‘ਆਪ’ ਨੇ ਘੇਰਿਆ ਸੁਖਬੀਰ ਦਾ ‘ਸੁਖਵਿਲਾਸ ਹੋਟਲ’

  • ਪੁਲਿਸ ਬੈਰੀਕੇਡ ਦੇ ਸਾਹਮਣੇ ਲਾਇਆ ਧਰਨਾ
  • ਆਮ ਆਦਮੀ ਪਾਰਟੀ ਦੀ ਸਰਕਾਰ ਸੁਖਬੀਰ ਦੁਆਰਾ ਕਾਲੀ ਕਮਾਈ ਨਾਲ ਬਣਾਏ ਲੁਟ ਮਹਿਲ ਨੂੰ ਜਬਤ ਕੀਤਾ ਜਾਵੇਗਾ
  • ਕਿਸਾਨ ਆਤਮ ਹੱਤਿਆ ਕਰ ਰਹੇ ਹਨ ਅਤੇ ਬਾਦਲ ਪੰਜਾਬ ਨੂੰ ਲੁਟਣ ‘ਤੇ ਲਗੇ ਹੋਏ ਹਨ : ਜੱਸੀ ਜਸਰਾਜ
  • ਵਾਤਾਵਰਨ ਦੇ ਨਿਯਮਾਂ ਨੂੰ ਛਿੱਟੇ ਟੰਗ ਕੇ ਬਣਾਇਆ ਗਿਆ ਹੈ ਹੋਟਲ  :ਦਿਨੇਸ਼ ਚੱਢਾ

ਅਸ਼ਵਨੀ ਚਾਵਲਾ ਚੰਡੀਗੜ੍ਹ,
ਸਰਕਾਰੀ ਨਿਯਮਾਂ ਨੂੰ ਤੋੜਦੇ ਹੋਏ ਸੁਖਬੀਰ ਬਾਦਲ ਵੱਲੋਂ ਬਣਾਏ ਗਏ ਆਪਣੇ ‘ਸੁਖਵਿਲਾਸ ਰਿਜ਼ੋਰਟ ਤੇ ਸਪਾਅ’ ਖਿਲਾਫ਼ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ, ਕੰਵਰ ਸੰਧੂ, ਜੱਸੀ ਜਸਰਾਜ ਤੇ ਦਿਨੇਸ਼ ਚੱਢਾ ਦੀ ਅਗਵਾਈ ਹੇਠ ਪਾਰਟੀ ਦੇ ਵਲੰਟੀਅਰਾਂ ਨੇ ਚੰਡੀਗੜ੍ਹ ਲਾਗਲੇ ਇਲਾਕੇ ‘ਚ ਧਰਨਾ ਦੇ ਕੇ ਹੰਗਾਮਾ ਕੀਤਾ। ਇਨ੍ਹਾਂ ਲੀਡਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਸੁਖਬੀਰ ਬਾਦਲ ਦੁਆਰਾ ਲੁੱਟ ਨਾਲ ਬਣਾਏ ਅਜਿਹੇ ਸਾਰੇ ਹੋਟਲਾਂ ਨੂੰ ਜ਼ਬਤ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਕੰਵਰ ਸੰਧੂ ਨੇ ਕਿਹਾ ਕਿ ਇੱਕ ਸੜਕ ਬਣਾਉਣ ਲਈ ਸਰਕਾਰੀ ਖ਼ਜ਼ਾਨੇ ‘ਚੋਂ 29 ਕਰੋੜ ਰੁਪਇਆਂ ਦੀ ਦੁਰਵਰਤੋਂ ਕੀਤੀ ਗਈ ਸੀ। ਸੁਖਬੀਰ ਬਾਦਲ ਨੇ ਮੋਹਾਲੀ ‘ਚ ਵੀ ਸੜਕਾਂ ਦੀ ਰੂਪ-ਰੇਖਾ ਤਿਆਰ ਕੀਤੀ ਸੀ, ਤਾਂ ਜੋ ਉਹ ਮੋਹਾਲੀ ਦੇ ਹਵਾਈ ਅੱਡੇ ਤੋਂ ਆਪਣੇ ਰਿਜ਼ੋਰਟ ਤੱਕ ਇੱਕ ਸਿੱਧੀ ਪਹੁੰਚ ਮੁਹੱਈਆ ਕਰਵਾ ਸਕੇ। ਸ੍ਰੀ ਸੰਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਓਬੇਰਾਏ ਗਰੁੱਪ ਨੂੰ ਵੀ ਉਸ ਰਿਜ਼ੋਰਟ ਵਿੱਚ ਸ਼ਾਮਲ ਕੀਤਾ, ਜਿਸ ਵਿੱਚ ਉਸ (ਸੁਖਬੀਰ) ਦੇ ਆਪਣੇ ਤੇ ਉਸ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੱਡਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦੇ ਰਿਜ਼ੋਰਟ ਵਿੱਚ ਇੱਕ ਵਿਲਾ ਦੇ ਇੱਕ ਰਾਤ ਦਾ ਕਿਰਾਇਆ 5 ਲੱਖ ਰੁਪਏ ਅਤੇ ਇੱਕ ਕਮਰੇ ਦਾ ਕਿਰਾਇਆ 35,000 ਰੁਪਏ ਹੈ। ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਰਿਜ਼ੋਰਟ ਵਾਤਾਵਰਨ ਨੇਮਾਂ ਦੀ ਉਲੰਘਣਾ ਕਰਕੇ ਸੀਸਵਾਂ ਵਣ ਰੇਂਜ ‘ਚ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰੀਨ ਟ੍ਰਿਬਿਊਨਲ ਨੇ ਪਹਿਲਾਂ ਹੀ ਪੰਜਾਬ ਸਰਕਾਰ ਤੋਂ ਵਣ ਖੇਤਰ ਵਿੱਚ ਇਸ ਰਿਜ਼ੋਰਟ ਦੀ ਸਥਾਪਨਾ ਲਈ ਦਿੱਤੀਆਂ ਮਨਜ਼ੂਰੀਆਂ ਦੀ ਵਿਆਖਿਆ ਮੰਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਦੀ ਦੌਲਤ ਪਿਛਲੇ 10 ਵਰ੍ਹਿਆਂ ਦੌਰਾਨ ਕਈ ਗੁਣਾ ਵਧ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ 10 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਵੱਲੋਂ ਬਣਾਈਆਂ ਸਾਰੀਆਂ ਸੰਪਤੀਆਂ ਦੀ ਜਾਂਚ ਕਰਵਾਏਗੀ ਤੇ ਉਨ੍ਹਾਂ ਵਿਰੁੱਧ ਹਰ ਸੰਭਵ ਕਾਨੂੰਨੀ ਕਾਰਵਾਈ ਕਰੇਗੀ।