ਮੇਲ ਤੇ ਮੋਹ ਦਾ ਸੁਮੇਲ, ਚੰਗਾ ਗੁਆਂਢ

0

ਮੇਲ ਤੇ ਮੋਹ ਦਾ ਸੁਮੇਲ, ਚੰਗਾ ਗੁਆਂਢ

ਸਕੂਨਮਈ ਜ਼ਿੰਦਗੀ ਲਈ ਚੌਤਰਫਾ ਖੁਸ਼ਹਾਲੀ ਜਰੂਰੀ ਹੈ। ਇਹ ਲੋਕਾਂ ਦੀ ਸ਼ਮੂਲੀਅਤ ਨਾਲ ਸੰਭਵ ਹੈ। ਜੋ ਇਸ ਨੂੰ ਸਿਰਜ ਕੇ ਚਾਰ ਚੰਨ ਲਾਉਂਦੇ ਹਨ ਗੁਆਂਢ ਦੀ ਭੂਮਿਕਾ ਖਾਸ ਮਹੱਤਵ ਰੱਖਦੀ ਹੈ। ਜਿਹੜੇ ਸਾਡੇ ਘਰਾਂ ਨਾਲ ਜੁੜਦੇ ਸੱਜੇ-ਖੱਬੇ ਪਾਸੇ ਰਹਿੰਦੇ ਤੇ ਹਰ ਰੋਜ਼ ਮਿਲਦੇ ਹਨ ਸਭ ਤੋਂ ਪਹਿਲਾਂ ਦੁੱਖਾਂ-ਸੁੱਖਾਂ ਵਿੱਚ ਭਾਗੀਦਾਰ ਬਣਦੇ ਹਨ ਇਸੇ ਲਈ ਬਜੁਰਗ ਆਖਦੇ ਹਨ ਕਿ ਚੰਗੇ ਗੁਆਂਢੀ ਅਨਮੋਲ ਬਖਸ਼ਿਸ਼ਾਂ ਤੋਂ ਘੱਟ ਨਹੀਂ ਹੁੰਦੇ ਉਨ੍ਹਾਂ ਕੋਲ ਰਹਿੰਦਿਆਂ ਜਿੰਦਗੀ ਸੁਖਦ ਤੇ ਅਨੰਦਮਈ ਜਾਪਦੀ ਹੈ ਚੰਗੇ ਗੁਆਂਢੀ ਮਾਨਵੀ ਕਦਰਾਂ-ਕੀਮਤਾਂ ਦੀ ਹਾਮੀ ਭਰਦੇ ਵਡਮੁੱਲੇ ਜਾਪਦੇ ਹਨ ਚੰਗਾ ਗੁਆਂਢ ਨੇਕ ਸੰਸਕਾਰਾਂ ਦੀ ਉਪਜ ਹੈ ਜਿਹੜੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲਦੇ ਹਨ ਅਜਿਹੀ ਸ਼ਖਸੀਅਤ ਲੋਕਾਂ ਵਿੱਚ ਸਤਿਕਾਰ ਦੀ ਪਾਤਰ ਬਣਦੀ ਹੈ।

ਪਿੰਡਾਂ ਵਿੱਚ ਸਾਂਝੀਵਾਲਤਾ ਨੂੰ ਸੰਜ਼ੀਦਗੀ ਨਾਲ ਨਿਭਾਇਆ ਜਾਂਦਾ ਸੀ ਲੋਕੀ ਇੱਕ-ਦੂਜੇ ਦੀ ਹਿਫਾਜਤ ਕਰਦੇ ਤੇ ਕੰਮ ਵਿੱਚ ਵੀ ਹੱਥ ਵਟਾਉਂਦੇ ਸਨ ਖੇਤ ਜਾਂ ਸ਼ਹਿਰ ਜਾਂਦਿਆ ਉੱਧਰ ਦੇ ਕੰਮ ਹੋਵਣ ਤਾਂ ਕਰਨ ਦਾ ਬੋਝ ਨਹੀਂ ਸਮਝਦੇ ਸਨ ਇਹ ਸਾਂਝ ਇੱਥੋਂ ਤੱਕ ਹੀ ਸੀਮਤ ਨਹੀਂ, ਸਗੋਂ ਸਾਗ-ਸਬਜ਼ੀਆਂ, ਸ਼ਮੀਨਰੀ, ਖੇਤੀਬਾੜੀ ਸੰਦਾਂ ਜਾਂ ਪੈਸੇ-ਟਕੇ ਦਾ ਬੁੱਤਾ ਸਾਰਨ ਲੱਗੇ ਪਰਵਾਹ ਨਹੀਂ ਕਰਦੇ ਵਿਆਹ-ਸ਼ਾਦੀ ਮੌਕੇ ਵੀ ਗੁਆਂਢ ਘਰ ਦੀ ਵਾਧੂ ਵਰਤੋਂ ਹੁੰਦੀ ਸੀ ਉੱਥੇ ਹੀ ਹਲਵਾਈ ਬਿਠਾਉਣ, ਸਰੀਕੇ ਰੋਟੀ, ਮੰਜੇ-ਬਿਸਤਰੇ, ਦਾਜ ਦਾ ਸਾਮਾਨ ਤੇ ਖਾਸ ਮਹਿਮਾਨਾਂ ਦੇ ਕਮਰੇ ਦਾ ਪ੍ਰਬੰਧ ਹੋ ਜਾਂਦਾ

ਉਹ ਵੀ ਪਰਿਵਾਰਕ ਕਾਰਜ ਸਮਝ ਖੁਸ਼ੀ-ਖੁਸ਼ੀ ਕੰਮ ਕਰਦੇ ਬੀਤੇ ਵੇਲੇ ‘ਚ ਸਾਧਨਾਂ ਜਾਂ ਪੈਸੇ ਦੀ ਤੋਟ ਜ਼ਰੂਰ ਸੀ ਪਰ ਨਿਹਸਵਾਰਥ ਸੇਵਾ ਭਾਵਨਾ ਨਾਲ ਸਭ ਕਾਰ-ਵਿਹਾਰ ਪੂਰ ਚੜ੍ਹਦੇ ਇੱਥੋਂ ਤੱਕ ਸਕੀਰੀਆਂ ਨੂੰ ਜਾਣ ਵੇਲੇ ਪਸ਼ੂਆਂ ਲਈ ਹਰੇ ਚਾਰੇ ਤੇ ਬਜ਼ੁਰਗਾਂ ਦੀ ਰੋਟੀ-ਟੁੱਕ ਦਾ ਜਿੰਮਾ ਵੀ ਖਿੜੇ ਮੱਥੇ ਕਬੂਲਦੇ ਹੁਣ ਇਹ ਮੋਹ ਦਾ ਵਰਤਾਰਾ ਘਟਦਾ ਜਾ ਰਿਹਾ ਹੈ ਸ਼ਹਿਰਾਂ ਵਿੱਚ ਤਾਂ ਪਹਿਲਾ ਹੀ ਨਾਮਾਤਰ ਸੀ। ਨੌਕਰੀਪੇਸ਼ਾ ਜਾਂ ਵਪਾਰਕ ਕੰਮਾਂ-ਰੁਝੇਵਿਆਂ ਕਾਰਨ ਸਮੇਂ ਦੀ ਘਾਟ ਜਰੂਰ ਮੰਨਦੇ ਹਾਂ ਪਰ ਇਹ ਸਮਾਜਿਕ ਮੇਲ-ਜੋਲ ਲਈ ਸੰਸਕਾਰੀ ਪ੍ਰਵਿਰਤੀ ਨਹੀਂ ਜਿਸ ਦੀਆਂ ਉਦਾਹਰਨਾਂ ਸਮਾਗਮਾਂ ਵਿੱਚ ਖਾਨਾਪੂਰਤੀ ਕਰਨ ਸਮਾਪਤੀ ਸਮੇਂ ਆਉਂਦੇ ਲੋਕੀ ਆਮ ਹੀ ਦੇਖੇ ਜਾਂਦੇ ਹਨ

ਇਕਹਿਰੇ ਪਰਿਵਾਰ ਦੀ ਲਹਿਰ ਨੇ ਟੱਬਰ ਵਾਲਾ ਸਦੀਵੀਂ ਸਨੇਹ ਖਤਮ ਕਰ ਦਿੱਤਾ ਹੁਣ ਕੰਮਾਂ-ਕਾਰਾਂ ਵੱਲ ਜਾਣ ਪਿੱਛੋਂ ਘਰਾਂ ਵਿੱਚ ਇਕੱਲੇ ਬੱਚੇ ਜਾਂ ਬਜ਼ੁਰਗ ਹੀ ਦਿਸਦੇ ਹਨ ਅਜਿਹੇ ਦੌਰ ਵਿੱਚ ਨੇਕਦਿਲ ਗੁਆਂਢ ਹੋਣਾ ਜ਼ਿਆਦਾ ਜਰੂਰੀ ਹੋ ਗਿਆ ਜਿਸ ਦੇ ਸਹਾਰੇ ਅਸੀਂ ਪਰਿਵਾਰ ਨੂੰ ਮਹਿਫੂਜ਼ ਸਮਝਦੇ ਹਾਂ ਜੋ ਸੁਰੱਖਿਆ ਹੀ ਨਹੀਂ ਬਲਕਿ ਖਾਣੇ ਤੇ ਦਵਾ-ਦਾਰੂ ਦਾ ਵੀ ਖਿਆਲ ਰੱਖਦੇ ਹਨ ਬੱਚਿਆਂ ਲਈ ਵਧੀਆ ਗੁਣਾਂ ਦਾ ਧਾਰਨੀ ਮਨੁੱਖ ਸੰਸਥਾ ਦੇ ਸਾਮਾਨ ਹੁੰਦਾ ਹੈ ਉਸ ਦੀ ਸੰਗਤ ਵਿੱਚ ਉੱਤਮ ਵਿਚਾਰ ਗ੍ਰਹਿਣ ਕਰਦੇ ਹਨ ਨਜ਼ਰੀਏ ਵਿੱਚ ਸਕਾਰਾਤਾਮਕ ਸੋਚ ਉੱਭਰਦੀ ਹੈ ਜਿਸ ਸਦਕੇ ਜਿੰਦਗੀ ਦੇ ਔਖੇ ਪੈਂਡੇ ਵਿੱਚ ਢੇਰੀ ਨਹੀਂ ਢਾਹੁੰਦੇ

21ਵੀਂ ਸਦੀ ਦੀਆਂ ਆਧੁਨਿਕ ਖੋਜਾਂ ਨੇ ਦੁਨੀਆ ਦੀ ਕਇਆ ਕਲਪ ਕਰ ਦਿੱਤੀ ਪਰੰਤੂ ਮਾਨਵੀ ਮੇਲ-ਜੋਲ ਤੇ ਮੁਹੱਬਤੀ ਤੰਦਾਂ ਨੂੰ ਕਮਜ਼ੋਰ ਕਰ ਦਿੱਤਾ ਸਭ ਸੁਵਿਧਾਵਾਂ ਮੋਬਾਇਲ ਸਹਾਰੇ ਅੱਖ ਝਪਕਦਿਆਂ ਮਿਲ ਜਾਂਦੀਆਂ ਹਨ ਇਹ ਪੈਸੇ ਦੀ ਬਹੁਤਾਤ ਨਾਲ ਹੋਰ ਵੀ ਸੌਖਾ ਹੋ ਗਿਆ ਦੁਨੀਆ ਭਰ ਦੇ ਅਨੰਦ ਲੋਕੀ ਘਰ ਬੈਠੇ ਮਾਣਦੇ ਹਨ

ਉਂਜ ਪਦਾਰਥਵਾਦੀ ਯੁੱਗ ਮਨੁੱਖੀ ਭਾਵਨਾਤਮਕ ਸਾਥ ਦੀ ਘਾਟ ਪੂਰੀ ਨਹੀਂ ਕਰ ਸਕਿਆ ਜੋ ‘ਬੰਦਾ ਬੰਦੇ ਦੀ ਦਾਰੂ’ ਅਖਾਣ ਦੀ ਅਟੁੱਟ ਪ੍ਰਵਾਨਤਾ ਹੈ ਜਿਹੜੇ ਕਾਰਜ ਮਨੁੱਖ ਸਮਾਜ ਜਾਂ ਮਾਨਵਤਾ ਭਲਾਈ ਲਈ ਕਰਦਾ ਹੈ ਉਹ ਮਸ਼ੀਨਾਂ ਜਾਂ ਸਿਰਫ ਪੈਸੇ ਨਾਲ ਸੰਭਵ ਨਹੀਂ। ਜਦੋਂ ਵਿਸ਼ਵਾਸਯੋਗ ਨਿਹਸਵਾਰਥ ਸਾਥ ਮਿਲ ਜਾਵੇ ਉਹ ਹੌਂਸਲਾ ਸੰਸਾਰ ਜਿੱਤਣ ਵਰਗਾ ਜਾਪਦਾ ਹੈ ਹਸਮੁੱਖ ਤੇ ਮਿਲਾਪੜਾ ਸੁਭਾਅ ਸਹਿਜ਼ ਮਨੁੱਖ ਦੀ ਨਿਸ਼ਾਨੀ ਹੈ ਜੋ ਨਰੋਏ ਸਮਾਜ ਦੇ ਘੇਰੇ ਨੂੰ ਵਿਸ਼ਾਲ ਕਰਦਾ ਹੈ ਅਜਿਹੇ ਸੰਗੀ-ਸਾਥੀ ਮੁਸੀਬਤਾਂ ਵੇਲੇ ਚੱਟਾਨਾਂ ਵਾਗ ਨਾਲ ਖੜ੍ਹਦੇ ਹਨ ।

ਤਿਉਹਾਰ ਜੀਵਨ ਦਾ ਖੁਸ਼ਨੁਮਾ ਹਿੱਸਾ ਹਨ ਜਿਸ ਤੋਂ ਬਿਨਾ ਦੁਨੀਆ ਬੇਰੰਗੀ ਹੈ ਲੋਕੀ ਇਕੱਠੇ ਹੋ ਬੜੇ ਚਾਵਾਂ-ਮਲਾਰਾਂ ਨਾਲ ਮਨਾਉਂਦੇ ਹਨ ਹਰ ਵਾਰ ਸਕੇ-ਸਬੰਧੀ ਸ਼ਾਮਲ ਨਹੀਂ ਹੋ ਸਕਦੇ ਸੋ ਇਨ੍ਹਾਂ ਨੂੰ ਮਾਨਣਾ ਅਜ਼ੀਜ ਗੁਆਂਢ ਬਿਨਾ ਅਧੂਰਾ ਹੈ ਇੱਕ ਕੁਨਬੇ ਵਾਂਗ ਸਭ ਮਿਲ ਕੇ ਅਨੰਦ ਮਾਣਦੇ ਹਨ ਦੀਵਾਲੀ, ਹੋਲੀ ਵਰਗੇ ਤਿਉਹਾਰਾਂ ਦੀਆਂ ਖੁਸ਼ੀਆਂ ਦੂਣ ਸਵਾਈਆਂ ਹੋ ਜਾਂਦੀਆਂ ਇਕੱਲੇ-ਕਹਿਰੇ ਬੱਚੇ ਇਕੱਠੇ ਹੋ ਮੈਦਾਨੀ ਖੇਡਾਂ ਖੇਡਦੇ ਨਹੀਂ ਥੱਕਦੇ ਇਹ ਸਰੀਰਕ ਸੰਤੁਲਨ ਤੇ ਫਾਸਟ ਫੂਡ ਖਾਣਿਆਂ ਕਰਕੇ ਜਰੂਰੀ ਵੀ ਹੈ ਬਜ਼ੁਰਗਾਂ ਦਾ ਸਮਾਂ ਵਧੀਆ ਬੀਤਦਾ ਹੈ ਸਵੇਰੇ-ਸ਼ਾਮ ਦੀ ਸੈਰ ਨਾਲ ਸਰੀਰ ਤਰੋ-ਤਾਜਾ ਤੇ ਤੰਦਰੁਸਤ ਮਹਿਸੂਸ ਕਰਦਾ ਹੈ ਕਈ ਵਾਰ ਢਲਦੀ ਉਮਰੇ ਲੋਕ ਚੰਗੇ ਗੁਆਂਢ ਦੇ ਸਾਥ ਕਾਰਨ ਦੂਰ ਗਰਾਂ ਜਾਣਾ ਪਸੰਦ ਨਹੀਂ ਕਰਦੇ ਜੋ ਬੁਢਾਪੇ ਸਮੇਂ ਦੀ ਜਰੂਰਤ ਦੇ ਨਾਲੋ-ਨਾਲ ਖੁਸ਼ੀਆਂ ਵੀ ਦਿੰਦਾ ਹੈ ।

ਸੱਭਿਆਚਾਰ ਸਾਡੇ ਸਮਾਜ ਦਾ ਸ਼ੀਸ਼ਾ ਹੈ ਜਿਹੜਾ ਸਾਨੂੰ ਰੀਤੀ, ਰਿਵਾਜ਼ ਤੇ ਪਰੰਪਰਾਵਾਂ ਪ੍ਰਤੀ ਅਗਾਹ ਕਰਦਾ ਹੈ ਗੁਆਂਢ ਪਰੰਪਰਾ ਪੁਰਖਿਆਂ ਦੀ ਦੇਣ ਹੈ ਇਸ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਮੇਲ ਮਿਲਾਪ ਤੇ ਸਹਿਯੋਗ ਹੀ ਸੰਤੁਲਿਤ ਸਮਾਜ ਦੀ ਨੀਂਹ ਹੈ ਜਿਸ ਨਾਲ ਅਦਬੀ ਸੰਸਾਰ ਦੀ ਸਿਰਜਣਾ ਕਰ ਸਕਦੇ ਹਾਂ  ਪੁਰਾਣੇ ਸਮਿਆਂ ਵਿੱਚ ਲੋਕੀ ਗੁਆਂਢ ਜਾਂ ਨੇੜੇ ਵੱਸਦੇ ਲੋਕਾਂ ਨੂੰ ਖਾਸ ਮਹੱਤਵ ਦਿੰਦੇ ਸਨ ਉਨ੍ਹਾਂ ਨਾਲ ਚੰਗੇ ਤੇ ਲੰਮੇਰੇ ਸਬੰਧ ਰੱਖਣ ਦਾ ਯਤਨ ਕਰਦੇ ਤੇ ਪਰਿਵਾਰਕ ਮੈਂਬਰਾਂ ਵਾਂਗ ਵਿਚਰਦੇ ।

ਅਜੋਕੀ ਪੀੜ੍ਹੀ ਦੀ ਤੇਜ-ਤਰਾਰ ਜੀਵਨਸ਼ੈਲੀ ਵਿਘਨਮਈ ਹੈ ਸਮੇਂ ਦੀ ਘਾਟ, ਘਰੇਲੂ ਤੇ ਦਫਤਰੀ ਫਰਜ ਵੀ ਹਨ ਜਿਸ ਕਾਰਨ ਬਹੁਤੇ ਲੋਕੀ ਸਮਾਜਿਕ ਜਿੰਮੇਵਾਰੀਆਂ ਤੋਂ ਲਾਪਰਵਾਹ ਤੇ ਸੁਭਾਅ ਦੇ ਚਿੜਚਿੜੇ ਹੋ ਜਾਂਦੇ ਹਨ ਸੋਚਦੇ ਨਹੀਂ ਕਿ ਇਹ ਤਰੱਕੀ ਲਈ ਖੂਬਸੂਰਤ ਰਸਤਾ ਹੈ ਜਿਸ ਨਾਲ ਸਾਡੇ ਅੰਦਰ ਚੁਸਤੀ ਤੇ ਨਵੀਆਂ ਪੁਲਾਂਘਾਂ ਦੀ ਉਮੰਗ ਉਮੜਦੀ ਹੈ ਘਰ ਵਿਚਲੇ ਚਾਰ ਭਾਂਡਿਆਂ ਦਾ ਖੜਕਣਾ ਸੁਭਾਵਿਕ ਹੈ। ਬੁਲੰਦ ਹੌਂਸਲੇ ਤੇ ਜ਼ੁਬਾਨ ਦੀ ਮਿਠਾਸ ਵੱਡੇ ਫੱਟ ਭਰਨ ਵਿੱਚ ਦੇਰ ਨਹੀਂ ਲਾਉਂਦੀ ਅਮਰੀਕਾ ਦੀ ਲੇਖਿਕਾ ਹੈਲਨ ਕੈਲਰ  ਅਨੁਸਾਰ, ਇਕੱਲੇ ਤੁਸੀਂ ਘੱਟ ਹੋ, ਪਰ ਇਕੱਠੇ ਹੋ ਕੇ ਬਹੁਤ ਕੁਝ ਕਰ ਸਕਦੇ ਹੋ ਸਾਨੂੰ ਸਮੇਂ ਦੀ ਨਿਜ਼ਾਕਤ ਨਾਲ ਤਲਖੀ ਛੱਡ ਰਿਸ਼ਤਿਆਂ ਦਾ ਨਿੱਘ ਮਾਨਣ ਵੱਲ ਗੌਰ ਕਰਨੀ ਚਾਹੀਦੀ ਹੈ ਤਾਂ ਜੋ ਆਂਢ-ਗੁਆਂਢ ਦੇ ਮਖਮਲੀ ਅਹਿਸਾਸ ਖ਼ਤਮ ਨਾ ਹੋਵਣ।
ਪੰਜਾਬ ਹਰਿਆਣਾ ਹਾਈਕੋਰਟ, ਚੰਡੀਗੜ੍ਹ
ਮੋ. 78374-90309
ਐਡਵੋਕੇਟ ਰਵਿੰਦਰ ਸਿੰਘ  ਧਾਲੀਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.