਬੈਰਿੰਗ ਜਾਂ ਹੋਰ ਸਮਾਨ ਜਦੋਂ ਦੁਕਾਨਾਂ ਤੋਂ ਨਾ ਮਿਲੇ ਤਾਂ ਦੁਕਾਨਦਾਰ ਕਹਿ ਦਿੰਦੇ ਨੇ ਕਿ ਹੁਣ ਤਾਂ ਫਿਰ ਇਹ ਮਿੱਠੂ ਕਬਾੜੀਏ ਤੋਂ ਹੀ ਮਿਲ ਸਕਦਾ ਹੈ ਤੇ ਉੱਥੋਂ ਮਿਲ ਵੀ ਜਾਂਦਾ ਹੈ ਕਬਾੜ ਦੇ ਛੋਟੇ ਜਿਹੇ ਕਾਰੋਬਾਰ ਤੋਂ ਕਬਾੜ ਖਰੀਦਣ ਦਾ ਕੰਮ ਸ਼ੁਰੂ ਕਰਨ ਵਾਲੇ ਇਸ ਕਬਾੜੀਏ ਵੱਲੋਂ ਹੁਣ ਇਕੱਲੇ ਮਾਨਸਾ ਜ਼ਿਲ੍ਹੇ ਜਾਂ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਕਈ ਹਿੱਸਿਆਂ ’ਚੋਂ ਕਬਾੜ ਦੀ ਖਰੀਦ ਕੀਤੀ ਜਾਂਦੀ ਹੈ ।

ਉਨ੍ਹਾਂ ਵੱਲੋਂ ਹੁਣ ਤਾਜ਼ਾ ਖਰੀਦਦਾਰੀ ਭਾਰਤੀ ਹਵਾਈ ਫੌਜ ਤੋਂ ਕਬਾੜ ਹੋਏ 6 ਹੈਲੀਕਾਪਟਰਾਂ ਦੀ ਆਨਲਾਈਨ ਖਰੀਦ ਕੀਤੀ ਗਈ ਹੈ ਜਿਉਂ ਹੀ ਇਹ ਹੈਲੀਕਾਪਟਰ ਮਾਨਸਾ ਲਿਆਂਦੇ ਗਏ ਤਾਂ ਵੇਖਣ ਲਈ ਵੱਡੀ ਗਿਣਤੀ ਲੋਕ ਪਹੁੰਚਣੇ ਸ਼ੁਰੂ ਹੋ ਗਏ ਲੋਕਾਂ ਨੇ ਆਪਣੇ ਬੱਚਿਆਂ ਨੂੰ ਕੋਲ ਹੈਲੀਕਾਪਟਰ ਕੋਲ ਖੜ੍ਹਾ ਕੇ ਫੋਟੋਆਂ ਅਤੇ ਸੈਲਫੀਆਂ ਕੀਤੀਆਂ । ਕਾਰੋਬਾਰੀ ਮਿੱਠੂ ਕਬਾੜੀਆ ਦੇ ਬੇਟੇ ਡਿੰਪਲ ਅਰੋੜਾ ਨੇ ਇਨ੍ਹਾਂ ਹੈਲੀਕਾਪਟਰਾਂ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ ਛੇ ਹੈਲੀਕਾਪਟਰਾਂ ਨੂੰ ਖਰੀਦਿਆ ਗਿਆ ਹੈ। ਅਰੋੜਾ ਨੇ ਦੱਸਿਆ ਕਿ ਉਹ ਆਨਲਾਈਨ ਸਰਕਾਰੀ ਅਤੇ ਪ੍ਰਾਈਵੇਟ ਕਬਾੜ ਹੋ ਚੁੱਕੀਆਂ ਗੱਡੀਆਂ ਆਦਿ ਦੀ ਖ੍ਰੀਦਦਾਰੀ ਦਾ ਕੰਮ ਕਰਦੇ ਹਨ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ’ਚ ਪੈਂਦੇ ਸਰਸਾਵਾ ਏਅਰ ਫੋਰਸ ਦੇ ਸਟੇਸ਼ਨ ’ਚੋਂ ਛੇ ਹੈਲੀਕਾਪਟਰ ਖ੍ਰੀਦੇ ਗਏ ਹਨ।

ਚਾਰ ਮਹੀਨੇ ਪਹਿਲਾਂ ਕੀਤੀ ਸੀ ਖਰੀਦ

ਡਿੰਪਲ ਅਰੋੜਾ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਤੋਂ ਇਨ੍ਹਾਂ ਹੈਲੀਕਾਪਟਰਾਂ ਦੀ ਖਰੀਦ 4 ਮਹੀਨੇ ਪਹਿਲਾਂ ਕਰ ਲਈ ਗਈ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਲਿਆਉਣ ’ਚ ਦੇਰੀ ਹੋ ਗਈ ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉੱਥੋਂ ਹੈਲੀਕਾਪਟਰ ਲੱਦ ਕੇ ਚੱਲੇ ਸੀ ਜੋ 4 ਦਿਨਾਂ ’ਚ ਮਾਨਸਾ ਪੁੱਜੇ ਹਨ।

ਯੂਪੀ ਤੋਂ ਆਉਣ ਵੇਲੇ ਰਾਹ ’ਚ ਖੜ੍ਹ-ਖੜ੍ਹ ਦੇਖਦੇ ਰਹੇ ਲੋਕ

ਵੱਡੇ ਖੁੱਲ੍ਹੇ ਟਰਾਲਿਆਂ ’ਤੇ ਲੱਦ ਕੇ ਲਿਆਂਦੇ ਇਹ ਹੈਲੀਕਾਪਟਰ ਜਦੋਂ ਮਾਨਸਾ ਵੱਲ ਨੂੰ ਆ ਰਹੇ ਸੀ ਤਾਂ ਰਸਤੇ ਵੀ ਲੋਕਾਂ ਵੱਲੋਂ ਖੜ੍ਹ-ਖੜ੍ਹ ਕੇ ਦੇਖਿਆ ਗਿਆ ਰਾਹ ’ਚ ਪੈਂਦੇ ਇੱਕ ਟੋਲ ਪਲਾਜੇ ਕੋਲੋਂ ਲੰਘਣ ਵੇਲੇ ਜਦੋਂ ਹੈਲੀਕਾਪਟਰਾਂ ਦੇ ਉੱਪਰਲੇ ਪੱਖਿਆਂ ਨੂੰ ਉਤਾਰਨਾ ਪਿਆ ਤਾਂ ਉੱਥੇ ਪੰਜ ਹੈਲੀਕਾਪਟਰ ਸੜਕ ’ਤੇ ਹੀ ਦੇਖਕੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ।

1988 ’ਚ ਸ਼ੁਰੂ ਕੀਤਾ ਸੀ ਕਬਾੜ ਦਾ ਕੰਮ

ਡਿੰਪਲ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸਾਲ 1988 ’ਚ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਉਸ ਵੇਲੇ ਕਬਾੜ ਦਾ ਸਾਮਾਨ ਸ਼ਹਿਰ ’ਚ ਹੀ ਰੱਖਦੇ ਸੀ ਹੁਣ ਉਨ੍ਹਾਂ ਵੱਲੋਂ ਕਬਾੜ ਦੀ ਕੀਤੀ ਜਾਂਦੀ ਖਰੀਦ ਇਸ ਕਦਰ ਵਧ ਗਈ ਹੈ ਕਿ ਕਰੀਬ ਛੇ ਏਕੜ ’ਚ ਕਬਾੜ ਰੱਖਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।