ਲੇਖ

ਅਟਾਰੀ ਬਾਰਡਰ ਦੀ ਪਰੇਡ ‘ਚੋਂ ਮਿਲੇ ਮਿੱਤਰਤਾ ਦਾ ਸੰਦੇਸ਼

Message, Friendship, AttariBorder, Parade

ਬਲਰਾਜ ਸਿੰਘ ਸਿੱਧੂ ਐੱਸਪੀ

ਅਟਾਰੀ ਬਾਰਡਰ ‘ਤੇ ਰੋਜ਼ਾਨਾ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਦੀ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਜਿਸ ਨੂੰ ਰੀਟਰੀਟ ਕਿਹਾ ਜਾਂਦਾ ਹੈ। ਇਹ ਰਸਮ ਐਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼-ਵਿਦੇਸ਼ ਤੋਂ ਲੋਕ ਇਸ ਨੂੰ ਵੇਖਣ ਲਈ ਆਉਂਦੇ ਹਨ। ਛੁੱਟੀ ਵਾਲੇ ਦਿਨ ਐਨੀ ਭੀੜ ਹੁੰਦੀ ਹੈ ਕਿ 3-4 ਘੰਟੇ ਦਾ ਟਰੈਫਿਕ ਜਾਮ ਲੱਗਣਾ ਆਮ ਜਿਹੀ ਗੱਲ ਹੈ। ਇਹ ਰਸਮ ਭਾਰਤ ਵੱਲੋਂ ਬੀ. ਐਸ. ਐਫ. ਅਤੇ ਪਾਕਿਸਤਾਨ ਵੱਲੋਂ ਰੇਂਜਰਾਂ ਦੁਆਰਾ ਨਿਭਾਈ ਜਾਂਦੀ ਹੈ। ਇਹ ਸਾਂਝੀ ਰਸਮ 1959 ਵਿੱਚ ਸ਼ੁਰੂ ਹੋਈ ਸੀ, ਜੋ ਕੁਝ ਮੌਕਿਆਂ ਨੂੰ ਛੱਡ ਕੇ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਅਜਿਹੀਆਂ ਪਰੇਡਾਂ ਸਾਦਕੀ ਬਾਰਡਰ (ਫਾਜ਼ਿਲਕਾ) ਅਤੇ ਹੁਸੈਨੀਵਾਲਾ ਬਾਰਡਰ (ਫਿਰੋਜ਼ਪੁਰ) ਵਿੱਚ ਵੀ ਛੋਟੇ ਪੱਧਰ ‘ਤੇ ਹੋ ਰਹੀਆਂ ਹਨ, ਪਰ ਉਹਨਾਂ ਨੂੰ ਉਹ ਪ੍ਰਸਿੱਧੀ ਨਹੀਂ ਮਿਲ ਸਕੀ ਜੋ ਅਟਾਰੀ ਬਾਰਡਰ ਨੂੰ ਪ੍ਰਾਪਤ ਹੈ।

ਕੁਝ ਸਮਾਂ ਪਹਿਲਾਂ ਮੈਨੂੰ ਆਪਣੇ ਦੋਸਤ ਬਲਦੇਵ ਸਿੰਘ ਪੁਤਲੀਘਰ ਨਾਲ ਇਹ ਪਰੇਡ ਵੇਖਣ ਦਾ ਮੌਕਾ ਮਿਲਿਆ। ਬਲਦੇਵ ਕਈ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹੈ। ਉਸ ਦੇ ਬੱਚੇ ਉੱਧਰ ਦੇ ਹੀ ਜੰਮਪਲ ਹਨ। ਅਸੀਂ ਰੀਟਰੀਟ ਸ਼ੁਰੂ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਸੀਟਾਂ ਮੱਲ ਕੇ ਬੈਠ ਗਏ। ਜਦੋਂ ਨਿਸ਼ਚਿਤ ਸਮੇਂ ‘ਤੇ ਪਰੇਡ ਸ਼ੁਰੂ ਹੋਈ ਤਾਂ ਬਲਦੇਵ ਦੇ ਬੱਚੇ ਹੈਰਾਨ ਹੀ ਰਹਿ ਗਏ। ਬੀ. ਐਸ. ਐਫ. ਅਤੇ ਪਾਕਿਸਤਾਨੀ ਰੇਂਜਰਜ਼ ਦੇ ਸਾਢੇ ਛੇ-ਛੇ ਫੁੱਟੇ ਜਵਾਨ ਪਰੇਡ ਕਰਦੇ ਸਮੇਂ ਆਪਸ ਵਿੱਚ ਇਸ ਤਰ੍ਹਾਂ ਖਹਿਣ ਲੱਗੇ ਜਿਵੇਂ ਹੁਣੇ ਲੜ ਪੈਣਗੇ। ਦੋਵੇਂ ਧਿਰਾਂ ਇੱਕ-ਦੂਸਰੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ ਖੁਰੀਆਂ ਲੱਗੇ ਬੂਟਾਂ ਨੂੰ ਸਿਰਾਂ ਤੋਂ ਉੱਪਰ ਚੁੱਕ ਕੇ ਪੂਰੇ ਜ਼ੋਰ ਨਾਲ ਧਰਤੀ ਪੁੱਟ ਰਹੀਆਂ ਸਨ। ਦੁਸ਼ਮਣ ਨੂੰ ਵੰਗਾਰਨ ਵਾਲੇ ਅੰਦਾਜ਼ ਵਿੱਚ ਪਗੜੀਆਂ ਨੂੰ ਝਟਕੇ ਦਿੱਤੇ ਜਾ ਰਹੇ ਸਨ, ਢਾਕਾਂ ‘ਤੇ ਹੱਥ ਰੱਖ ਕੇ ਬਾਹਾਂ ਹਮਲਾਵਰ ਅੰਦਾਜ਼ ਵਿੱਚ ਤਣੀਆਂ ਹੋਈਆਂ ਸਨ। ਇੱਕ-ਦੂਸਰੇ ਨੂੰ ਕਹਿਰੀਆਂ ਤੇ ਨਫਰਤ ਭਰੀਆਂ ਨਜ਼ਰਾਂ ਨਾਲ ਘੂਰਦੇ ਹੋਏ ਆਪਣੇ ਹਥਿਆਰਾਂ ‘ਤੇ ਹੱਥ ਫੇਰ ਰਹੇ ਸਨ। ਬਿਲਕੁਲ ਲੜਾਕੂ ਮੁਰਗਿਆਂ ਦੀ ਲੜਾਈ ਵਾਲੀਆਂ ਹਰਕਤਾਂ ਹੋ ਰਹੀਆਂ ਸਨ। ਦੋਵਾਂ ਧਿਰਾਂ ਦੇ ਦਰਸ਼ਕ, ਜਿਨ੍ਹਾਂ ਨੇ ਕਦੇ ਕੁੱਤੇ ਨੂੰ ਸੋਟਾ ਨਹੀਂ ਮਾਰਿਆ ਹੋਣਾ, ਅੱਡੀਆਂ ਚੁੱਕ-ਚੁੱਕ ਕੇ ਭੜਕਾਊ ਨਾਅਰੇ ਲਾ ਰਹੇ ਸਨ।

ਬਲਦੇਵ ਦੇ ਮੁੰਡੇ ਨੇ ਹੌਲੀ ਜਿਹੀ ਉਸ ਦੇ ਕੰਨ ਵਿੱਚ ਕੁਝ ਕਿਹਾ। ਮੈਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਇਨ੍ਹਾਂ ਦੀਆਂ ਹਰਕਤਾਂ ਵੇਖ ਕੇ ਘਬਰਾ ਰਿਹਾ ਹੈ ਤੇ ਇੱਥੋਂ ਬਾਹਰ ਜਾਣ ਲਈ ਕਹਿ ਰਿਹਾ ਹੈ। ਉਸ ਵਿਚਾਰੇ ਨੇ ਕੈਨੇਡਾ ਵਿੱਚ ਕਦੇ ਅਜਿਹਾ ਨਜ਼ਾਰਾ ਨਹੀਂ ਸੀ ਵੇਖਿਆ। ਉਸ ਨੂੰ ਲੱਗ ਰਿਹਾ ਸੀ ਕਿ ਇਹ ਹੁਣੇ ਲੜੇ ਕਿ ਲੜੇ। ਬਲਦੇਵ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਡਰਨ ਵਾਲੀ ਕੋਈ ਗੱਲ ਨਹੀਂ, ਇਹ ਸਿਰਫ ਇੱਕ ਸ਼ੋਅ ਹੈ। ਪਰ ਜਦ ਤੱਕ ਪਰੇਡ ਖ਼ਤਮ ਹੋ ਕੇ ਅਸੀਂ ਬਾਹਰ ਨਾ ਆ ਗਏ, ਲੜਕਾ ਡਰਦਾ ਹੀ ਰਿਹਾ। ਬਾਹਰ ਆ ਕੇ ਅਸੀਂ ਜਦੋਂ ਇੱਕ ਦੁਕਾਨ ਤੋਂ ਚਾਹ ਪੀ ਰਹੇ ਸੀ ਤਾਂ ਬਲਦੇਵ ਨੇ ਦੁਖੀ ਮਨ ਨਾਲ ਕਿਹਾ ਕਿ ਭਰਾਵਾ ਜੇ ਇਹੋ-ਜਿਹੀਆਂ ਹਰਕਤਾਂ ਜਾਰੀ ਰਹੀਆਂ ਤਾਂ ਸ਼ਾਂਤੀ ਕਿੱਥੋਂ ਹੋਣੀ ਹੈ? ਜੇ ਵੇਖਿਆ ਜਾਵੇ ਤਾਂ ਇਹ ਗੱਲ ਠੀਕ ਵੀ ਹੈ। ਇੱਕ ਪਾਸੇ ਅਸੀਂ ਸਮਝੌਤਾ ਐਕਸਪ੍ਰੈਸ ਰੇਲ ਅਤੇ ਸਦਾ-ਏ-ਸਰਹੱਦ ਬੱਸਾਂ ਚਲਾ ਰਹੇ ਹਾਂ ਤੇ ਦੂਸਰੇ ਪਾਸੇ ਬਾਰਡਰ ‘ਤੇ ਨਿਰੰਤਰ ਐਸੀ ਨਫਰਤ ਭੜਕਾਊ ਪਰੇਡ ਕੀਤੀ ਜਾ ਰਹੀ ਹੈ। ਆਮ ਲੋਕ ਤਾਂ ਇਹੀ ਸਮਝਦੇ ਹਨ ਕਿ ਇਹ ਸਭ ਕੁਝ ਅਸਲੀ ਹੈ। ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਨਕਲੀ ਨਫਰਤ ਤਾਂ ਸਿਰਫ ਪਰੇਡ ਵੇਲੇ ਜਾਗਦੀ ਹੈ, ਬਾਕੀ ਸਾਰਾ ਦਿਨ ਦੋਵੇਂ ਦੇਸ਼ਾਂ ਦੇ ਜਵਾਨ ਮਿੱਤਰਾਂ ਵਰਗਾ ਵਿਹਾਰ ਕਰਦੇ ਹਨ। ਅਸਲ ਵਿੱਚ ਇਸ ਤਰ੍ਹਾਂ ਦੀ ਪਰੇਡ ਕਿਸੇ ਵੀ ਸੁਰੱਖਿਆ ਫੋਰਸ ਦੇ ਮੈਨੂਅਲ ਵਿੱਚ ਨਹੀਂ ਹੈ। ਬਾਰਡਰ ਤੋਂ ਇਲਾਵਾ ਕਿਤੇ ਵੀ ਝੰਡਾ ਉਤਾਰਨ ਵੇਲੇ ਅਜਿਹੀਆਂ ਅਜੀਬ ਹਰਕਤਾਂ ਨਹੀਂ ਕੀਤੀਆਂ ਜਾਂਦੀਆਂ। ਪਰੇਡ ਦੀ ਇਹ ਵਿਲੱਖਣ ਵੰਨਗੀ ਸਿਰਫ ਅਟਾਰੀ ਬਾਰਡਰ ‘ਤੇ ਹੀ ਵਿਕਸਿਤ ਹੋਈ ਹੈ। ਪਰੇਡ ਕਰਦੇ ਸਮੇਂ ਜਿਵੇਂ ਦੋਵਾਂ ਦੇਸ਼ਾਂ ਦੇ ਜਵਾਨਾਂ ਦੇ ਐਕਸ਼ਨ, ਕਮਾਂਡ ਅਤੇ ਕਦਮ ਇੱਕ-ਦੂਸਰੇ ਨਾਲ ਬਿਲਕੁਲ ਮਿਲਦੇ ਹਨ, ਲੱਗਦਾ ਹੈ ਸ਼ਾਇਦ ਇਹ ਇਸ ਪਰੇਡ ਦੀ ਰਿਹਰਸਲ ਇਕੱਠੇ ਹੀ ਕਰਦੇ ਹੋਣਗੇ! ਇਹ ਸਾਰੇ ਨਫਰਤ ਭਰੇ ਇਸ਼ਾਰੇ, ਹਰਕਤਾਂ, ਇੱਕ-ਦੂਸਰੇ ਨੂੰ ਅੱਖਾਂ ਤੇ ਸਰੀਰਕ ਹਰਕਤਾਂ ਨਾਲ ਲਲਕਾਰਨਾ, ਸਿਰਫ ਦਰਸ਼ਕਾਂ ਦੇ ਮੰਨੋਰੰਜਨ ਵਾਸਤੇ ਹੀ ਹਨ।

ਪਰ ਅਜਿਹੀਆਂ ਹਰਕਤਾਂ ਕਦੇ ਵੀ ਕਿਸੇ ਦਾ ਨੁਕਸਾਨ ਕਰਵਾ ਸਕਦੀਆਂ ਹਨ। 2 ਨਵੰਬਰ 2014 ਨੂੰ ਪਾਕਿਸਤਾਨ ਵਾਲੇ ਪਾਸੇ ਅੱਤਵਾਦੀਆਂ ਵੱਲੋਂ ਕੀਤੇ ਆਤਮਘਾਤੀ ਬੰਬ ਧਮਾਕੇ ਵਿੱਚ 60 ਵਿਅਕਤੀ ਮਾਰੇ ਗਏ ਤੇ 110 ਜ਼ਖਮੀ ਹੋਏ ਸਨ। ਪਿੱਛੇ ਜਿਹੇ ਇੱਕ ਪਾਕਿਸਤਾਨੀ ਰੇਂਜ਼ਰ ਨੇ ਗੁੱਸੇ ਵਿੱਚ ਆਣ ਕੇ ਮੋਢੇ ਤੋਂ ਅਸਾਲਟ ਲਾਹ ਲਈ ਸੀ।

ਕਈ ਬੰਦੇ ਬਹੁਤ ਭਾਵੁਕ ਹੁੰਦੇ ਹਨ ਤੇ ਦੋਵਾਂ ਪਾਸੇ ਦੇ ਸੈਨਿਕਾਂ ਕੋਲ ਭਰੇ ਹੋਏ ਹਥਿਆਰ ਹੁੰਦੇ ਹਨ। ਇਹ ਵੀ ਹੋ ਸਕਦਾ ਹੈ ਕਿ ਦਰਸ਼ਕਾਂ ਵੱਲੋਂ ਮਾਰੇ ਜਾ ਰਹੇ ਭੜਕਾਊ ਨਾਅਰਿਆਂ ਨੂੰ ਕੋਈ ਜਵਾਨ ਜ਼ਿਆਦਾ ਦਿਲ ਨੂੰ ਲਾ ਲਵੇ ਤੇ ਦਰਸ਼ਕਾਂ ਅਤੇ ਜਵਾਨਾਂ ਦਾ ਨੁਕਸਾਨ ਹੋ ਜਾਵੇ। ਇਹ ਸਭ ਦੇ ਹਿੱਤ ਵਿੱਚ ਹੈ ਕਿ ਇਸ ਪਰੇਡ ਨੂੰ ਥੋੜ੍ਹਾ ਨਰਮ ਕੀਤਾ ਜਾਵੇ, ਇੱਕ-ਦੂਸਰੇ ਨੂੰ ਭੜਕਾਊ ਇਸ਼ਾਰੇ ਕਰ ਕੇ ਉਕਸਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪਰੇਡ ਕਰਨ ਵਾਲੇ ਸੈਨਿਕ ਤਾਂ ਪਰੇਡ ਤੋਂ ਬਾਅਦ ਨਾਰਮਲ ਹੋ ਜਾਂਦੇ ਹਨ, ਪਰ ਦਰਸ਼ਕਾਂ ਦੇ ਮਨਾਂ ਵਿੱਚ ਇਸ ਵਰਤਾਰੇ ਦਾ ਬੁਰਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ।

ਪੰਡੋਰੀ ਸਿੱਧਵਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top