ਪੰਜਾਬ

ਫੂਲਕਾ ਦੇ ਬੜਬੋਲੇਪਣ ਤੋਂ ਦੁਖੀ ਹੋਈ ‘ਆਪ’, ਮੰਗੀ ਜਨਤਕ ਮੁਆਫ਼ੀ

AAP, Distressed, Phoolka, Grumbling, Sought Public Apology

ਫੂਲਕਾ ਨੇ ਗਲਤ ਬਿਆਨ ਦਿੰਦੇ ਹੋਏ ਕੀਤੀ ਵੱਡੀ ਗਲਤੀ, ਅਸੀਂ ਮੰਗਦੇ ਹਾਂ ਮੁਆਫ਼ੀ : ਅਮਨ ਅਰੋੜਾ

ਫੂਲਕਾ ਨੇ ਆਰਮੀ ਚੀਫ਼ ਵਿਪੀਨ ਚੰਦ ਰਾਵਤ ਨੂੰ ਦੱਸਿਆ ਸੀ ਅੰਮ੍ਰਿਤਸਰ ਧਮਾਕੇ ਦਾ ਦੋਸ਼ੀ

ਪੰਜਾਬ ਭਰ ‘ਚ ਹੋਈ ਨਿੰਦਾ ਤਾਂ ਫੂਲਕਾ ਨੇ ਵੀ ਮੰਗੀ ਮੁਆਫ਼ੀ

ਅਸ਼ਵਨੀ ਚਾਵਲਾ, ਚੰਡੀਗੜ੍ਹ

ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਦੇ ਬੜਬੋਲੇਪਣ ਤੋਂ ਦੁਖੀ ਹੋਈ ਆਮ ਆਦਮੀ ਪਾਰਟੀ ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗ ਲਈ ਹੈ। ਆਮ ਆਦਮੀ ਪਾਰਟੀ ਨੇ ਮੰਨ ਲਿਆ ਹੈ ਕਿ ਐੱਚ.ਐੱਸ. ਫੂਲਕਾ ਦਾ ਬਿਆਨ ਗੈਰ ਜਿੰਮੇਵਰਾਨਾ ਸੀ, ਜਿਹੜਾ ਕਿ ਘੱਟ ਤੋਂ ਘੱਟ ਇਸ ਮੌਕੇ ਤੇ ਫੌਜ ਮੁਖੀ ਖ਼ਿਲਾਫ਼ ਨਹੀਂ ਦੇਣਾ ਚਾਹੀਦਾ ਸੀ। ਇਸ ਸਬੰਧੀ ਐੱਚ. ਐੱਸ. ਫੂਲਕਾ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਮੁਆਫ਼ੀ ਮੰਗ ਲਈ ਹੈ ਪਰ ਇਹ ਮਾਮਲਾ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਫੂਲਕਾ ਦੇ ਇਸ ਬਿਆਨ ਨੂੰ ਬਹੁਤ ਹੀ ਜਿਆਦਾ ਗਲਤ ਠਹਿਰਾਇਆ ਹੈ।

ਅੰਮ੍ਰਿਤਸਰ ਵਿਖੇ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਜਦੋਂ ਹਰ ਕੋਈ ਦੁੱਖ ਪ੍ਰਗਟ ਕਰਦੇ ਹੋਏ ਇਸ ਹਮਲੇ ਦੀ ਨਿੰਦਾ ਕਰ ਰਿਹਾ ਸੀ ਤਾਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਨੇ ਸਿਆਸਤ ਕਰਦੇ ਹੋਏ ਇਸ ਹਮਲੇ ਪਿੱਛੇ ਫੌਜ ਮੁਖੀ ਵਿਪੀਨ ਚੰਦ ਰਾਵਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਸ੍ਰੀ ਰਾਵਤ ਨੇ ਪੰਜਾਬ ਵਿੱਚ ਅੱਤਵਾਦੀ ਹਮਲਾ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ ਤੇ ਹੁਣ ਅੱਤਵਾਦੀ ਹਮਲਾ ਸ੍ਰੀ ਰਾਵਤ ਨੇ ਹੀ ਕਰਵਾਇਆ ਹੋਵੇਗਾ ਤਾਂ ਕਿ ਉਹ ਆਪਣੀ ਗੱਲ ਨੂੰ ਸੱਚ ਸਾਬਤ ਕਰ ਸਕਣ।

ਐੱਚ. ਐੱਸ. ਫੂਲਕਾ ਦੇ ਇਸ ਬਿਆਨ ਤੋਂ ਬਾਅਦ ਕਾਫ਼ੀ ਜਿਆਦਾ ਹੰਗਾਮਾ ਹੋ ਗਿਆ ਤੇ ਵਿਰੋਧੀ ਧਿਰਾਂ ਨੇ ਫੂਲਕਾ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਦੇ ਬਿਆਨ ਦੀ ਜੰਮ ਕੇ ਨਿੰਦਾ ਕੀਤੀ। ਇੱਥੇ ਹੀ ਕਈ ਥਾਂਵਾਂ ‘ਤੇ ਫੂਲਕਾ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਤੱਕ ਫੂਕ ਦਿੱਤਾ ਗਿਆ। ਪੰਜਾਬ ਭਰ ਵਿੱਚ ਵਿਰੋਧ ਹੋਣ ਤੋਂ ਬਾਅਦ ਐੱਚ. ਐੱਸ. ਫੂਲਕਾ ਨੇ ਸਾਹਮਣੇ ਆਉਂਦੇ ਮੁਆਫ਼ੀ ਮੰਗ ਲਈ ਹੈ ਪਰ ਇਸ ਵਿਵਾਦ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਦੇਖ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਸੱਦ ਕੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਹੈ। ਆਪ ਵਿਧਾਇਕ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਐੱਚ. ਐੱਸ. ਫੂਲਕਾ ਦੇ ਬਿਆਨ ਤੋਂ ਸਹਿਮਤ ਨਹੀਂ ਹੈ ਤੇ ਇਸ ਲਈ ਖ਼ੁਦ ਫੂਲਕਾ ਨੇ ਵੀ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਫੂਲਕਾ ਵੱਲੋਂ ਕੀਤੀ ਗਈ ਗਲਤ ਬਿਆਨਬਾਜ਼ੀ ਨੂੰ ਉਹ ਵੀ ਗਲਤ ਠਹਿਰਾ ਰਹੇ ਹਨ ਤੇ ਇਸ ਸਬੰਧੀ ਪਾਰਟੀ ਮੁਆਫ਼ੀ ਮੰਗ ਕਰ ਰਹੀ ਹੈ।

ਫੂਲਕਾ ਖ਼ਿਲਾਫ਼ ਕਰਵਾਈ ਜਾਏਗੀ ਐੱਫਆਈਆਰ : ਵੇਰਕਾ

ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਐੱਚ. ਐੱਸ. ਫੂਲਕਾ ਦੇ ਬਿਆਨ ਨੂੰ ਦੇਸ਼ ਵਿਰੋਧੀ ਕਰਾਰ ਦਿੰਦੇ ਹੋਏ ਫੂਲਕਾ ਨੂੰ ਹੀ ਦੇਸ਼ ਵਿਰੋਧੀ ਦਾ ਤਗਮਾ ਦੇ ਦਿੱਤਾ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਇਸ ਸਬੰਧੀ ਉਹ ਐੱਫਆਈਆਰ ਦਰਜ ਕਰਵਾਉਣ ਜਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top