ਚੋਣ ਨਤੀਜੇ ਸਵੀਕਾਰ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਦਿੱਤੀ ਵਧਾਈ

ਪਾਰਟੀ ਆਗੂਆਂ, ਵਰਕਰਾਂ ਅਤੇ ਸਮਰੱਥਕਾਂ ਦਾ ਕੀਤਾ ਧੰਨਵਾਦ

ਬਰਨਾਲਾ, (ਸੱਚ ਕਹੂੰ ਨਿਊਜ) ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਨਤੀਜਿਆਂ ਨੂੰ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸਵੀਕਾਰ ਕੀਤਾ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਲੋਕਾਂ ਦਾ ਫ਼ਤਵਾ ਸਿਰ ਮੱਥੇ ਹੈ। ਇਨ੍ਹਾਂ ਚੋਣ ਨਤੀਜਿਆਂ ’ਚ ਜਿੱਤ ਲਈ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦਾ ਹਾਂ, ਉਥੇ ਉਹਨਾਂ ਤੋਂ ਆਸ ਕਰਦਾ ਹਾਂ ਕਿ ਲੋਕਾਂ ਦੀਆਂ ਆਸਾਂ ਉਮੀਦਾਂ ‘ਤੇ ਖਰੇ ਉਤਰਨ। ਉਥੇ ਕੇਵਲ ਢਿੱਲੋਂ ਨੇ ਕਿਹਾ ਕਿ ਚੋਣ ਨਤੀਜੇ ਨੇ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਮਹੀਨਿਆਂ ਵਿੱਚ ਹੀ ਪੂਰੀ ਤਰ੍ਹਾ ਫ਼ੇਲ੍ਹ ਸਾਬਤ ਹੋਈ ਹੈ।

ਇਸ ਸੀਟ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ, ਸਿੱਖਿਆ ਮੰਤਰੀ ਤੋਂ ਇਲਾਵਾ ਬਾਕੀ ਦੇ ਛੇ ਵਿਧਾਨ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਬਜ਼ ਹਨ। ਚੋਣ ਪ੍ਰਚਾਰ ਦੌਰਾਨ 92 ਵਿਧਾਇਕਾਂ ‘ਤੇ ਸਾਰੇ ਮੰਤਰੀਆਂ ਨੇ ਜ਼ੋਰ ਲਗਾਇਆ, ਪ੍ਰੰਤੂ ਸੰਗਰੂਰ ਦੇ ਲੋਕਾਂ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਨਕਾਰ ਦਿੱੱਤਾ ਹੈ। ਜਿਸ ਕਰਕੇ ਆਪ ਪਾਰਟੀ ਇਹ ਚੋਣ ਹਾਰੀ ਹੈ।

ਕੇਵਲ ਢਿੱਲੋਂ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਮਾਲਵੇ ਦੇ ਕੇਂਦਰ ਬਿੰਦੂ ਰਹੀ ਇਸ ਸੀਟ ’ਤੇ ਪਹਿਲੀ ਵਾਰ ਆਪਣੇ ਦਮ ’ਤੇ ਚੋਣ ਲੜੀ ਹੈ ਅਤੇ ਬੀਜੇਪੀ ਨੂੰ ਬਹੁਤ ਵਧੀਆ ਹੁੰਗਾਰਾ ਹਲਕੇ ਦੇ ਲੋਕਾਂ ਵਲੋਂ ਦਿੱਤਾ ਗਿਆ ਹੈ। ਇਸ ਚੋਣ ਵਿੱਚ ਬੀਜੇਪੀ ਦਾ ਸ਼ਹਿਰਾਂ ਵਿੱਚ ਵੋਟ ਪ੍ਰਤੀਸ਼ਤ ਵਧਿਆ ਹੈ, ਉਥੇ ਪਿੰਡਾਂ ਵਿੱਚ ਵੀ ਸਥਾਪਿਤ ਹੋ ਸਕੇ ਹਾਂ।

ਉਨ੍ਹਾਂ ਇਸ ਚੋਣ ਵਿੱਚ ਸਾਥ ਦੇਣ ਵਾਲੇ ਸਮੂਹ ਬੀਜੇਪੀ ਹਾਈਕਮਾਂਡ, ਪਾਰਟੀ ਆਗੂਆਂ, ਵਰਕਰਾਂ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ 2024 ਦੀ ਲੋਕ ਸਭਾ ਚੋਣ ਦੌਰਾਨ ਅਸੀਂ ਹੋਰ ਮਜਬੂਤੀ ਨਾਲ ਚੋਣ ਲੜਾਂਗੇ ਅਤੇ ਪੰਜਾਬ ਦੀਆਂ 13 ਸੀਟਾਂ ’ਤੇ ਜਿੱਤ ਦਰਜ਼ ਕਰੇਗੀ, ਉਥੇ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਬਹੁਮਤ ਨਾਲ ਸਰਕਾਰ ਬਣਾਵੇਗੀ। ਉੇਥੇ ਉਹਨਾਂ ਕਿਹਾ ਕਿ ਉਹ ਆਪਣੇ ਸੰਗਰੂਰ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਪਹਿਲਾਂ ਦੀ ਤਰ੍ਹਾਂ ਹਾਜ਼ਰ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ