ਆਮ ਆਦਮੀ ਪਾਰਟੀ ‘ਖੋਟਾ ਪੈਸਾ’ : ਧਰਮਸੋਤ

Aam Aadmi, Party, False, Money, DharmSot

ਹਰਸਿਮਰਤ ਆਪਣੇ ਪਤੀ ਤੋਂ ਡੋਪ ਟੈਸਟ ਤੋਂ ਭੱਜਣ ਬਾਰੇ ਪੁੱਛੇ

ਨਾਭਾ, ਤਰੁਣ ਕੁਮਾਰ ਸ਼ਰਮਾ/ਸੱਚ ਕਹੂੰ ਨਿਊਜ਼

ਆਮ ਆਦਮੀ ਪਾਰਟੀ ‘ਖੋਟਾ ਪੈਸਾ’ ਹੈ ਜੋ ਕਿ ਨਾ ਦੇਸ਼ ਵਿੱਚ ਚੱਲਿਆ ਅਤੇ ਨਾ ਹੀ ਵਿਦੇਸ਼ਾਂ ‘ਚ। ਇਹ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਫੇਰੀ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰੱਖੇ। ਉਨ੍ਹਾਂ ਕਿਹਾ ਕਿ ਇੱਕ ਕਹਾਵਤ ਹੈ ਕਿ ‘ਜੋ ਇੱਥੇ ਬੁੱਧੂ ਉਹ ਲਾਹੋਰ ਵੀ ਬੁੱਧੂ’, ਜੋ ਇੱਥੇ ਕੰਮ ਨਹੀਂ ਕਰ ਸਕਦੇ ਉਹ ਬਾਹਰ ਜਾ ਕੇ ਕੀ ਕਰਨਗੇ। ਉਨ੍ਹਾਂ ਕਿਹਾ ਕਿ ਇਸੇ ਕ੍ਰਮ ਅਨੁਸਾਰ ਆਪ ਦੇ ਦੋ ਵਿਧਾਇਕਾਂ ਦੀਆਂ ਆਪਣੀਆਂ ਕਮੀਆਂ ਕਾਰਨ ਹੀ ਉਨ੍ਹਾਂ ਨੂੰ ਕੈਨੇਡਾ ਤੋਂ ਡੀਪੋਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ।

ਉਨ੍ਹਾਂ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਸੰਕੇਤਾਂ ਸੰਬੰਧੀ ਕਿਹਾ ਕਿ ਆਪ ਪਾਰਟੀ ਕੋਈ ਪਾਰਟੀ ਨਹੀਂ ਹੈ ਬਲਕਿ ਚਾਰ-ਪੰਜ ਲੀਡਰ ਹੀ ਹਨ ਜੋ ਕਿ ਆਪਸ ਵਿੱਚ ਸਹਿਮਤੀ ਕਰ ਲੈਣ। ਉਨ੍ਹਾਂ ਕਿਹਾ ਕਿ ਵੋਟ ਤਾਂ ਇਨ੍ਹਾਂ ਨੂੰ ਕੋਈ ਪਾਉਂਦਾ ਨਹੀਂ। ਦੇਸ਼ ਵਿੱਚ ਚੱਲ ਰਹੀ ਟਰਾਂਸਪੋਰਟਰਾਂ ਦੀ ਹੜਤਾਲ ਸਬੰਧੀ ਉਨ੍ਹਾਂ ਕਿਹਾ ਕਿ ਇਕੱਲੇ ਟਰਾਂਸਪੋਟਰ ਹੀ ਨਹੀਂ ਬਲਕਿ ਦੇਸ਼ ਦੇ ਕਿਸਾਨ, ਉਦਯੋਗਪਤੀ ਤੋਂ ਲੈ ਕੇ ਆਮ ਆਦਮੀ ਤੱਕ ਮੋਦੀ ਸਰਕਾਰ ਤੋਂ ਤੰਗ ਆਇਆ ਹੋਇਆ ਹੈ।

ਬੈਂਸ ਭਰਾਵਾਂ ਨੂੰ ਕੁਝ ਹੋ ਗਿਆ ਹੈ, ਸੁਖਬੀਰ ਨੇ ਆਪਣੇ ਪਰਿਵਾਰ ਅਤੇ ਸਾਲੇ ਲਈ ਹੀ ਕੰਮ ਕੀਤਾ

ਉਨ੍ਹਾਂ ਕਿਹਾ ਕਿ ਸਿਰਫ 10 ਪ੍ਰਤੀਸ਼ਤ ਅਰਬਾਂ ਖਰਬਾਂਪਤੀ ਹੀ ਮੋਦੀ ਸਰਕਾਰ ਤੋ ਖੁਸ਼ ਹਨ। ਉਨ੍ਹਾਂ ਅੱਗੇ ਬੈਂਸ ਭਰਾਵਾਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਬੈਂਸ ਭਰਾਵਾਂ ਨੂੰ ਕੁਝ ਹੋ ਗਿਆ ਹੈ। ਉਹ ਹਰ ਰੋਜ਼ ਹੀ ਕੁਝ ਨਾ ਕੁਝ ਕਰਦੇ ਰਹਿੰਦੇ ਹਨ ਜਦਕਿ ਨਸ਼ੇ ਦੇ ਵਪਾਰ ਦੇ ਖਾਤਮੇ ਦੀ ਮੁੱਖ ਮੰਤਰੀ ਪੰਜਾਬ ਨੇ ਜੋ ਕਸਮ ਚੋਣਾਂ ਤੋ ਪਹਿਲਾਂ ਖਾਈ ਸੀ, ਉਸੇ ਅਨੁਸਾਰ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਗਿਆ ਹੈ। ਨਸ਼ੇ ਦੀ ਘਾਟ ਕਾਰਨ ਹੀ ਪੰਜਾਬ ਦੇ ਨੌਜਵਾਨ ਮੱਝ, ਗਾਵਾਂ ਅਤੇ ਹਾਥੀਆਂ ਨੂੰ ਲਾਉਣ ਵਾਲੇ ਟੀਕਿਆਂ ਅਤੇ ਨਕਲੀ ਬਣਾਏ ਨਸ਼ਿਆਂ ਦਾ ਇਸਤੇਮਾਲ ਕਰਕੇ ਆਪਣੀ ਜਿੰਦਗੀ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਮੇਸ਼ਾਂ ਹੀ ਪੰਜਾਬ ਦਾ ਰਿਹਾ ਹੈ ਅਤੇ ਰਹੇਗਾ।

ਉਨ੍ਹਾਂ ਸੁਖਬੀਰ ਬਾਦਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਸੂਬੇ ਜਾਂ ਜਨਤਾ ਲਈ ਕੰਮ ਨਹੀਂ ਕੀਤਾ ਬਲਕਿ ਆਪਣੇ ਪਰਿਵਾਰ ਅਤੇ ਆਪਣੇ ‘ਸਾਲੇ’ ਵਾਸਤੇ ਹੀ ਕੰਮ ਕੀਤਾ ਹੈ ਜਦਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਿਨ ਰਾਤ ਲੋਕਾਂ ਦੇ ਹਿੱਤਾਂ ਲਈ ਹੀ ਕੰਮ ਕਰ ਰਹੇ ਹਨ। ਉਨ੍ਹਾਂ ਹਰਸਿਮਰਤ ਦੀ ਰਾਹੁਲ ‘ਤੇ ਕੀਤੀ ਟਿੱਪਣੀ ‘ਤੇ ਕਿਹਾ ਕਿ ਰਾਹੁਲ ਨੇ ਤਾਂ ਕੁੱਝ ਨਹੀ ਖਾਦਾ ਸੀ ਬਲਕਿ ਬੀਬੀ ਜੀ! ਤੁਸੀਂ ਆਪਣੇ ਪਤੀ ਨੂੰ ਹੀ ਪੁੱਛ ਲਉ ਕਿ ਉਹ ਡੋਪ ਟੈਸਟ ਤੋਂ ਕਿਉ ਭੱਜ ਰਹੇ ਹਨ?

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।