ਗਹਿਲੋਤ ਤੋਂ ਬਾਅਦ ਹੁਣ ਸਚਿਨ ਪਾਇਲਟ ਸੋਨੀਆ ਨੂੰ ਮਿਲੇ

ਰਾਜਸਥਾਨ ’ਚ ਮੰਤਰੀ ਮੰਡਲ ’ਚ ਛੇਤੀ ਹੋਵੇਗਾ ਵਿਸਥਾਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਪਾਰਟੀ ਦੇ ਸੀਨੀਅਰ ਆਗੂ ਸਚਿਨ ਪਾਇਲਟ ਦਰਮਿਆਨ ਸੱਤਾ ਸਬੰਧੀ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਰਗਰਮ ਹੋ ਗਏ ਹਨ ਤੇ ਉਨ੍ਹਾਂ ਗਹਿਲੋਤ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਅੱਜ ਪਾਇਲਟ ਨਾਲ ਗੱਲਬਾਤ ਕੀਤੀ। ਪਾਇਲਟ ਨੇ ਕਾਂਗਰਸ ਪ੍ਰਧਾਨ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਸ੍ਰੀਮਤੀ ਗਾਂਧੀ ਨੂੰ ਕਿਹਾ ਕਿ ਰਾਜਸਥਾਨ ’ਚ ਮੰਤਰੀ ਮੰਡਲ ’ਚ ਛੇਤੀ ਹੀ ਵਿਸਥਾਰ ਹੋਣਾ ਹੈ ਤੇ ਇਸ ’ਚ ਪਾਰਟੀ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਸਨਮਾਨ ਮਿਲਣਾ ਚਾਹੀਦਾ ਹੈ।

ਕਾਂਗਰਸ ਪ੍ਰਧਾਨ ਦੀ ਗਹਿਲੋਤ ਤੋਂ ਬਾਅਦ ਉਨ੍ਹਾਂ ਦੇ ਗੱਲਬਾਤ ਕਰਨ ਸਬੰਧੀ ਸਵਾਲ ’ਤੇ ਪਾਇਲਟ ਨੇ ਕਿਹਾ ਕਿ ਇਹ ਬਹੁਤ ਚੰਗਾ ਹੈ ਕਿ ਸ੍ਰੀਮਤੀ ਗਾਂਧੀ ਲਗਾਤਾਰ ਰਾਜਸਥਾਨ ਨੂੰ ਲੈ ਕੇ ਉੱਥੋਂ ਦੇ ਆਗੂਆਂ ਤੋਂ ਜਾਣਕਾਰੀ ਲੈ ਰਹੇ ਹਨ ਕਿ ਸੂਬੇ ’ਚ ਫਿਰ ਪਾਰਟੀ ਦਾ ਝੰਡਾ ਲਹਿਰਾਏ। ਇਸ ਦੇ ਲਈ ਕਿਸੇ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਉਨ੍ਹਾਂ ਦਾ ਕਹਿਣਾ ਸੀ ਕਿ ਸੂਬਾ ਕਾਂਗਰਸ ਨਾਲ ਜੁੜੇ ਸਾਰੇ ਆਗੂਆਂ ਨੂੰ ਇਸ ਗੱਲ ’ਤੇ ਧਿਆਨ ਦੇਣ ਦੀ ਲੋੜ ਹੈ ਕਿ ਰਾਜਸਥਾਨ ’ਚ ਪਾਰਟੀ ਫਿਰ ਤੋਂ ਕਿਵੇਂ ਚੋਣ ਜਿੱਤ ਕੇ ਆਵੇ।

ਸੂਬੇ ’ਚ 2023 ’ਚ ਵਿਧਾਨ ਸਭਾ ਚੋਣਾਂ

ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਕਾਂਗਰਸ ਨੂੰ ਮਜ਼ਬੂਤੀ ਪ੍ਰਦਾਨ ਕਰਕੇ ਤੇ ਸੱਤਾ ’ਚ ਵਾਪਸੀ ਯਕੀਨੀ ਕਰਨ ਲਈ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਣੇ ਚਾਹੀਦੇ ਹਨ ਇਸ ਸਬੰਧੀ ਪਾਰਟੀ ਦੇ ਸੂਬਾ ਇੰਚਾਰਜ਼ ਜਨਰਲ ਸਕੱਤਰ ਅਜੈ ਮਾਕਨ ਹੀ ਉਚਿਤ ਫੈਸਲੇ ਲੈਣਗੇ। ਕਾਂਗਰਸ ਆਗੂ ਨੇ ਕਿਹਾ ਕਿ ਰਾਜਸਥਾਨ ’ਚ ਕਾਂਗਰਸ ਦੀ ਵਾਪਸੀ ਲਈ ਮਿਲ ਕੇ ਸਭ ਨੂੰ ਬਹੁਤ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਸੂਬੇ ’ਚ 2023 ’ਚ ਵਿਧਾਨ ਸਭਾ ਚੋਣਾਂ ਹਨ ਤੇ ਇਸ ਦੇ ਲਈ ਹੁਣ ਦੋ ਸਾਲਾਂ ਤੋਂ ਵੀ ਘੱਟ ਸਮਾਂ ਬਚਿਆ ਹੈ।

ਇਸ ਲਈ ਸਭ ਨੂੰ ਮਿਲ ਕੇ ਸੰਗਠਨ ਨੂੰ ਮਜ਼ਬੂਤ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਵਿਸਥਾਰ ’ਚ ਤਜ਼ਰਬਾ, ਸਾਖ਼, ਖੇਤਰੀ ਸੰਤੁਲਨ, ਜਾਤੀ ਸੰਯੋਜਨ ਨੂੰ ਧਿਆਨ ’ਚ ਰੱਖਦਿਆਂ ਫੈਸਲੇ ਲੈਣੇ ਹੋਣਗੇ ਤੇ ਇਨ੍ਹਾਂ ਸਭ ਮੁੱਦਿਆਂ ’ਤੇ ਉਨ੍ਹਾਂ ਦੀ ਸ੍ਰੀਮਤੀ ਗਾਂਧੀ ਨਾਲ ਗੱਲਬਾਤ ਹੋਈ ਹੈ। ਸੰਗਠਨ ’ਚ ਅਹਿਮ ਭੂਮਿਕਾ ਮਿਲਣ ਸਬੰਧੀ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਮੁੱਦਿਆਂ ’ਤੇ ਉਨ੍ਹਾਂ ਦੀ ਸ੍ਰੀਮਤੀ ਗਾਂਧੀ ਨਾਲ ਗੱਲਬਾਤ ਹੋਈ ਹੈ।।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ