ਪੰਜਾਬ

ਹੀਰੋ ਸਾਈਕਲ ਨੂੰ 100 ਏਕੜ ਜ਼ਮੀਨ ਅਲਾਟ ਲਈ ਸਮਝੌਤਾ

Agreement for allotment of 100 acres of land to Hero Cycle

ਪ੍ਰੋਜੈਕਟ ਨਾਲ ਸੂਬੇ ‘ਚ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ

ਲੁਧਿਆਣਾ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ‘ਚ ਆਲਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲ ਲਿਮਟਿਡ ਨੂੰ 100 ਏਕੜ ਜ਼ਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ ਗਿਆ, ਜਿਸ ਨਾਲ ਲੁਧਿਆਣਾ ਦੇ ਹਾਈਟੈਕ ਸਾਈਕਲ, ਈ-ਬਾਈਕ, ਈ-ਵਹੀਕਲ ਤੇ ਲਾਈਟ ਇੰਜੀਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲੇਗਾ।
ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ‘ਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਦੇ ਐੱਮਡੀ ਰਾਹੁਲ ਭੰਡਾਰੀ ਤੇ ਹੀਰੋ ਸਾਈਕਲ ਲਿਮਟਿਡ ਦੇ ਚੇਅਰਮੈਨ ਪੰਕਜ ਮੁਝਾਲ ਨੇ ਇਸ ਸਬੰਧੀ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਮੌਕੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਉਦਯੋਗ, ਸੀਆਈਆਈ, ਪੀਐੱਚਡੀ ਚੈਂਬਰ ਆਫ ਕਾਮਰਸ ਤੇ ਨਿਵੇਸ਼ਕਾਂ ਦੀਆਂ ਹੋਰ ਨੁਮਾਇੰਦਾ ਐਸੋਸੀਏਸ਼ਨਾਂ ਦੀ ਇਹ ਮੰਗ ਸੀ ਕਿ ਲੁਧਿਆਣਾ ਨੇੜੇ ਆਧੁਨਿਕ ਬੁਨਿਆਂਦੀ ਢਾਂਚੇ ਦੀਆਂ ਸਹੂਲਤਾਂ ਵਾਲਾ ਇੱਕ ਨਵਾਂ ਉਦਯੋਗਿਕ ਪਾਰਕ ਸਥਾਪਤ ਕੀਤਾ ਜਾਵੇ। ਇਸ ਸੰਦਰਭ ਵਿੱਚ ਹੀ ਪੰਜਾਬ ਸਰਕਾਰ ਨੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਬਿਲਕੁਲ ਨਜ਼ਦੀਕ ਪਿੰਡ ਧਨਾਨਸੂ ਵਿਖੇ 380 ਏਕੜ ਰਕਬੇ ‘ਚ ਪੀਐੱਸਆਈਈਸੀ ਰਾਹੀਂ ਹਾਈਟੈਕ ਸਾਈਕਲ ਵੈਲੀ ਸਥਾਪਤ ਕਰਨ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰੋਜੈਕਟ ਹੀਰੋ ਸਾਈਕਲ ਲਿਮਟਿਡ ਤੇ ਇਸ ਦੇ ਨਾਲ ਜੁੜੇ ਸਪਲਾਇਰਾਂ/ਸਹਾਇਕ ਉਦਯੋਗਿਕ ਯੂਨਿਟਾਂ ਰਾਹੀਂ 400 ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਤੇ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਉਦਯੋਗਿਕ ਪਾਰਕ ਦੀ ਸਮਰਥਾ ਸਾਲਾਨਾ 4 ਮਿਲੀਅਨ ਸਾਈਕਲ ਤਿਆਰ ਕਰਨ ਦੀ ਹੋਵੇਗੀ ਤੇ ਇਹ ਪ੍ਰੋਜੈਕਟ 36 ਮਹੀਨਿਆਂ ‘ਚ ਅਮਲ ‘ਚ ਆਵੇਗਾ।
ਉਦਯੋਗ ਤੇ ਵਪਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੀਰੋ ਸਾਈਕਲ ਲਿਮਟਿਡ ਦੀ ਚੋਣ ਉਦੇਸ਼, ਮੁਕਾਬਲਾ ਤੇ ਤਕਨੀਕੀ ਬੋਲੀ ਪ੍ਰਕਿਰਿਆ ਰਾਹੀਂ ‘ਪ੍ਰੋਜਕੈਟ ਕੰਪਨੀ’ ਵਜੋਂ ਕੀਤੀ ਗਈ ਹੈ, ਜਿਸ ਤਹਿਤ ਸਾਈਕਲ, ਈ-ਬਾਈਕ ਵਰਗੇ ਵਹੀਕਲਾਂ ਨੂੰ ਬਣਾਉਣ ਲਈ ਐਂਕਰ ਯੂਨਿਟ ਸਥਾਪਤ ਕਰਨ ਦੇ ਨਾਲ-ਨਾਲ ਹਾਈਟੈਕ ਵੈਲੀ ‘ਚ ਸਹਾਇਕ ਸਨਅਤੀ ਯੂਨਿਟਾਂ ਸਮੇਤ ਉਦਯੋਗਿਕ ਪਾਰਕ ਨੂੰ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਹੀਰੋ ਸਾਈਕਲ ਲਿਮਟਿਡ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਉਹ ਨਿੱਜੀ ਤੌਰ ‘ਤੇ ਸੂਬਾ ਸਰਕਾਰ ਦੇ ਰਿਣੀ ਹਨ। ਸ੍ਰੀ ਮੁੰਜਾਲ ਨੇ ਦੱਸਿਆ ਕਿ ਇਕੱਲਾ ਹੀਰੋ ਗਰੁੱਪ ਸਾਲਾਨਾ 10 ਮਿਲੀਅਨ ਸਾਈਕਲ ਬਣਾਉਂਦਾ ਹੈ ਜੋ ਵਿਸ਼ਵ ‘ਚ ਬਣਦੇ ਕੁੱਲ ਸਾਈਕਲਾਂ ਦਾ 7.5 ਫੀਸਦੀ ਹੈ। ਹੀਰੋ ਸਾਈਕਲ ਲਿਮਟਿਡ ਨੇ ਉਦਯੋਗਿਕ ਪਾਰਕ ‘ਚ ਸਹਾਇਕ ਸਨਅਤੀ ਯੂਨਿਟਾਂ ਦੀ ਸਥਾਪਨਾ ਲਈ ਅਤੀ ਆਧੁਨਿਕ ਤਕਨਾਲੋਜੀ ਵਾਲੇ ਆਲਮੀ ਪੱਧਰ ‘ਤੇ ਪ੍ਰਸਿੱਧ ਮੈਨੂਫੈਕਚਰਿੰਗ ਕੰਪਨੀਆਂ ਨੂੰ ਸੱਦਾ ਦਿੱਤਾ ਹੈ। ਹੀਰੋ ਸਾਈਕਲ ਲਿਮਟਿਡ ਨੂੰ ਇਹ ਜ਼ਮੀਨ ਨਾ ਸਿਰਫ ਉਦਯੋਗਿਕ ਮੰਤਵ ਲਈ ਵਰਤੋਂ ਕਰਨ ਵਾਸਤੇ ਦਿੱਤੀ ਗਈ ਹੈ, ਸਗੋਂ ਵੇਅਰਹਾਊਸਿੰਗ, ਲਾਜੀਸਟਿਕਜ਼, ਖੋਜ ਤੇ ਵਿਕਾਸ ਕੇਂਦਰ ਤੇ ਹੁਨਰ ਵਿਕਾਸ ਕੇਂਦਰਾਂ ਵਰਗਾ ਢਾਂਚਾ ਕਾਇਮ ਕਰਨ ਲਈ ਵੀ ਮੁਹੱਈਆ ਕਰਵਾਈ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top