ਹਲਕਾ ਘਨੌਰ ਅੰਦਰ ਸਿਆਸੀ ਧੁਰੰਦਰਾਂ ਦੇ ਮੁਕਾਬਲੇ ’ਤੇ ਲੱਗੀਆਂ ਨਜ਼ਰਾਂ

Punjab Election Sachkahoon

ਵਿਧਾਇਕ ਮਦਨ ਜਲਾਲਪੁਰ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਸਾਖ ਲੱਗੀ ਹੋਈ ਐ ਦਾਅ ’ਤੇ

ਕਬੱਡੀ ਖਿਡਾਰੀ ਗੁਰਲਾਲ ਘਨੌਰ ਦੀ ਆਪ ਵੱਲੋਂ ਪਾਈ ਰੇਡ ਬਣ ਰਹੀ ਐ ਚਰਚਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ (Ghanour Constituency) ਦੇ ਰਾਜਨੀਤਿਕ ਅਖਾੜੇ ਅੰਦਰ ਰਵਾਇਤੀ ਪਾਰਟੀਆਂ ਦੇ ਵੱਡੇ ਦਿੱਗਜ਼ ਆਗੂਆਂ ਦਾ ਮੁਕਾਬਲਾ ਹੋ ਰਿਹਾ ਹੈ। ਇਨ੍ਹਾਂ ਆਗੂਆਂ ਦੀ ਰਾਜਸੀ ਕਿਸਮਤ ਦਾਅ ’ਤੇ ਲੱਗੀ ਹੋਣ ਕਾਰਨ ਇਸ ਸੀਟ ’ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇੱਧਰ ਇਸ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਦੀ ਰਾਜਨੀਤਿਕ ਰੇਡ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਹਲਕਾ ਘਨੌਰ ਅੰਦਰ ਕਾਂਗਰਸ ਪਾਰਟੀ ਤੋਂ ਚਰਚਿਤ ਵਿਧਾਇਕ ਅਤੇ ਉਮੀਦਵਾਰ ਮਦਨ ਲਾਲ ਜਲਾਲਪੁਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਜਦੋਂਕਿ ਅਕਾਲੀ ਦਲ ਵੱਲੋਂ ਅਕਾਲੀ ਦਲ ਦੇ ਖੁੰਢ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਡਟੇ ਹੋਏ ਹਨ। ਇਸ ਹਲਕੇ ਅੰਦਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਐਂਟਰੀ ਨੇ ਹੀ ਉਸ ਸਮੇਂ ਰਾਜਨੀਤਿਕ ਗਰਮੀ ਲਿਆ ਦਿੱਤੀ ਸੀ ਜਦੋਂ ਉਨ੍ਹਾਂ ਵੱਲੋਂ ਮੁਖਮੈਲਪੁਰ ਪਰਿਵਾਰ ਨੂੰ ਪਾਸੇ ਕਰ ਆਪਣੀ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵੀ ਇੱਥੋਂ ਨਾਮੀ ਕਬੱਡੀ ਖਿਡਾਰੀ ਰਹੇ ਗੁਰਲਾਲ ਘਨੌਰ ਦੀ ਰੇਡ ਪਵਾ ਦਿੱਤੀ ਗਈ ਹੈ, ਜਿਸ ਕਾਰਨ ਇਸ ਸੀਟ ’ਤੇ ਸਿਆਸੀ ਖੇਡ ਹੋਰ ਵੀ ਦਿਲਚਸਪ ਹੋ ਗਈ ਹੈ। ਉਂਜ ਇਸ ਹਲਕੇ ਤੋਂ ਕਿਸਾਨਾਂ ਵੱਲੋਂ ਪ੍ਰੇਮ ਸਿੰਘ ਭੰਗੂ ਵੀ ਚੋਣ ਮੈਦਾਨ ਵਿੱਚ ਹਨ ਅਤੇ ਬੀਤੇ ਦਿਨੀਂ ਭਾਜਪਾ ਵੱਲੋਂ ਨੌਜਵਾਨ ਚਿਹਰੇ ਵਿਕਾਸ ਸ਼ਰਮਾ ਨੂੰ ਵੀ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਹੈ।

ਉਂਜ ਮੌਜੂਦਾ ਸਮੇਂ ਇਸ ਸੀਟ ’ਤੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਸ਼ੋਸਲ ਮੀਡੀਆ ’ਤੇ ਵੀ ਸਿਆਸੀ ਦੰਗਲ ਮਘਿਆ ਹੋਇਆ ਹੈ। ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਚੌਥੀ ਵਾਰ ਚੋਣ ਅਖਾੜੇ ਵਿੱਚ ਉਤਰੇ ਹੋਏ ਹਨ। ਉਹ 2007 ’ਚ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਜਿੱਤੇ ਅਤੇ ਉਸ ਤੋਂ ਬਾਅਦ 2012 ਦੀਆਂ ਚੋਣਾਂ ਮੌਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। 2012 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਅਕਾਲੀ ਦਲ ਦੀ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਸਾਲ 2017 ਦੀਆਂ ਚੋਣਾਂ ਵਿੱਚ ਉਨ੍ਹਾਂ ਵੱਲੋਂ ਬੀਬੀ ਮੂਖਮੈਲਪੁਰ ਨੂੰ ਵੱਡੀ ਹਾਰ ਦਿੱਤੀ ਗਈ। ਇਸ ਵਾਰ ਉਨ੍ਹਾਂ ਦੇ ਅੱਗੇ ਅਕਾਲੀ ਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਡਟੇ ਹੋਏ ਹਨ ਅਤੇ ਚੰਦੂਮਾਜਰਾ ਇਸ ਹਲਕੇ ਅੰਦਰ ਪਹਿਲੀ ਵਾਰ ਚੋਣ ਲੜ ਰਹੇ ਹਨ। ਉਂਜ ਉਹ ਭਾਵੇਂ ਚਾਰ ਵਾਰ ਪਹਿਲਾਂ ਵੀ ਵੱਖ-ਵੱਖ ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ, ਪਰ ਜਿੱਤ ਸਿਰਫ਼ ਇੱਕ ਵਾਰ ਹੀ ਹੋਈ ਹੈ।

ਹਲਕਾ ਘਨੌਰ ਅੰਦਰ ਉਨ੍ਹਾਂ ਦਾ ਪੁਰਾਣਾ ਰਸੂਖ ਹੋਣ ਕਾਰਨ ਉਹ ਲੋਕਾਂ ਵਿੱਚ ਆਪਣੀ ਪੈਠ ਬਣਾ ਰਹੇ ਹਨ। ਚੰਦੂਮਾਜਰਾ ਵੱਲੋਂ ਇੱਥੋਂ ਮਾਇਨਿੰਗ, ਸ਼ਰਾਬ ਮਾਫ਼ੀਆ ਸਮੇਤ ਅਨੇਕਾਂ ਮੁੱਦੇ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਲੜ ਰਹੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਇਨ੍ਹਾਂ ਦੋਹਾਂ ਦਿੱਗਜਾਂ ਨੂੰ ਤਕੜੀ ਟੱਕਰ ਦੇ ਰਹੇ ਹਨ। ਸਾਊ ਅਤੇ ਇਮਾਨਦਾਰ ਛਵੀ ਹੋਣ ਕਾਰਨ ਗੁਰਲਾਲ ਦੀ ਸਿਆਸੀ ਰੇਡ ਦੇ ਲੋਕਾਂ ਵਿੱਚ ਕਾਫ਼ੀ ਚਰਚੇ ਹਨ ਅਤੇ ਉਹ ਹਲਕੇ ਅੰਦਰ ਆਮ ਮੁੱੱਦੇ ਚੁੱਕ ਕੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਕਿਸਾਨਾਂ ਵੱਲੋਂ ਪ੍ਰੇਮ ਸਿੰਘ ਭੰਗੂ ਅਤੇ ਭਾਜਪਾ ਵੱਲੋਂ ਵਿਕਾਸ ਸ਼ਰਮਾ ਵੀ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਅੰਦਰ ਸਿੱਧੇ ਤੌਰ ’ਤੇ ਕਾਂਗਰਸ, ਅਕਾਲੀ ਦਲ ਅਤੇ ਆਪ ਉਮੀਦਵਾਰਾਂ ਦੇ ਸਿੰਙ ਫਸੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ