ਵਿਜੈਇੰਦਰ ਸਿੰਗਲਾ ਤੇ ਸੁਰਿੰਦਰਪਾਲ ਸਿਬੀਆ ਦੇ ਧੜਿਆਂ ਵਿਚਾਲੇ ਹੋਇਆ ‘ਸਮਝੌਤਾ’

0
95
Vijayinder Singla Sachkahoon

ਵਿਜੈਇੰਦਰ ਸਿੰਗਲਾ ਤੇ ਸੁਰਿੰਦਰਪਾਲ ਸਿਬੀਆ ਦੇ ਧੜਿਆਂ ਵਿਚਾਲੇ ਹੋਇਆ ‘ਸਮਝੌਤਾ’

ਸਿੰਗਲਾ ਸਿਬੀਆ ਦੀ ਰਿਹਾਇਸ਼ ਤੇ ਮਿਲਣ ਗਏ, ਸਿਬੀਆ ਵੀ ਮੁੜ ਚਾਰਜ ਦਿਖੇ

(ਗੁਰਪ੍ਰੀਤ ਸਿੰਘ) ਸੰਗਰੂਰ। ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਵਿੱਚ ਵੱਡੇ ਪੱਧਰ ’ਤੇ ਹਿਲਜੁਲ ਹੋਣ ਲੱਗੀ ਹੈ ਸਿੱਧੂ ਦੀ ਆਮਦ ਨੇ ਰਾਜਨੀਤਕ ਤੌਰ ’ਤੇ ਇੱਕ ਦੂਜੇ ਦੇ ਸਿਆਸੀ ਸ਼ਰੀਕ ਬਣੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਜੱਫੀਆਂ ਪਵਾ ਦਿੱਤੀਆਂ। ਇਸੇ ਤਰਜ਼ ’ਤੇ ਹਲਕਾ ਸੰਗਰੂਰ ਵਿੱਚ ਕਿਸੇ ਸਮੇਂ ਇੱਕ ਦੂਜੇ ਦੇ ਸਿਆਸੀ ਵਿਰੋਧੀ ਰਹੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੇ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦੇ ਧੜਿਆਂ ਵਿਚਾਲੇ ਇਕਜੁਟਤਾ ਹੋ ਗਈ ਹੈ, ਪਿਛਲੇ ਕਾਫ਼ੀ ਸਮੇਂ ਤੋਂ ਇਹ ਦੋਵੇਂ ਧੜੇ ਇੱਕ ਦੂਜੇ ਤੋਂ ਨਰਾਜ਼ ਚੱਲ ਰਹੇ ਸਨ।

ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਅਤੇ ਘੰਟਾ ਭਰ ਉਨ੍ਹਾਂ ਨਾਲ ਦਿਲ ਦੀਆਂ ਗੱਲਾਂ ਵੀ ਕੀਤੀਆਂ ਮੀਟਿੰਗ ਉਪਰੰਤ ਦੋਵੇਂ ਧੜਿਆਂ ਦੇ ਆਗੂਆਂ ਦੇ ਚਿਹਰਿਆਂ ’ਤੇ ਇੱਕ ਤਸੱਲੀ ਦੇਖਣ ਨੂੰ ਮਿਲੀ ਸੁਰਿੰਦਰਪਾਲ ਸਿੰਘ ਸਿਬੀਆ ਨੇ ਮੀਟਿੰਗ ਉਪਰੰਤ ਗੱਲਬਾਤ ਦੌਰਾਨ ਇਹ ਕਹਿ ਦਿੱਤਾ ਕਿ ਅਸੀਂ ਦੋਵਾਂ ਨੇ ਰਲ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਹਨ ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਬਾਅਦ ਵਿਜੈਇੰਦਰ ਸਿੰਗਲਾ ਉਨ੍ਹਾਂ ਦੀ ਰਿਹਾਇਸ਼ ’ਤੇ ਆਏ ਸਨ ਜਿਸ ਕਾਰਨ ਉਨ੍ਹਾਂ ਨੇ ਵੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਸਿੰਗਲਾ ਨੇ ਵੀ ਕਿਹਾ ਕਿ ਸਿਬੀਆ ਕਾਂਗਰਸ ਪਾਰਟੀ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਉਹ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਨੇ ਬਰਨਾਲਾ ਤੋਂ ਜਾ ਕੇ ਕਾਂਗਰਸ ਪਾਰਟੀ ਦੇ ਨਿਰਦੇਸ਼ਾਂ ’ਤੇ ਵਿਧਾਇਕੀ ਦੀ ਚੋਣ ਵੀ ਲੜੀ ਸੀ ਉਨ੍ਹਾਂ ਕਿਹਾ ਕਿ ਅਸੀਂ ਇਕਜੁਟਤਾ ਨਾਲ ਕੰਮ ਕਰਾਂਗੇ ਅਤੇ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਾਂਗੇ।

ਜ਼ਿਕਰਯੋਗ ਹੈ ਕਿ ਸੁਰਿੰਦਰਪਾਲ ਸਿੰਘ ਸਿਬੀਆ ਪਿਛਲੇ ਲੰਮੇ ਸਮੇਂ ਤੋਂ ਹਲਕੇ ਵਿੱਚ ਖ਼ਾਮੋਸ਼ ਸਨ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਲੜੀ ਸੀ ਪਰ ਸਰਕਾਰ ਵਿਰੋਧੀ ਲਹਿਰ ਕਾਰਨ ਉਨ੍ਹਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪਿੱਛੋਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਮੁੜ ਤੋਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਚੋਣ ਤੋਂ ਬਾਅਦ ਇੱਕਦਮ ਫੇਰ ਚੁੱਪੀ ਧਾਰ ਕੇ ਆਪਣੇ ਘਰ ਬੈਠ ਗਏ ਸਨ ਅਤੇ ਕਾਫ਼ੀ ਚਿਰ ਤੋਂ ਉਨ੍ਹਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਬੰਦ ਕਰ ਦਿੱਤੀਆਂ ਸਨ ਕਈ ਸਿਆਸੀ ਆਗੂ ਇਹ ਵੀ ਆਖ਼ ਰਹੇ ਸਨ ਕਿ ਸਿਬੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ ਅਤੇ ਹਲਕਾ ਸੰਗਰੂਰ ਤੋਂ ਚੋਣ ਲੜਨਗੇ ਪਰ ਹਰ ਰੋਜ਼ ਬਣ ਰਹੀਆਂ ਸਿਆਸੀ ਪ੍ਰਸਥਿਤੀਆਂ ਕਾਰਨ ਹਾਲਾਤ ਹੋਰ ਬਣਦੇ ਜਾ ਰਹੇ ਹਨ।

ਖੰਨਾ ਦੀ ਆਮਦ ਦੇ ਰਸਤੇ ਰੋਕਣ ਲਈ ਹੋ ਰਹੀ ਹੈ ਕਾਂਗਰਸੀਆਂ ’ਚ ਇਕਜੁਟਤਾ

ਹਲਕਾ ਸੰਗਰੂਰ ਤੋਂ ਜਿਸ ਤਰ੍ਹਾਂ ਦੀਆਂ ਕਨਸੋਅ ਆ ਰਹੀ ਹੈ ਕਿ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਹੋਣਗੇ ਤਾਂ ਮੌਜ਼ੂਦਾ ਸੱਤਾਧਾਰੀਆਂ ਵੱਲੋਂ ਧੜਿਆਂ ਵਿੱਚ ਵੰਡੀ ਕਾਂਗਰਸ ਨੂੰ ਇਕਮੁਠ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਈ ਕਾਂਗਰਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਖੰਨਾ ਜਾਂ ਕੋਈ ਹੋਰ ਆਗੂ ਸੰਗਰੂਰ ਆ ਕੇ ਖੜ੍ਹ ਜਾਵੇ ਸਮੁੱਚੀ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੈ ਤੇ ਲੋਕ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਹੋਇਆ ਵਿਕਾਸ ਆਪਣੀਆਂ ਅੱਖਾਂ ਨਾਲ ਤੱਕ ਰਹੇ ਹਨ ਜਿਸ ਕਾਰਨ ਕਾਂਗਰਸੀ ਉਮੀਦਵਾਰ ਦੇ ਸਾਹਮਣੇ ਕੋਈ ਨਹੀਂ ਟਿਕੇਗਾ ਦੂਜੇ ਪਾਸੇ ਅਕਾਲੀ ਆਗੂ ਆਖ ਰਹੇ ਹਨ ਕਿ ਅਰਵਿੰਦ ਖੰਨਾ ਹਲਕਾ ਸੰਗਰੂਰ ਦੇ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਦਾ ਸੰਪਰਕ ਕਾਂਗਰਸੀਆਂ ਨਾਲ ਵੀ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਮੁਕਾਬਲਾ ਬੇਹੱਦ ਪੇਚੀਦਾ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ