ਸੜਕ ਹਾਦਸੇ ’ਚ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

Young Man Killed In Accident

ਸੜਕ ਹਾਦਸੇ ’ਚ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

(ਸੱਚ ਕਹੂੰ ਨਿਊਜ਼)
ਅੱਪਰਾ l  ਬੀਤੇ ਦਿਨ ਕਸਬਾ ਅੱਪਰਾ ਦੇ ਨਜ਼ਦੀਕੀ ਪਿੰਡ ਸਰਹਾਲ ਕਾਜੀਆਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਦੀ ਥਾਣਾ ਲਾਡੋਵਾਲ ਅਧੀਨ ਆਉਂਦੇ ਟੋਲ ਪਲਾਜ਼ਾ ’ਤੇ ਦਰਦਨਾਕ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਹੈ। ਇਸ ਸੰਬੰਧੀ ਥਾਣਾ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਫਿਲੋਰ ਵੱਲੋਂ ਇੱਕ ਨੌਜਵਾਨ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਲੁਧਿਆਣਾ ਵੱਲ ਜਾ ਰਿਹਾ ਸੀ ਉਸ ਦੇ ਪਿੱਛੇ ਇੱਕ ਰੇਤ ਨਾਲ ਭਰਿਆ ਓਵਰ ਲੋਡ ਤੇਜ਼ ਰਫਤਾਰ ਟਿੱਪਰ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਇਕਲ ਸਵਾਰ ਨੌਜਵਾਨ ਡਿੱਗ ਕੇ ਟਿੱਪਰ ਦੇ ਹੇਠਾਂ ਆ ਗਿਆ ਤੇ ਟਿੱਪਰ ਉਸ ਨੂੰ ਦੋ ਸੌ ਮੀਟਰ ਅੱਗੇ ਤੱਕ ਘੜੀਸਦਾ ਲੈ ਗਿਆ। ਰਾਹਗੀਰਾਂ ਨੇ ਗੰਭੀਰ ਰੂਪ ‘ਚ ਜ਼ਖਮੀ ਨੌਜਵਾਨ ਨੂੰ ਟਿੱਪਰ ਹੇਠੋਂ ਕੱਢਿਆ ਤੇ ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਂਚ ਅਧਿਕਾਰੀ ਥਾਣੇਦਾਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੀ ਸ਼ਨਾਖਤ ਪ੍ਰਸ਼ੋਤਮ ਲਾਲ (30) ਪੁੱਤਰ ਰਾਜ ਕੁਮਾਰ ਵਾਸੀ ਪਿੰਡ ਸਰਹਾਲ ਕਾਜੀਆਂ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ’ਤੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਟਿੱਪਰ ਡਰਾਇਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ