ਇਤਿਹਾਸ ਦਾ ਵਿੱਸਰਿਆ ਪੰਨਾ,1946 ਦਾ ਜਲ ਸੈਨਾ ਵਿਦਰੋਹ

ਇਤਿਹਾਸ ਦਾ ਵਿੱਸਰਿਆ ਪੰਨਾ,1946 ਦਾ ਜਲ ਸੈਨਾ ਵਿਦਰੋਹ

ਦੂਸਰਾ ਸੰਸਾਰ ਯੁੱਧ 1 ਸਤੰਬਰ 1939 ਤੋਂ ਲੈ ਕੇ 2 ਸਤੰਬਰ 1945 ਤੱਕ ਚੱਲਿਆ ਸੀ। ਉਸ ਵੇਲੇ ਬਿ੍ਰਟਿਸ਼ ਅਤੇ ਅਮਰੀਕੀ ਜਲ ਸੈਨਾ ਦਾ ਸਾਰਾ ਧਿਆਨ ਜਰਮਨੀ ਅਤੇ ਜਪਾਨ ਦੀ ਜਲ ਸੈਨਾ ਨੂੰ ਤਬਾਹ ਕਰਨ ਵੱਲ ਲੱਗਾ ਹੋਇਆ ਸੀ। ਇਸ ਕਾਰਨ ਬਿ੍ਰਟਿਸ਼ ਸਾਮਰਾਜ ਦੇ ਅਧੀਨ ਭਾਰਤ, ਅਰਬ ਪ੍ਰਾਇਦੀਪ, ਬਰਮਾ, ਹਾਂਗਕਾਂਗ ਅਤੇ ਸਿੰਗਾਪੁਰ ਆਦਿ ਦੀ ਰਖਵਾਲੀ ਕਰਨ ਲਈ ਰਾਇਲ ਇੰਡੀਅਨ ਨੇਵੀ ਨੂੰ ਬੇਹੱਦ ਮਜ਼ਬੂਤ ਕੀਤਾ ਗਿਆ ਜਿਸ ਨੇ ਇਹ ਡਿਊਟੀ ਬਾਖੂਬੀ ਨਿਭਾਈ।

ਜੰਗੀ ਜਹਾਜ਼ਾਂ ਦੇ ਕੈਪਟਨ ਅਤੇ ਅਫਸਰ ਬਿ੍ਰਟਿਸ਼ ਹੁੰਦੇ ਸਨ ਤੇ ਅਧੀਨ ਮੁਲਾਜ਼ਮ ਭਾਰਤੀ। ਕਿਉਂਕਿ ਜੰਗ ਦੇ ਦੌਰਾਨ ਹਰੇਕ ਸੈਨਿਕ ਦੀ ਜਰੂਰਤ ਹੁੰਦੀ ਹੈ, ਇਸ ਲਈ ਅੰਗਰੇਜ਼ ਅਫਸਰਾਂ ਦਾ ਭਾਰਤੀਆਂ ਪ੍ਰਤੀ ਵਿਹਾਰ ਬਹੁਤ ਵਧੀਆ ਸੀ। ਪਰ ਜੰਗ ਖਤਮ ਹੁੰਦੇ ਸਾਰ ਹਾਲਾਤ ਬਿਲਕੁਲ ਬਦਲ ਗਏ। ਕੁਝ ਨਸਲਵਾਦੀ ਅਫਸਰਾਂ ਵੱਲੋਂ ਭਾਰਤੀਆਂ ਨੂੰ ਕੁਲੀ ਦੀ ਔਲਾਦ, ਬਲੈਕ ਬਾਸਟਰਡਜ਼, ਅਤੇ ਜੰਗਲੀ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਣ ਲੱਗਾ। ਇਸ ਤੋਂ ਇਲਾਵਾ ਜੰਗ ਕਾਰਨ ਦੀਵਾਲੀਆ ਹੋ ਚੁੱਕੇ ਬਿ੍ਰਟਿਸ਼ ਸਾਮਰਾਜ ਦਾ ਖਰਚਾ ਬਚਾਉਣ ਲਈ 70% ਸਮੁੰਦਰੀ ਫੌਜ ਨੂੰ ਡਿਸਚਾਰਜ ਕਰਕੇ ਘਰਾਂ ਨੂੰ ਭੇਜਣ ਦਾ ਫੈਸਲਾ ਕਰ ਲਿਆ ਗਿਆ।

ਜਹਾਜ਼ਾਂ ਤੋਂ ਉਤਾਰ ਕੇ ਫੌਜੀਆਂ ਨੂੰ ਜਲ ਸੈਨਾ ਦੀਆਂ ਛਾਉਣੀਆਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ ਗੈਰ-ਇਨਸਾਨੀ ਹਾਲਾਤ ਵਿੱਚ ਰੱਖਿਆ ਜਾਂਦਾ ਸੀ। ਨਾ ਤਾਂ ਉਨ੍ਹਾਂ ਨੂੰ ਨਿੱਤ ਪ੍ਰਤੀ ਦੇ ਕੰਮ ਨਿਪਟਾਉਣ ਲਈ ਪੂਰਾ ਪਾਣੀ ਮਿਲਦਾ ਸੀ ਤੇ ਨਾ ਹੀ ਚੰਗਾ ਖਾਣਾ। ਇੱਕ ਤਾਂ ਜਹਾਜ਼ੀਆਂ ਨੂੰ ਨੌਕਰੀ ਜਾਣ ਦਾ ਦੁੱਖ ਸੀ, ਉੱਪਰੋਂ ਘਟੀਆ ਮਾਹੌਲ ਨੇ ਉਨ੍ਹਾਂ ਦਾ ਗੁੱਸਾ ਹੋਰ ਭੜਕਾ ਦਿੱਤਾ। ਉਨ੍ਹਾਂ ਨੇ ਅਫਸਰਾਂ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਈ ਥਾਈਂ ਗੋਰੇ ਅਫਸਰਾਂ ਦੀ ਕੁੱਟ ਮਾਰ ਵੀ ਕਰ ਦਿੱਤੀ। 18 ਫਰਵਰੀ 1946 ਨੂੰ ਬੰਬਈ ਦੀ ਜਲ ਸੈਨਾ ਛਾਉਣੀ ਵਿੱਚ ਹੜਤਾਲ ਕਰ ਦਿੱਤੀ ਗਈ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਮਾਰਦਿਆਂ ਹੋਇਆਂ ਸ਼ਹਿਰ ਵਿੱਚ ਇੱਕ ਜਲੂਸ ਕੱਢਿਆ ਗਿਆ।

ਬਾਗੀਆਂ ਨੇ ਪੈਟੀ ਅਫਸਰ ਮਦਨ ਸਿੰਘ ਤੇ ਸਿਗਨਲਮੈਨ ਐਮ. ਐਸ. ਖਾਨ ਦੀ ਅਗਵਾਈ ਹੇਠ ਇੱਕ ਇਨਕਲਾਬੀ ਕਮੇਟੀ ਦਾ ਗਠਨ ਕਰ ਲਿਆ। ਅੰਗਰੇਜ਼ਾਂ ਵੱਲੋਂ ਭਾਰਤ ਛੱਡਣ ਵਿੱਚ ਕੀਤੀ ਜਾ ਰਹੀ ਢਿੱਲ-ਮੱਠ ਤੋਂ ਦੁਖੀ ਆਮ ਜਨਤਾ ਨੇ ਇਸ ਹੜਤਾਲ ਨੂੰ ਭਾਰੀ ਸਮੱਰਥਨ ਦਿੱਤਾ ਤੇ ਪੁਲਿਸ ਵੀ ਹੜਤਾਲੀਆਂ ਨਾਲ ਮਿਲ ਗਈ। ਇੱਥੋਂ ਤੱਕ ਕਿ ਹਵਾਈ ਅਤੇ ਥਲ ਸੈਨਾ ਦੀਆਂ ਛਾਉਣੀਆਂ ਵਿੱਚ ਵੀ ਇਸ ਹੜਤਾਲ ਦੇ ਸਮੱਰਥਨ ਵਿੱਚ ਮੀਟਿੰਗਾਂ ਸ਼ੁਰੂ ਹੋ ਗਈਆਂ।

ਰਾਇਲ ਇੰਡੀਅਨ ਨੇਵੀ ਦੇ ਸੁਪਰੀਮ ਕਮਾਂਡਰ ਜਾਹਨ ਹੈਨਰੀ ਗੌਡਫਰੇ ਦੇ ਇੱਕ ਬਿਆਨ ਨੇ ਬਲ਼ਦੀ ਵਿੱਚ ਘਿਉ ਦਾ ਕੰਮ ਕੀਤਾ ਕਿ ਜੇ ਬਾਗੀਆਂ ਨੇ ਆਤਮ-ਸਮੱਰਪਣ ਨਾ ਕੀਤਾ ਤਾਂ ਸਾਰੀ ਇੰਡੀਅਨ ਨੇਵੀ ਨੂੰ ਨੇਸਤਾਨਾਬੂਦ ਕਰ ਦਿੱਤਾ ਜਾਵੇਗਾ। 35000 ਦੇ ਕਰੀਬ ਜਲ ਸੈਨਿਕਾਂ ਅਤੇ 82 ਸਮੁੰਦਰੀ ਜਹਾਜ਼ਾਂ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ। ਬਿ੍ਰਟਿਸ਼ ਝੰਡਿਆਂ ਨੂੰ ਅੱਗ ਦੇ ਹਵਾਲੇ ਕਰਕੇ ਕਾਂਗਰਸ, ਮੁਸਲਿਮ ਲੀਗ ਅਤੇ ਕਮਿਊਨਿਸਟ ਪਾਰਟੀ ਦੇ ਝੰਡੇ ਲਹਿਰਾ ਦਿੱਤੇ ਗਏ। ਅੰਗਰੇਜ਼ਾਂ ਨੇ ਇਸ ਬਗਾਵਤ ਨੂੰ ਦਬਾਉਣ ਲਈ ਰਾਇਲ ਮੈਰੀਨਜ਼ ਅਤੇ 5ਵੀਂ ਮਰਾਠਾ ਲਾਈਟ ਇਨਫੈਂਟਰੀ ਨੂੰ ਭੇਜਿਆ। ਜਹਾਜ਼ੀਆਂ ਅਤੇ ਫੌਜ ਵਿੱਚ ਜੰਮ ਕੇ ਗੋਲਾਬਾਰੀ ਹੋਈ।

ਸਮੁੰਦਰੀ ਜਹਾਜ਼ਾਂ ਤੋਂ ਵੱਡੀਆਂ ਤੋਪਾਂ ਨਾਲ ਕੀਤੀ ਗਈ ਭਿਆਨਕ ਬੰਬਾਰੀ ਨੇ ਫੌਜ ਨੂੰ ਪਿੱਛੇ ਧੱਕ ਦਿੱਤਾ। ਬੰਬਈ ਦੀ ਇਸ ਸਫਲਤਾ ਨੇ ਸਾਰੇ ਦੇਸ਼ ਵਿੱਚ ਉਤਸ਼ਾਹ ਭਰ ਦਿੱਤਾ। ਕਰਾਚੀ, ਕਲਕੱਤਾ, ਮਦਰਾਸ, ਪੂਨਾ, ਵਿਸ਼ਾਖਾਪਟਨਮ, ਕਾਠੀਆਵਾੜ ਤੇ ਅੰਡੇਮਾਨ ਨਿਕੋਬਾਰ ਆਦਿ ਦੇ ਸਮੁੰਦਰੀ ਅੱਡਿਆਂ ਤੋਂ ਇਲਾਵਾ ਥਲ ਸੈਨਾ ਅਤੇ ਹਵਾਈ ਸੈਨਾ ਦੀਆਂ ਕਈ ਛਾਉਣੀਆਂ ਵਿੱਚ ਵੀ ਹੜਤਾਲ ਸ਼ੁਰੂ ਹੋ ਗਈ। ਪੰਜਾਬ ਅਤੇ ਬੰਗਾਲ ਸਮੇਤ ਅਨੇਕਾਂ ਥਾਵਾਂ ’ਤੇ ਇਨ੍ਹਾਂ ਸੂਰਮਿਆਂ ਦੇ ਹੱਕ ਵਿੱਚ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕਾਂਗਰਸ ਅਤੇ ਮੁਸਲਿਮ ਲੀਗ ਨੇ ਇਸ ਬਿਨ੍ਹਾ ’ਤੇ ਬਗਾਵਤ ਦੀ ਵਿਰੋਧਤਾ ਕੀਤੀ ਕਿ ਇਸ ਨਾਲ ਦੇਸ਼ ਨੂੰ ਜਲਦੀ ਮਿਲਣ ਜਾ ਰਹੀ ਅਜ਼ਾਦੀ ਪ੍ਰਭਾਵਿਤ ਹੋ ਸਕਦੀ ਹੈ।

ਐਨੇ ਵਿੱਚ ਅੰਗਰੇਜ਼ਾਂ ਨੇ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਆਪਣੇ ਵਫਾਦਰ ਸੈਨਿਕ (ਜ਼ਿਆਦਾਤਰ ਗੋਰੇ) ਬੁਲਾ ਲਏ ਤੇ ਗਹਿਗੱਚ ਲੜਾਈ ਸ਼ੁਰੂ ਹੋ ਗਈ। ਇਸ ਘਮਸਾਣ ਵਿੱਚ 700 ਦੇ ਕਰੀਬ ਜਲ ਸੈਨਿਕ ਅਤੇ 250 ਦੇ ਕਰੀਬ ਬਿ੍ਰਟਿਸ਼ ਸੈਨਿਕ ਮਾਰੇ ਗਏ। ਜਦੋਂ ਅੰਗਰੇਜ਼ ਆਪਣੇ ਮਸਕਦ ਵਿੱਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੇ ਕਾਂਗਰਸ ਅਤੇ ਮੁਸਲਿਮ ਲੀਗ ਨੂੰ ਮੱਦਦ ਲਈ ਅਪੀਲ ਕੀਤੀ। ਦੋਵਾਂ ਪਾਰਟੀਆਂ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਆਪਣਾ ਸਾਂਝਾ ਦੂਤ ਬਣਾ ਕੇ ਇਨਕਲਾਬੀ ਕਮੇਟੀ ਕੋਲ ਭੇਜਿਆ।

ਪਟੇਲ ਨੇ ਬਿ੍ਰਟਿਸ਼ ਸਰਕਾਰ ਵੱਲੋਂ ਗਰੰਟੀ ਦਿੱਤੀ ਕਿ ਜੇ ਬਾਗੀ ਆਤਮ-ਸਮੱਰਪਣ ਕਰ ਦੇਣ ਤਾਂ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਕਿਸੇ ਕਿਸਮ ਦਾ ਕੋਈ ਜ਼ੁਲਮ ਕੀਤਾ ਜਾਵੇਗਾ। ਕਿਉਂਕਿ ਬਾਗੀਆਂ ਕੋਲ ਗੋਲਾ-ਬਾਰੂਦ ਦੀ ਕਮੀ ਹੋ ਰਹੀ ਸੀ, ਉਨ੍ਹਾਂ ਨੇ ਸ਼ਰਤਾਂ ਮੰਨ ਲਈਆਂ ਤੇ 28 ਫਰਵਰੀ ਨੂੰ ਆਤਮ-ਸਮੱਰਪਣ ਕਰ ਦਿੱਤਾ। ਬਾਗੀਆਂ ਦਾ ਕੋਰਟ ਮਾਰਸ਼ਲ ਕਰ ਕੇ ਕੈਦ ਦੀਆਂ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ ਅਤੇ 476 ਬਾਗੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ ਤੇ ਉਨ੍ਹਾਂ ਦੀਆਂ ਸਜ਼ਾਵਾਂ ਮਾਫ ਕਰ ਦਿੱਤੀਆਂ ਗਈਆਂ ਪਰ ਬਰਖਾਸਤ ਕੀਤੇ ਗਏ ਜਹਾਜ਼ੀਆਂ ਨੂੰ ਨਾ ਤਾਂ ਅਜ਼ਾਦ ਭਾਰਤ ਅਤੇ ਨਾ ਹੀ ਪਾਕਿਸਤਾਨ ਨੇ ਦੁਬਾਰਾ ਨੌਕਰੀ ਵਿੱਚ ਰੱਖਿਆ।

ਭਾਵੇਂ ਕਾਂਗਰਸ ਅਤੇ ਮੁਸਲਿਮ ਲੀਗ ਦੇ ਦਬਾਅ ਕਾਰਨ ਇਸ ਬਗਾਵਤ ਨੂੰ ਅਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਬਣਦਾ ਸਨਮਾਨ ਨਹੀਂ ਮਿਲਿਆ, ਪਰ ਇਸ ਨੇ ਅੰਗਰੇਜ਼ਾਂ ਨੂੰ ਜਲਦੀ ਭਾਰਤ ਛੱਡਣ ਵਾਸਤੇ ਮਜ਼ਬੂਰ ਕਰ ਦਿੱਤਾ। ਕਿਉਂਕਿ ਉਹ ਸਮਝ ਗਏ ਸਨ ਕਿ ਹੁਣ ਭਾਰਤੀਆਂ ਨੂੰ ਹੋਰ ਜ਼ਿਆਦਾ ਦੇਰ ਤੱਕ ਗੁਲਾਮ ਬਣਾਈ ਰੱਖਣ ਲਈ ਭਾਰਤੀ ਫੌਜ ਅਤੇ ਪੁਲਿਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਇਸ ਬਗਾਵਤ ਦਾ ਅੰਗਰੇਜ਼ਾਂ ਦੇ ਮਨ ’ਤੇ ਜੋ ਗਹਿਰਾ ਅਸਰ ਹੋਇਆ ਸੀ, ਉਹ ਹੇਠ ਲਿਖੀ ਘਟਨਾ ਤੋਂ ਸਪੱਸ਼ਟ ਹੁੰਦਾ ਹੈ। 1967 ਵਿੱਚ ਭਾਰਤ ਦੀ ਅਜ਼ਾਦੀ ਦੀ 20ਵੀਂ ਵਰ੍ਹੇਗੰਢ ਸਮੇਂ ਬੋਲਦੇ ਹੋਏ ਭਾਰਤ ਵਿੱਚ ਉਸ ਸਮੇਂ ਦੇ ਬਿ੍ਰਟਿਸ਼ ਰਾਜਦੂਤ ਜਾਹਨ ਫਰੀਮੈਨ ਨੇ ਕਿਹਾ ਸੀ ਕਿ 1946 ਦੀ ਬਗਾਵਤ ਨੇ ਅੰਗਰੇਜ਼ਾਂ ਦੇ ਮਨ ਵਿੱਚ 1857 ਦੀ ਕ੍ਰਾਂਤੀ ਤੋਂ ਕਿਤੇ ਭਿਆਨਕ ਭੈਅ ਪੈਦਾ ਕਰ ਦਿੱਤਾ ਸੀ। ਉਹ ਸਮਝ ਗਏ ਸਨ ਕਿ ਜੇ ਦੂਸਰੇ ਸੰਸਾਰ ਯੁੱਧ ਦੀ ਚੰਡੀ ਹੋਈ 25 ਲੱਖ ਭਾਰਤੀ ਸੈਨਾ ਨੇ ਬਗਾਵਤ ਕਰ ਦਿੱਤੀ ਤਾਂ ਹਾਲਾਤ 1857 ਦੀ ਕ੍ਰਾਂਤੀ ਨਾਲੋਂ ਬਹੁਤ ਜਿਆਦਾ ਬਦਤਰ ਬਣ ਜਾਣਗੇ ਤੇ ਇਸ ਵਾਰ ਇੱਕ ਵੀ ਅੰਗਰੇਜ਼ ਜਾਨ ਬਚਾ ਕੇ ਭਾਰਤ ਤੋਂ ਨਹੀਂ ਨਿੱਕਲ ਸਕੇਗਾ। ਇਸ ਕਾਰਨ ਹੀ ਅੰਗਰੇਜ਼ਾਂ ਨੇ ਸ਼ਾਂਤੀ ਨਾਲ ਸੁੱਖੀ-ਸਾਂਦੀ ਭਾਰਤ ਛੱਡਣ ਵਿੱਚ ਭਲਾਈ ਸਮਝੀ।
ਪੰਡੋਰੀ ਸਿੱਧਵਾਂ
ਮੋ. 95011-00062
ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ