ਵਿਚਾਰ

ਨਸ਼ੇੜੀ, ਨਸ਼ਾ ਤਸਕਰ ਤੇ ਸਿਆਸਤ   

Addiction, Drug, Smugglers, politics, Editorial

ਚੋਣਾਂ ਤੋਂ ਪਹਿਲਾਂ ਵਾਅਦੇ ਤੇ ਜਿੱਤਣ ਮਗਰੋਂ ਵਾਅਦੇ ਵਫ਼ਾ ਨਾ ਹੋਣੇ ਦੇਸ਼ ਦੇ ਸਿਆਸੀ ਚਰਿੱਤਰ ਦੀ ਉੱਘੀ ਵਿਸ਼ੇਸ਼ਤਾ ਹੈ ਜਦੋਂ ਪਿਛਲੀ ਸਰਕਾਰ ਵੇਲੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ ‘ਤੇ ਨਸ਼ੇੜੀ ਧੜਾਧੜ ਜੇਲ੍ਹਾਂ ‘ਚ ਸੁੱਟੇ ਜਾ ਰਹੇ ਸਨ ਤਾਂ ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਾਗ ਦਿੱਤਾ ਸੀ ਕਿ ਸਰਕਾਰ ਨਸ਼ਾ ਤਸਕਰਾਂ ਦੀ ਬਜਾਇ ਨਸ਼ਾ ਪੀੜਤਾਂ (ਨਸ਼ੇੜੀ) ਨੂੰ ਫੜ ਰਹੀ ਹੈ ਨਸ਼ੱਈਆਂ ਲਈ ਨਸ਼ਾ ਪੀੜਤ ਸ਼ਬਦ ਵੀ ਪਹਿਲੀ ਵਾਰ ਸ਼ਾਇਦ ਪੰਜਾਬ ਦੀ ਸਿਆਸਤ ‘ਚ ਅਮਰਿੰਦਰ ਸਿੰਘ ਨੇ ਵਰਤਿਆ ਸੀ ਸਮਾਂ ਬਦਲ ਗਿਆ ਹੈ ਸਰਕਾਰ ਅਮਰਿੰਦਰ ਸਿੰਘ ਦੀ ਆ ਗਈ ਹੈ

ਹੁਣ ਵੀ ਨਸ਼ਾ ਪੀੜਤ ਫੜੇ ਜਾ ਰਹੇ ਹਨ ਆਖ਼ਰ ਸਮੈਕ ਹੈਰੋਇਨ ਪੰਜਾਬ ਦੇ ਖੇਤਾਂ ‘ਚ ਤਾਂ ਪੈਦਾ ਨਹੀਂ ਹੁੰਦੇ ਇਹਨਾਂ ਦੀਆਂ ਵੱਡੀਆਂ ਖੇਪਾਂ ਛੋਟੀਆਂ ਹੁੰਦੀਆਂ ਹੁੰਦੀਆਂ ਪੁੜੀਆਂ ਤੇ ਚੁਟਕੀਆਂ ‘ਚ ਬਦਲ ਜਾਂਦੀਆਂ ਹਨ ਵੱਡੀ ਖੇਪ ਕੌਣ ਲਿਆਉਂਦਾ ਹੈ, ਕੌਣ ਮੰਗਵਾਉਂਦਾ ਹੈ ਇਸ ਦਾ ਖੁਲਾਸਾ ਤਾਂ ਅਜੇ ਤਾਈਂ ਨਹੀਂ ਹੋ ਰਿਹਾ ਫ਼ਿਰੋਜ਼ਪੁਰ ਜੇਲ੍ਹ, ਜੋ ਅਕਾਲੀ-ਭਾਜਪਾ ਵੇਲੇ ਨਸ਼ਿਆਂ ਦਾ ਗੜ੍ਹ ਸੀ ਹੁਣ ਵੀ ਉੱਥੋਂ ਕੈਦੀਆਂ ਕੋਲੋਂ ਨਸ਼ਾ ਤੇ ਮੋਬਾਇਲ ਫੋਨ ਰੋਜ਼ਾਨਾ ਹੀ ਫੜੇ ਜਾ ਰਹੇ ਹਨ

ਅਧਿਕਾਰੀਆਂ ਦੇ ਦੌਰਿਆਂ ਨਾਲ ਕੋਈ ਫ਼ਰਕ ਨਹੀਂ ਪਿਆ

ਡਿਪਟੀ ਕਮਿਸ਼ਨਰ , ਵਧੀਕ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਦੇ ਦੌਰਿਆਂ ਨਾਲ ਕੋਈ ਫ਼ਰਕ ਨਹੀਂ ਪਿਆ ਜੇਲ੍ਹਾਂ ਦੇ ਕਈ ਮੁਲਾਜ਼ਮ ਮੁਅੱਤਲ ਵੀ ਹੋਏ ਹਨ ਪਰ ਸਭ ਕੁਝ ਚੱਲੀ ਜਾਂਦਾ ਹੈ ਸਰਕਾਰ ਨਸ਼ੇ ਦੀ ਸਪਲਾਈ ਲਾਈਨ ਤੋੜਨ ਦਾ ਦਾਅਵਾ ਕਰਦੀ ਹੈ ਤਾਂ ਫਿਰ ਰੋਜ਼ਾਨਾ ਨਸ਼ੇੜੀਆਂ ਕੋਲ ਨਸ਼ਾ ਕਿੱਥੋਂ ਆ ਰਿਹਾ ਹੈ ਪੰਜਾਬ ਦੇ ਨਸ਼ਾ ਛੁਡਾਊ ਕੇਂਦਰ ਸੁੰਨੇ ਪਏ ਹਨ, ਖਾਣ ਵਾਲੇ ਖਾਈ ਜਾਂਦੇ ਹਨ ਕਾਂਗਰਸ ਦੇ ਕੌਮੀ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਾ ਕਰਦੇ ਹਨ

ਜੇਕਰ ਗਿਣਤੀ ਇੰਨੀ ਹੀ ਸੀ ਤਾਂ ਨਸ਼ਾ ਛੁਡਾਊ ਕੇਂਦਰਾਂ ਅੱਗੇ ਨਸ਼ਾ ਛੱਡਣ ਵਾਲਿਆਂ ਦੀਆਂ ਕਤਾਰਾਂ ਨਜ਼ਰ ਕਿਉਂ ਨਹੀਂ ਆਈਆਂ ਸਿੱਧੀ ਜਿਹੀ ਗੱਲ ਹੈ ਕਿ ਜਦੋਂ ਤੱਕ ਨਸ਼ਾ ਪੀੜਤ (ਨਸ਼ੇੜੀ) ਹੋਣਗੇ ਤਾਂ  ਨਸ਼ਾ ਤਸਕਰਾਂ ਦੀ ਸਰਗਰਮੀ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਨਸ਼ਾ ਪੀੜਤਾਂ ਕੋਲ ਨਸ਼ਾ ਆ ਰਿਹਾ ਹੈ, ਕੋਈ ਤਾਂ ਉਹਨਾਂ ਨੂੰ ਨਸ਼ਾ ਭੇਜ/ਵੇਚ ਰਿਹਾ ਹੈ ਨਸ਼ਾ ਤਸਕਰੀ ‘ਚ ਅਧਿਕਾਰੀ ਵੀ ਸ਼ਾਮਲ ਹਨ ਤਾਂ  ਉਹਨਾਂ ਦੇ ਸਿਰ ‘ਤੇ ਵੀ ਤਾਂ ਕਿਸੇ ਦਾ ਹੱਥ ਹੋਵੇਗਾ

ਜੇ ਨਸ਼ਾ ਮੁੱਕੇਗਾ ਤਾਂ ਨਸ਼ੇੜੀ ਸਿਹਤ ਵਿਭਾਗ ਵੱਲ ਭੱਜਣਗੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰ ਤੇ ਤਸਕਰਾਂ ਨੂੰ ਜੇਲ੍ਹ ਭੇਜਣ ਦੀ ਜ਼ਰੂਰਤ ਹੈ ਇੱਕ ਦੋ ਅਧਿਕਾਰੀਆਂ ਤੋਂ ਬਰਾਮਦਗੀ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ ਕਦੇ ਧੜਾਧੜ ਸਿਆਸਤਦਾਨਾਂ ਦੇ ਨਾਂਅ ਆਉਂਦੇ ਹਨ ਤੇ ਕਦੇ ਨਸ਼ੇੜੀਆਂ ਦੀ ਗ੍ਰਿਫ਼ਤਾਰੀ ਨਾਲ ਗੱਲ ਖ਼ਤਮ ਹੋ ਜਾਂਦੀ ਹੈ ਜੇਕਰ ਨਸ਼ਾ ਤਸਕਰੀ ਮੁਕੰਮਲ ਖ਼ਤਮ ਵੀ ਹੋ ਜਾਂਦੀ ਹੈ ਤਾਂ ਸਰਕਾਰ ਨੂੰ ਨਸ਼ੇੜੀਆਂ ਦੀ ਹਾਲਾਤ ਸੁਧਾਰਨ ਲਈ ਨਸ਼ਾ ਛੁਡਾਊ ਕੇਂਦਰਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਨਰੋਈ ਸਿਹਤ ਤੇ ਨਰੋਈ ਸੋਚ ਪੈਦਾ ਕਰਨ ਲਈ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਨਸ਼ੇੜੀਆਂ ਦੀਆਂ ਗ੍ਰਿਫ਼ਤਾਰੀਆਂ ਨੂੰ ਹੀ ਸਰਕਾਰ ਕਾਮਯਾਬੀ ‘ਚ ਸ਼ਾਮਲ ਕਰਕੇ ਪ੍ਰਾਪਤੀਆਂ ਦੇ ਵਾਜੇ ਨਾ ਵਜਾਏ

ਪ੍ਰਸਿੱਧ ਖਬਰਾਂ

To Top