ਸੜਕ ’ਤੇ ਗੈਸ ਵਾਲਾ ਟੈਂਕਰ ਪਲਟਿਆ, ਲੱਗੀ ਭਿਆਨਕ ਅੱਗ

Fire Sachkahoon

ਵੱਡੀ ਗਿਣਤੀ ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਅੱਗ ’ਤੇ ਕਾਬੂ

ਗੋਨਿਆਣਾ ਮੰਡੀ (ਜਗਤਾਰ ਜੱਗਾ)। ਪਿੰਡ ਜੀਦਾ ਦੇ ਟੌਲ ਪਲਾਜ਼ੇ ਕੋਲ ਬੀਤੀ ਰਾਤ ਇੱਕ ਗੈਸ ਟੈਂਕਰ ਪਲਟ ਜਾਣ ਕਾਰਨ ਭਿਆਨਕ ਅੱਗ ਲੱਗ ਗਈ ਇਸ ਹਾਦਸੇ ’ਚ ਵੱਡੇ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪ੍ਰੰਤੂ ਚਸ਼ਮਦੀਦਾਂ ਅਨੁਸਾਰ ਅੱਗ ਲੱਗਣ ਸਮੇਂ ਜੋ ਮੰਜਰ ਸੀ ਉਹ ਬਹੁਤ ਹੀ ਡਰਾਉਣਾ ਸੀ । ਮੌਕੇ ’ਤੇ ਮੌਜ਼ੂਦ ਪ੍ਰਤੱਖ ਦਰਸ਼ੀਆਂ ਤੇ ਹੋਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਟੋਲ ਪਲਾਜ਼ਾ ਪਾਸ ਕਰਦਿਆਂ ਹੀ ਪਿੰਡ ਰੋਮਾਣਾ ਅਜੀਤ ਸਿੰਘ ਦੇ ਬੱਸ ਸਟੈਂਡ ਕੋਲ ਗੈਸ ਦਾ ਟੈਂਕਰ ਡਰਾਈਵਰ ਦੇ ਕੰਟਰੋਲ ’ਚੋਂ ਬਾਹਰ ਹੋ ਕੇ ਸੜਕ ਦੇ ਵਿਚਕਾਰ ਹੀ ਪਲਟ ਗਿਆ ਤੇ ਗੈਸ ਦਾ ਭਰਿਆ ਹੋਣ ਕਰਕੇ ਗੈਸ ਲੀਕੇਜ਼ ਸੁਰੂ ਹੋ ਗਈ ।

ਥੋੜ੍ਹੀ ਦੇਰ ਬਾਅਦ ਹੀ ਟੈਂਕਰ ਦੇ ਬੈਟਰੇ ਵਿਚੋਂ ਤਾਰ ਸਪਾਰਕਿੰਗ ਹੋਣ ਕਾਰਨ ਗੈਸ ਨੂੰ ਅੱਗ ਲੱਗ ਗਈ ਅਤੇ ਜਿੱਥੋਂ ਤੱਕ ਗੈਸ ਖੇਤਾਂ ਵਿੱਚ ਫੈਲ ਗਿਆ ਪੂਰੇ ਦੇ ਪੂਰੇ ਖੇਤ ਸੜਕ ਅਤੇ ਨੇੜੇ ਦੇ ਖੜ੍ਹੇ ਹਰੇ-ਭਰੇ ਦਰੱਖਤ ਸੜ ਕੇ ਸੁਆਹ ਹੋ ਗਏ ਅਤੇ ਦਿਨ ਦੇ ਗਿਆਰਾਂ ਵਜੇ ਤੱਕ ਗੈਸ ਲੀਕੇਜ਼ ਜਾਰੀ ਸੀ ਅਤੇ ਪੰਜ ਸਟੇਸ਼ਨਾਂ ਤੋਂ ਆਈਆਂ ਫਾਇਰ ਬਿ੍ਰਗੇਡ ਗੱਡੀਆਂ ਨੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਸੀ ਅਤੇ ਸੁਰੱਖਿਆ ਦਸਤਾ ਗੈਸ ਨੂੰ ਨਿਪਟਾਉਣ ਵਿੱਚ ਲੱਗਿਆ ਹੋਇਆ ਸੀ।

ਫਾਇਰ ਬਿ੍ਰਗੇਡ ਕੋਟਕਪੂਰਾ ਦੇ ਕਰਮਚਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਲਗਭਗ ਸਵਾ ਬਾਰਾਂ ਦੇ ਕਰੀਬ ਸੂਚਨਾ ਮਿਲੀ ਕਿ ਪਿੰਡ ਰੋਮਾਣਾ ਅਜੀਤ ਸਿੰਘ ਕੋਲ ਗੈਸ ਟੈਂਕਰ ਪਲਟ ਗਿਆ ਹੈ ਅਤੇ ਅੱਗ ਲੱਗਣ ਦੀ ਸੰਭਾਵਨਾ ਵੀ ਜਤਾਈ ਗਈ ਸੀ ਅਸੀਂ ਤੁਰੰਤ ਹੀ ਉਥੋਂ ਆਪਣੀ ਗੱਡੀ ਲੈ ਕੇ ਘਟਨਾ ਸਥਾਨ ਵੱਲ ਰਵਾਨਾ ਹੋ ਗਏ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਤੁਰੰਤ ਹੀ ਬਠਿੰਡਾ ਸਟੇਸ਼ਨ, ਫਾਜਲਿਕਾ, ਫਰੀਦਕੋਟ, ਕੋਟਕਪੂਰਾ ਆਦਿ ਦੇ ਫਾਇਰ ਬਿ੍ਰਗੇਡ ਸਟੇਸ਼ਨਾਂ ਤੋਂ ਇੱਥੇ ਗੱਡੀਆਂ ਪਹੁੰਚ ਗਈਆਂ ਤੇ ਆਪਣੇ ਅੱਗ ਬੁਝਾਉਣ ਦੇ ਯਤਨਾਂ ਨੂੰ ਤੇਜ਼ ਕਰ ਦਿੱਤਾ ਸਭ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ ਗਿਆ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ ।

ਉਨ੍ਹਾਂ ਦੇ ਦੱਸਣ ਮੁਤਾਬਕ ਜੇਕਰ ਇਹ ਅੱਗ ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਆਪਣੇ ਨੇੜੇ ਦੇ ਇਕ ਕਿਲੋਮੀਟਰ ਦੇ ਸਰਕਲ ਰਾਊਂਡ ਖੇਤਰਫਲ ਵਿੱਚ ਬਹੁਤ ਵੱਡਾ ਬਲਾਸਟ ਕਰ ਸਕਦਾ ਸੀ ਅਤੇ ਤਬਾਹੀ ਦਾ ਮੰਜ਼ਰ ਬਹੁਤ ਹੀ ਭਿਆਨਕ ਹੋਣਾ ਸੀ ਮੌਕੇ ’ਤੇ ਮੌਜ਼ੂਦ ਐੱਚਪੀ ਕੰਪਨੀ ਦੇ ਸੁਰੱਖਿਆ ਦਸਤੇ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਇਹ ਟੈਂਕਰ ਫੁੱਲੋਖਾਰੀ ਤੋਂ ਭਰ ਕੇ ਜੰਮੂ ਵੱਲ ਰਵਾਨਾ ਹੋਇਆ ਸੀ ਰਸਤੇ ਵਿੱਚ ਇਹ ਟੈਂਕਰ ਡਰਾਈਵਰ ਦੇ ਕੰਟਰੋਲ ਵਿੱਚੋਂ ਬਾਹਰ ਹੋ ਕੇ ਹਾਦਸਾਗ੍ਰਸਤ ਹੋ ਗਿਆ ।

ਉਨ੍ਹਾਂ ਦੱਸਿਆ ਕਿ ਡਰਾਇਵਰ ਹਾਲੇ ਤੱਕ ਲਾਪਤਾ ਹੈ ਪਰੰਤੂ ਉਨ੍ਹਾਂ ਅਨੁਸਾਰ ਮੌਕੇ ’ਤੇ ਇੱਕ ਵਾਰ ਡਰਾਈਵਰ ਨੂੰ ਬਿਨਾ ਕਿਸੇ ਸੱਟ ਫੇਟ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਉਸ ਸਮੇਂ ਤੋਂ ਹੀ ਡਰਾਇਵਰ ਫ਼ਰਾਰ ਹੋਣ ਦੀ ਗੱਲ ਕਰਹੀ ਜਾ ਰਹੀ ਹੈ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਟੈਂਕਰ ਵਿਚਲਾ ਸਾਰਾ ਪ੍ਰੈਸ਼ਰ ਲੀਕ ਕਰ ਦਿੱਤਾ ਗਿਆ ਹੈ ਅਤੇ ਗੈਸ ਨੂੰ ਜਮਾਓ ਦਰਜੇ ਉੱਪਰ ਕਰ ਦਿੱਤਾ ਹੈ ਇਸ ਨਾਲ ਹੁਣ ਹੋਰ ਕਿਸੇ ਭਿਆਨਕ ਹਾਦਸੇ ਦੀ ਉਮੀਦ ਖ਼ਤਮ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਇਸ ਟੈਂਕਰ ਨੂੰ ਸਿੱਧਾ ਕਰਕੇ ਗੈਸ ਨੂੰ ਮਸ਼ੀਨਾਂ ਰਾਹੀਂ ਪਲਟੀ ਕਰ ਕੇ ਅਗਲੇ ਸਟੇਸ਼ਨ ਵੱਲ ਰਵਾਨਾ ਕਰ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।