ਬੇਰੁਜਗਾਰ ਅਧਿਆਪਕਾਂ ਦੇ ਹੱਕ ’ਚ ‘ਆਪ’ ਨੇ ਘੇਰਿਆ ਸਿੱਖਿਆ ਮੰਤਰੀ ਦਾ ਘਰ

0
105

ਪੁਲਿਸ ਬੈਰੀਕੇਡ ਤੋੜੇ, ਪੁਲਿਸ ਨਾਲ ਹੋਈ ਧੱਕਾ-ਮੁੱਕੀ

  • ਮੀਤ ਹੇਅਰ, ਬਲਕਾਰ ਸਿੱਧੂ, ਪ੍ਰੋ: ਬਲਜਿੰਦਰ ਕੌਰ, ਮਿੰਕੂ ਜਵੰਧਾ ਆਗੂ ਹੋਏ ਧਰਨੇ ’ਚ ਸ਼ਾਮਲ

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੌਜਵਾਨ ਵਿੰਗ ਵੱਲੋਂ ਅੱਜ ਸੰਗਰੂਰ ਵਿਖੇ ਈਟੀਟੀ ਟੈਟ ਪਾਸ ਅਤੇ ਕੱਚੇ ਅਧਿਆਪਕਾਂ ਦੇ ਸਮਰਥਨ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਦੀ ਰਿਹਾਹਿਸ਼ ਦਾ ਘਿਰਾਓ ਕੀਤਾ ਗਿਆ ਅਤੇ ਰੋਸ ਧਰਨਾ ਲਾਇਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ ਤੇ ਪੁਲਿਸ ਨਾਲ ਧੱਕਾ ਮੁੱਕੀ ਵੀ ਕੀਤੀ।

ਅੱਜ ਆਮ ਆਦਮੀ ਪਾਰਟੀ ਵੱਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਸੈਂਕੜੇ ਆਗੂਆਂ ਨੇ ਸ਼ਮੂਲੀਅਤ ਕੀਤੀ ਧਰਨੇ ਕਾਰਨ ਅੱਜ ਕਈ ਜ਼ਿਲ੍ਹਿਆਂ ਦੀ ਪੁਲਿਸ ਵੀ ਸੰਗਰੂਰ ਵਿਖੇ ਬੁਲਾਈ ਗਈ ਸੀ ਧਰਨੇ ਉਪਰੰਤ ‘ਆਪ’ ਪ੍ਰਦਰਸ਼ਨਕਾਰੀਆਂ ਨੇ ਜਦੋਂ ਮੰਤਰੀ ਦੀ ਰਿਹਾਇਸ਼ ਵੱਲ ਵੱਧਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਪਹਿਲੇ ਬੈਰੀਕੇਡ ਅੱਗੇ ਰੋਕ ਦਿੱਤਾ ਅਤੇ ਇਸ ਦੌਰਾਨ ਆਪ ਆਗੂਆਂ ਤੇ ਪੁਲਿਸ ਵਿਚਾਲੇ ਧੱਕਾਮੁੱਕੀ ਵੀ ਹੋਈ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪ ਆਗੂਆਂ ਨੇ ਇੱਕ ਬੈਰੀਕੇਡ ਤੋੜ ਕੇ ਮੰਤਰੀ ਦੀ ਰਿਹਾਇਸ਼ ਵੱਲ ਵਧਣਾ ਸ਼ੁਰੂ ਕਰ ਦਿੱਤਾ।

ਅਗਲੇ ਬੈਰੀਕੇਡਾਂ ਅੱਗੇ ਪ੍ਰਦਰਸ਼ਨਕਾਰੀਆਂ ਨੂੰ ਫੇਰ ਰੋਕ ਦਿੱਤਾ ਗਿਆ ਪ੍ਰਦਰਸ਼ਨਕਾਰੀ ਮੰਤਰੀ ਦੀ ਰਿਹਾਇਸ਼ ਦੇ ਗੇਟ ਅੱਗੇ ਪੁਤਲਾ ਫੂਕਣਾ ਚਾਹੁੰਦੇ ਸੀ ਇਸ ਕਸ਼ਮਕਸ਼ ਵਿੱਚ ਪੁਲਿਸ ਨਾਲ ਕਾਫ਼ੀ ਚਿਰ ਪ੍ਰਦਰਸ਼ਨਕਾਰੀਆਂ ਦੀ ਖਿੱਚਾ ਧੂਹ ਚੱਲਦੀ ਰਹੀ ਅੱਜ ਦੇ ਪ੍ਰਦਰਸ਼ਨ ਦੀ ਅਗਵਾਈ ਆਪ ਦੇ ਵਿਧਾਇਕ ਅਤੇ ਸੂਬਾ ਪ੍ਰਧਾਨ (ਨੌਜਵਾਨ ਵਿੰਗ) ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤੀ, ਜਦੋਂ ਕਿ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਨਰਿੰਦਰ ਕੌਰ, ਪ੍ਰਸਿੱਧ ਗਾਇਕ ਤੇ ਆਪ ਆਗੂ ਬਲਕਾਰ ਸਿੱਧੂ ਅਤੇ ਡਾ. ਬਲਬੀਰ ਸਿੰਘ ਆਦਿ ਵਿਸੇਸ ਤੌਰ ’ਤੇ ਧਰਨੇ ਵਿੱਚ ਸਾਮਲ ਹੋਏ।

ਇਸ ਸਮੇਂ ਸੰਬੋਧਨ ਕਰਦਿਆਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਨੌਜਵਾਨ ਨੌਕਰੀਆਂ ਲੈਣ ਲਈ ਸੰਘਰਸ਼ ਕਰ ਰਹੇ ਹਨ ਕਿਉਂਕਿ 2017 ਦੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਘਰ ਘਰ ਰੁਜਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਸਾਢੇ ਚਾਰ ਸਾਲਾਂ ਦਾ ਸਮਾਂ ਕੈਪਟਨ ਸਰਕਾਰ ਦਾ ਬੀਤ ਜਾਣ ’ਤੇ ਵੀ ਪੰਜਾਬ ਦੇ ਪੜ੍ਹੇ ਲਿਖੇ ਲੱਖਾਂ ਨੌਜਵਾਨ, ਈਟੀਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਸਰਕਾਰੀ ਨੌਕਰੀ ਲੈਣ ਲਈ ਸੜਕਾਂ ’ਤੇ ਬੈਠੇ ਹਨ, ਉਥੇ ਹੀ 15 ਸਾਲਾਂ ਤੋਂ ਕੱਚੇ ਅਧਿਆਪਕਾਂ ਵਜੋਂ ਨੌਕਰੀਆਂ ਕਰਦੇ ਹਜਾਰਾਂ ਅਧਿਆਪਕ ਆਪਣੀ ਨੌਕਰੀ ਰੈਗੂਲਰ ਕਰਾਉਣ ਲਈ ਸੰਘਰਸ ਕਰ ਰਹੇ ਹਨ।

ਸਰਕਾਰ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਦੇ ਪੱਲ੍ਹੇ ਲਾਰੇ ਹੀ ਪਏ : ਮੀਤ ਹੇਅਰ

ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ, ਏਆਈਈ, ਈਜੀਐਸ, ਐਸਟੀਆਰ ਆਦਿ ਕੱਚੇ ਅਧਿਆਪਕਾਂ ਨੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਸਰਕਾਰੀ ਸਕੂਲਾਂ ਨੂੰ ਦਿੱਤਾ ਅਤੇ ਮਹਿਜ਼ 5 ਹਜ਼ਾਰ ਤੋਂ 10 ਹਜ਼ਾਰ ਤੱਕ ਤਨਖਾਹਾਂ ਤੇ ਕੰਮ ਕੀਤਾ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਇਨ੍ਹਾਂ ਅਧਿਆਪਕਾਂ ਦੇ ਪੱਲ੍ਹੇ ਲਾਰੇ ਹੀ ਪਏ ਅਤੇ ਹੁਣ ਪੰਜਾਬ ਦੀ ਕੈਪਟਨ ਸਰਕਾਰ ਹੱਕੀ ਮੰਗ
ਰੈਗੂਲਰ ਕਰਨਾ ਤਾਂ ਦੂਰ ਸਗੋਂ ਪਿਛਲੇ ਲੰਬੇ ਸਮੇਂ ਤੋਂ ਮੀਟਿੰਗ ਕਰਨ ਤੋਂ ਵੀ ਕੰਨੀ ਕਤਰਾਅ ਰਹੀ ਹੈ। ਉਨ੍ਹ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਦੇ ਧਰਨੇ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ‘ਤੇ ਉਹ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨਗੇ ਕਿਉਂਕਿ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਉਨ੍ਹਾਂ ਦੇ ਆਪਣੇ ਮਾਲੀ ਦੀ ਤਨਖਾਹ ਨਾਲੋਂ ਘੱਟ ਹੈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਆਪ ਦੇ ਸੂਬਾਈ ਆਗੂ ਡਾ: ਗੁਨਿੰਦਰਜੀਤ ਸਿੰਘ (ਮਿੰਕੂ) ਜਵੰਧਾ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰੀ ਨੌਕਰੀਆਂ ਲੈਣ ਲਈ ਪਟਿਆਲਾ ਸ਼ਹਿਰ ਵਿਚ ਤਿੰਨ ਮਹੀਨਿਆਂ ਤੋਂ ਟਾਵਰ ’ਤੇ ਚੜ੍ਹੇ ਨੌਜਵਾਨ ਕਿਉਂ ਦਿਖਾਈ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਮੰਤਰੀਆਂ ਅਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਕੇ ਪੰਜਾਬ ਦੇ ਨੌਜਵਾਨਾਂ ਨਾਲ ਧਿਰੋਹ ਕਮਾਇਆ ਹੈ ਕਿਉਂਕਿ ਜੇਕਰ ਅਤਿਵਾਦ ਵਿੱਚ ਮਾਰੇ ਜਾਣਾ ਹੀ ਨੌਕਰੀ ਦਾ ਆਧਾਰ ਹੈ ਤਾਂ ਕੈਪਟਨ ਸਰਕਾਰ ਕਾਲੇ ਦੌਰ ਵਿੱਚ ਜਾਨਾਂ
ਗਵਾਉਣ ਵਾਲੇ ਲੱਖਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਨੌਕਰੀ ਦੇਵੇ।

ਕੈਪਟਨ ਸਰਕਾਰ ਨੇ ਚੋਣਾਂ ’ਚ ਕੀਤੇ ਵਾਅਦਿਆਂ ਤੋਂ ਮੁਕਰਦਿਆਂ ਅਧਿਆਪਕਾਂ ’ਤੇ ਅੱਤਿਆਚਾਰ ਕੀਤੇ ਹਨ : ਪ੍ਰੋ. ਬਲਜਿੰਦਰ ਕੌਰ

ਪ੍ਰੋ. ਬਲਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ’ਚ ਕੀਤੇ ਵਾਅਦਿਆਂ ਤੋਂ ਮੁਕਰਦਿਆਂ ਅਧਿਆਪਕਾਂ ’ਤੇ ਅੱਤਿਆਚਾਰ ਹੀ ਕੀਤੇ ਹਨ। ਕਾਂਗਰਸ ਸਰਕਾਰ ਨੇ ਨਾ ਤਾਂ ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਅਤੇ ਨਾ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਲਾਂ ਤੋਂ ਆਪਣੀ ਨੌਕਰੀ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ ।

ਪ੍ਰੋ. ਬਲਜਿੰਦਰ ਕੌਰ ਨੇ ਅੱਗੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਬੇਰੁਜਗਾਰ ਨੌਜਵਾਨ ਅਤੇ ਕੱਚੀਆਂ ਨੌਕਰੀਆਂ ਕਰਦੇ ਅਧਿਆਪਕਾਂ ਸਮੇਤ ਸਮੂਹ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਾਅਦਿਆਂ ਤੋਂ ਮੁਕਰਨ ਦਾ ਹਿਸਾਬ ਜਰੂਰ ਲੈਣਗੇ ਅਤੇ ਸੱਤਾ ਤੋਂ ਬਾਹਰ ਕਰਕੇ ਕਰਾਰਾ ਜਵਾਬ ਦੇਣਗੇ। ਇਸ ਸਮੇਂ ਦਵਿੰਦਰ ਸਿੰਘ ਬਦੇਸ਼ਾ, ਗੁਨਿਦਰਜੀਤ ਸਿੰਘ ਜਵੰਧਾ, ਗੁਰਦੀਪ ਬਾਠ, ਚੇਤਨ ਜੌੜਾਮਾਜਰਾ, ਜਸਵੀਰ ਕੁਦਨੀ, ਕੁਲਜਿੰਦਰ ਢੀਂਡਸਾ , ਮੇਘਰਾਜ ਪਟਿਆਲਾ, ਰਾਜਵੰਤ ਘੁੱਲੀ, ਜਤਿੰਦਰ ਭੱਲਾ, ਲਾਲਜੀਤ ਸਿੰਘ ਭੁੱਲਰ, ਜਮੀਲ ਉੱਲ ਰਹਿਮਾਨ, ਜੇ ਪੀ ਸਿੰਘ, ਕੁੰਦਨ ਗੋਗੀਆ, ਅਵਤਾਰ ਤਾਰੀ, ਰਾਜਿੰਦਰ ਗੋਗੀ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।