ਖੇਤੀਬਾੜੀ

ਬਾਗਾਂ ਲਈ ਪਾਣੀ ਦੀ ਸੁਚੱਜੀ ਵਿਉਂਤਬੰਦੀ

ਬਾਗਾਂ ਤੋਂ ਗੁਣਾਤਮਕ ਅਤੇ ਨਿਰੰਤਰ ਉਪਜ ਲੈਣ ਲਈ ਪਾਣੀ ਦੀ ਬਹੁਤ ਮਹੱਤਤਾ ਹੈ ਬੂਟੇ ਪਾਣੀ ਦੁਆਰਾ ਹੀ ਮਿੱਟੀ ਵਿੱਚੋਂ ਖੁਰਾਕੀ ਤੱਤ ਲੈ ਕੇ ਅਪਣਾ ਜੀਵਣ ਕਾਲ ਪੂਰਾ ਕਰਦੇ ਹਨ ਫ਼ਲਦਾਰ ਬੂਟਿਆਂ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਜਿੱਥੇ ਅਸੀਂ ਕੁਦਰਤੀ ਸੋਮੇ ਦੀ ਸੰਭਾਲ ਕਰ ਸਕਦੇ ਹਾਂ ਉੱਥੇ ਚੋਖਾ ਫ਼ਲ ਪੈਦਾ ਕਰਕੇ ਚੰਗਾ ਮੁਨਾਫ਼ਾ ਵੀ ਕਮਾ ਸਕਦੇ ਹਾਂ ਬਾਗਾਂ ਨੂੰ ਪਾਣੀ ਲਾ ਦੇਣਾ ਹੀ ਕਾਫ਼ੀ ਨਹੀਂ ਸਗੋਂ ਸਿੰਚਾਈ ਦੀ ਲੋੜ, ਸਮਾਂ ਅਤੇ ਤਰੀਕਿਆਂ ਬਾਰੇ ਵੀ ਕਾਸ਼ਤਕਾਰ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ
ਨਿੰਬੂ ਜਾਤੀ ਦੇ ਫ਼ਲ: ਛੋਟੇ ਬੂਟਿਆਂ ਨੂੰ ਤਿੰਨ-ਚਾਰ ਸਾਲਾਂ ਤੱਕ ਹਰ ਹਫ਼ਤੇ ਅਤੇ ਪੁਰਾਣੇ ਬੂਟਿਆਂ ਨੂੰ ਦੋ-ਤਿੰਨ ਹਫ਼ਤਿਆਂ ਪਿੱਛੋਂ ਮੌਸਮ, ਵਰਖਾ ਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਦੇਣਾ ਚਾਹੀਦਾ ਹੈ ਫ਼ਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪਰੈਲ ਵਿੱਚ ਫ਼ਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਬਹੁਤ ਜ਼ਰੂਰੀ ਹੈ ਗਰਮੀ ਕਾਰਨ ਫੁੱਲ ਅਤੇ ਫ਼ਲ ਝੜਨ ਦਾ ਖ਼ਤਰਾ ਵਧ ਜਾਂਦਾ ਹੈ ਤੁਪਕਾ ਸਿੰਚਾਈ ਸਾਧਨ ਰਾਹੀਂ ਪਾਣੀ ਦੀ ਸੁਚੱਜੀ ਵਿਉਂਤਬੰਦੀ ਕਰਕੇ ਫ਼ਲ ਦੀ ਗੁਣਵੱਤਾ ਅਤੇ ਝਾੜ ਵਧਾਇਆ ਜਾ ਸਕਦਾ ਹੈ ਕਿੰਨੂ ਦੇ ਬਾਗਾਂ ਵਿੱਚ ਪਾਣੀ ਦੇ ਉਚਿਤ ਅਤੇ ਕਾਰਗਰ ਪ੍ਰਯੋਗ ਲਈ ਤੁਪਕਾ ਸਿੰਚਾਈ ਤਰੀਕਾ ਵਧੇਰੇ ਲਾਹੇਵੰਦ ਹੈ ਅਲੱਗ-ਅਲੱਗ ਮਹੀਨਿਆਂ ਵਿੱਚ ਬੂਟੇ ਦੀ ਉਮਰ ਅਨੁਸਾਰ ਪਾਣੀ ਦੀ ਜ਼ਰੂਰਤ ਵੀ ਅਲੱਗ-ਅਲੱਗ ਹੁੰਦੀ ਹੈ
ਡਿੱਗੀ ਵਿੱਚੋਂ ਨਹਿਰੀ ਪਾਣੀ ਚੁੱਕਣ ਵਾਸਤੇ ਬੂਸਟਰ ਪੰਪ ਜਿਹੜਾ ਕਿ 2 ਹਾਰਸ ਪਾਵਰ ਦੀ ਸੂਰਜੀ ਬਿਜਲੀ ਊਰਜਾ ਨਾਲ ਚੱਲਦਾ ਹੋਵੇ, 10 ਏਕੜ ਕਿੰਨੂੰ ਬਗੀਚੇ ਵਾਸਤੇ ਠੀਕ ਹੈ ਪਰ 15 ਅਤੇ 25 ਏਕੜ ਦੇ ਬਗੀਚੇ ਵਾਸਤੇ ਕਰਮਵਾਰ 3 ਅਤੇ 5 ਹਾਰਸ ਪਾਵਰ ਦੀ ਮੋਟਰ ਵਾਲੇ ਬੂਸਟਰ ਪੰਪ ਦੀ ਲੋੜ ਹੈ ਜੋ ਪਾਣੀ ਚੁੱਕ ਸਕੇ ਸ਼ੁਰੂ ਵਿੱਚ ਪ੍ਰਤੀ ਬੂਟਾ 1-2 ਡ੍ਰਿਪਰਾਂ ਦੀ ਲੋੜ ਹੁੰਦੀ ਹੈ ਜੋ ਬਾਅਦ ਵਿੱਚ ਮਿੱਟੀ ਦੀ ਕਿਸਮ ਤੇ ਬੂਟੇ ਦੀ ਉਮਰ ਅਨੁਸਾਰ 4-5 ਤੱਕ ਵਧਾਏ ਜਾ ਸਕਦੇ ਹਨ ਪਾਣੀ ਦੀ ਸਹੀ ਵਰਤੋਂ ਲਈ ਹਰੇਕ ਬੂਟੇ ਦੇ ਦੁਆਲੇ ਡ੍ਰਿਪਰਾਂ ਦਾ ਪ੍ਰਯੋਗ ਇੱਕ ਚੱਕਰ (ਲੂਪ) ਵਿੱਚ ਕਰਨਾ ਜ਼ਿਆਦਾ ਲਾਹੇਵੰਦ ਹੁੰਦਾ ਹੈ
ਅਮਰੂਦ: ਅਮਰੂਦ ਦੀ ਗੁਣਵੱਤਾ ਵਧਾਉਣ ਲਈ ਪਾਣੀ ਦੀ ਸੁਚੱਜੀ ਵਿਉਂਤਬੰਦੀ ਬਹੁਤ ਜ਼ਰੂਰੀ ਹੈ ਨਵੇਂ ਬਾਗਾਂ ਨੂੰ ਗਰਮੀਆਂ ਵਿੱਚ ਹਫ਼ਤੇ ਪਿੱਛੋਂ ਤੇ ਸਰਦੀਆਂ ਵਿੱਚ ਦੋ-ਤਿੰਨ ਪਾਣੀਆਂ ਦੀ ਜ਼ਰੂਰਤ ਪੈਂਦੀ ਹੈ ਫ਼ਲ ਦਿੰਦੇ ਬੂਟਿਆਂ ਨੂੰ ਚੰਗਾ ਫੁੱਲ ਪੈਣ ਅਤੇ ਫ਼ਲ ਲੱਗਣ ਵੇਲੇ ਗਰਮੀਆਂ ਵਿੱਚ ਪੰਦਰ੍ਹਾਂ ਦਿਨਾਂ ਬਾਅਦ ਤੇ ਸਰਦੀਆਂ ਵਿੱਚ ਇੱਕ ਮਹੀਨੇ ਦੇ ਵਕਫ਼ੇ ਨਾਲ ਪਾਣੀ ਦੇਣਾ ਚਾਹੀਦਾ ਹੈ ਫੁੱਲ ਪੈਣ ‘ਤੇ ਭਰਵੀਂ ਸਿੰਚਾਈ ਨਹੀਂ ਕਰਨੀ ਚਾਹੀਦੀ  ਕਿਉਂਕਿ ਇਸ ਨਾਲ ਫੁੱਲ ਝੜ ਜਾਂਦੇ ਹਨ
ਅੰਬ: ਛੋਟੇ ਬੂਟਿਆਂ ਨੂੰ ਖੁਸ਼ਕ ਤੇ ਗਰਮੀ ਸਮੇਂ ਜ਼ਿਆਦਾ ਵਾਰ ਪਾਣੀ ਦੀ ਲੋੜ ਪੈਂਦੀ ਹੈ ਪਰ ਵੱਡੇ ਬੂਟੇ, ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ, ਨੂੰ ਆਮ ਤੌਰ ‘ਤੇ ਫ਼ਲ ਦੇ ਵਾਧੇ ਸਮੇਂ ਮਾਰਚ ਤੋਂ ਜੂਨ ਮਹੀਨੇ ਦੇ ਅਖੀਰ ਤੱਕ ਦਸ-ਬਾਰਾਂ ਦਿਨਾਂ ਬਾਅਦ ਪਾਣੀ ਵਾਸ਼ਪੀਕਰਨ ਅਨੁਸਾਰ ਦਿਓ ਜੁਲਾਈ ਤੋਂ ਸਤੰਬਰ ਮਹੀਨਿਆਂ ਦੌਰਾਨ ਬਰਸਾਤ ਰੁੱਤ ਵਿੱਚ ਪਾਣੀ ਮੌਸਮ ਦੇ ਹਿਸਾਬ ਨਾਲ ਦਿਓ ਅਕਤੂਬਰ ਤੋਂ ਦਸੰਬਰ ਮਹੀਨੇ ਤੱਕ ਪਾਣੀ ਦੀ ਲੋੜ  ਨਹੀਂ ਪੈਂਦੀ ਪਰ ਕੋਰੇ ਦੇ ਬਚਾਅ ਲਈ ਇੱਕ ਭਰਵਾਂ ਪਾਣੀ ਅਖੀਰ ਦਸੰਬਰ ਜਾਂ ਜਨਵਰੀ ਵਿੱਚ ਲਾ ਦੇਣਾ ਚਾਹੀਦਾ ਹੈ ਖਾਦਾਂ ਪਾਉਣ ਸਮੇਂ ਫਰਵਰੀ ਵਿੱਚ ਬੂਟਿਆਂ ਨੂੰ ਇੱਕ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ
ਆੜੂ: ਆੜੂ ਦੇ ਛੋਟੇ ਬੂਟਿਆਂ ਨੂੰ ਗਰਮੀਆਂ ਵਿੱਚ 4-5 ਦਿਨਾਂ ਬਾਅਦ ਅਤੇ ਵੱਡੇ ਬੂਟਿਆਂ ਨੂੰ ਹਫ਼ਤੇ ਮਗਰੋਂ ਸਿੰਚਾਈ ਕਰੋ ਫ਼ਲ ਪੱਕਣ ਤੋਂ ਮਹੀਨਾ ਪਹਿਲਾਂ ਸਿੰਚਾਈ ਦੀ ਸਭ ਤੋਂ ਵੱਧ ਲੋੜ ਪੈਂਦੀ ਹੈ ਫ਼ਲ ਪੈਣ ਮਗਰੋਂ ਪੱਕਣ ਤੱਕ ਤਿੰਨ-ਚਾਰ ਦਿਨਾਂ ਦੇ ਵਕਫ਼ੇ ‘ਤੇ ਸਿੰਚਾਈ ਕਰਨੀ ਚਾਹੀਦੀ ਹੈ ਕਿਸਮ ਅਨੁਸਾਰ ਅਪਰੈਲ ਦੇ ਅਖੀਰ ਤੋਂ ਲੈ ਕੇ ਜੁਲਾਈ ਦੇ ਸ਼ੁਰੂ ਤੱਕ ਸਿੰਚਾਈ ਦੀ ਵਧੇਰੇ ਲੋੜ ਪੈਂਦੀ ਹੈ ਸ਼ਾਨੇ ਪੰਜਾਬ ਅਤੇ ਅਰਲੀਗਰੈਂਡ ਨੂੰ ਅਪਰੈਲ ਅੱਧ ਤੋਂ ਮਈ ਦੇ ਪਹਿਲੇ ਹਫ਼ਤੇ ਵਿੱਚ ਤੇ ਖੁਰਮਾਨੀ ਅਤੇ ਸ਼ਰਬਤੀ ਨੂੰ ਮਈ ਤੋਂ ਜੂਨ ਅੰਤ ਤੱਕ ਪਾਣੀ ਦੀ ਵਧੇਰੇ ਲੋੜ ਹੈ ਜਨਵਰੀ ਵਿੱਚ ਕਾਂਟ-ਛਾਂਟ ਤੋਂ ਬਾਅਦ ਖਾਦਾਂ ਪਾ ਕੇ ਸਿੰਚਾਈ ਕਰਨੀ ਚਾਹੀਦੀ ਹੈ
ਬੇਰ: ਫ਼ਲਾਂ ਦੇ ਵਾਧੇ ਸਮੇਂ ਅਕਤੂਬਰ ਤੋਂ ਫ਼ਰਵਰੀ ਤੱਕ ਤਿੰੰਨ-ਚਾਰ ਹਫ਼ਤਿਆਂ ਦੇ ਵਕਫ਼ੇ ‘ਤੇ ਸਿੰਚਾਈ ਕਰਨੀ ਚਾਹੀਦੀ ਹੈ ਇਸ ਨਾਲ ਫ਼ਲਾਂ ਦਾ ਕਿਰਨਾ ਘਟ ਜਾਂਦਾ ਹੈ ਤੇ ਫ਼ਲਾਂ ਦੇ ਅਕਾਰ ਤੇ ਗੁਣਾਂ  ਵਿੱਚ ਸੁਧਾਰ ਹੁੰਦਾ ਹੈ ਮਾਰਚ ਦੇ ਦੂਜੇ ਪੰਦਰਵਾੜੇ  ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਜ਼ਮੀਨ ‘ਤੇ ਵਿਛੀਆਂ ਟਾਹਣੀਆਂ ਦਾ ਫ਼ਲ ਖਰਾਬ ਨਾ ਹੋਵੇ ਅਤੇ ਫ਼ਲਾਂ ਦੀ ਪਕਾਈ ਵਿੱਚ ਦੇਰੀ ਨਾ ਹੋਵੇ
ਨਾਖਾਂ: ਨਾਖਾਂ ਦੇ ਬੂਟਿਆਂ ਨੂੰ ਲਾਉਣ ਤੋਂ ਮਗਰੋਂ ਜਲਦੀ ਪਾਣੀ ਲਾਉਣਾ ਚਾਹੀਦਾ ਹੈ ਗਰਮੀਆਂ ਵਿੱਚ ਇੱਕ ਹਫ਼ਤੇ ਦੇ ਵਕਫ਼ੇ ‘ਤੇ ਅਤੇ ਅਗਸਤ-ਸਤੰਬਰ ਵਿੱਚ ਪੰਦਰ੍ਹਾਂ ਦਿਨਾਂ ਦੇ ਵਕਫ਼ੇ ‘ਤੇ ਪਾਣੀ ਲਗਾਓ ਜਨਵਰੀ ਦੇ ਮਹੀਨੇ ਕੋਈ ਵੀ ਪਾਣੀ ਨਹੀਂ ਦੇਣਾ ਚਾਹੀਦਾ ਫ਼ਲ ਬਣਨ ਮਗਰੋਂ ਗਰਮੀਆਂ ਵਿੱਚ ਖੁੱਲ੍ਹਾ ਪਾਣੀ ਲਾਉਣ ਨਾਲ ਫ਼ਲ ਦਾ ਝਾੜ ਅਤੇ ਗੁਣਵੱਤਾ ਵਧਾਈ ਜਾ ਸਕਦੀ ਹੈ
ਅਲੂਚਾ: ਅਲੂਚੇ ਦੇ ਛੋਟੇ ਬੂਟਿਆਂ ਨੂੰ ਅਪਰੈਲ ਤੋਂ ਜੂਨ ਤੱਕ ਹਰ ਤਿੰਨ-ਚਾਰ ਦਿਨਾਂ ਮਗਰੋਂ ਅਤੇ ਫ਼ਲ ਲੱਗਣ ਵਾਲੇ ਵੱਡੇ ਬੂਟਿਆਂ ਨੂੰ ਹਫ਼ਤੇ ਮਗਰੋਂ ਸਿੰਚਾਈ ਕਰਨੀ ਚਾਹੀਦੀ ਹੈ ਬਰਸਾਤ ਨਾ ਹੋਣ ‘ਤੇ ਸਤੰਬਰ-ਅਕਤੂਬਰ ਵਿੱਚ ਤਿੰਨ-ਚਾਰ ਹਲਕੀਆਂ ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ ਨਵੰਬਰ ਵਿੱਚ ਜ਼ਮੀਨ ਦੀ ਕਿਸਮ ਅਨੁਸਾਰ ਦੋ ਤਿੰਨ ਵਾਰ ਹਲਕਾ ਪਾਣੀ ਦੇਣਾ ਚਾਹੀਦਾ ਹੈ ਦਸੰਬਰ ਵਿੱਚ ਬੂਟਿਆਂ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਕਿਉਂਕਿ  ਬੂਟੇ ਪੱਤੇ ਝਾੜ ਕੇ ਨੀਂਦਰ ਅਵਸਥਾ ਵਿੱਚ ਹੁੰਦੇ ਹਨ ਜਨਵਰੀ ਵਿੱਚ ਕਾਂਟ-ਛਾਂਟ ਮਗਰੋਂ ਖਾਦਾਂ ਪਾ ਕੇ ਭਰਵੀਂ ਸਿੰਚਾਈ ਕਰ ਦਿਓ ਫ਼ਰਵਰੀ ਵਿੱਚ ਫੁੱਲ ਪੈਣ ‘ਤੇ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਫੁੱਲ ਝੜਦੇ ਹਨ ਫ਼ਲ ਲੱਗਣ ਤੋਂ ਲੈ ਕੇ ਪੱਕਣ ਤੱਕ ਚਾਰ-ਪੰਜ ਦਿਨਾਂ ਬਾਅਦ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ
ਲੀਚੀ: ਛੋਟੇ ਬੂਟਿਆਂ ਨੂੰ ਅਪਰੈਲ ਤੋਂ ਜੂਨ ਤੱਕ ਹਫ਼ਤੇ ਵਿੱਚ ਦੋ ਪਾਣੀਆਂ ਦੀ ਲੋੜ ਪੈਂਦੀ ਹੈ ਸਰਦੀਆਂ ਵਿੱਚ ਇੱਕ ਪਾਣੀ ਹੀ ਕਾਫ਼ੀ ਹੈ ਫ਼ਲ ਦਿੰਦੇ ਬੂਟਿਆਂ ਨੂੰ ਮਈ ਤੋਂ ਜੂਨ ਦੇ ਅਖੀਰ ਤੱਕ ਪਾਣੀ ਦੀ ਖਾਸ ਲੋੜ ਪੈਂਦੀ ਹੈ ਇਨ੍ਹਾਂ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਦੇਣ ਨਾਲ ਫ਼ਲ ਚੰਗੀ ਤਰ੍ਹਾਂ ਵਧਦੇ ਹਨ ਤੇ ਫਟਣ ਦੀ ਸਮੱਸਿਆ ਵੀ ਘਟ ਜਾਂਦੀ ਹੈ ਬਰਸਾਤਾਂ ਵਿੱਚ ਮੌਸਮ ਅਤੇ ਜ਼ਮੀਨ ਦੀ ਨਮੀ ਅਨੁਸਾਰ ਬੂਟਿਆਂ ਨੂੰ ਪਾਣੀ ਦੇਣਾ ਚਾਹੀਦਾ ਹੈ ਨਵੰਬਰ-ਦਸੰਬਰ ਵਿੱਚ ਬਾਗਾਂ ਨੂੰ ਕੋਰੇ ਤੋਂ ਬਚਾਉਣ ਲਈ ਭਰਵਾਂ ਪਾਣੀ ਲਾਉਣਾ ਚਾਹੀਦਾ ਹੈ
ਅੰਗੂਰ: ਅੰਗੂਰ ਦੀਆਂ ਛੋਟੀਆਂ ਵੇਲਾਂ ਨੂੰ ਗਰਮੀਆਂ ਵਿੱਚ 4-5 ਦਿਨਾਂ ਬਾਅਦ ਤੇ ਵੱਡੀਆਂ ਵੇਲਾਂ ਨੂੰ ਹਫ਼ਤੇ ਮਗਰੋਂ ਸਿੰਚਾਈ ਕਰੋ ਕਾਂਟ-ਛਾਂਟ ਮਗਰੋਂ ਫ਼ਰਵਰੀ ਦੇ ਪਹਿਲੇ ਪੰਦਰਵਾੜੇ ਖਾਦਾਂ ਪਾਉਣ ਮਗਰੋਂ ਬੂਟਿਆਂ ਨੂੰ ਇੱਕ ਪਾਣੀ ਜ਼ਰੂਰ ਲਾਉਣਾ ਚਾਹੀਦਾ ਹੈ ਮਾਰਚ ਵਿੱਚ ਇੱਕ ਪਾਣੀ ਅਤੇ ਅਪਰੈਲ ਵਿੱਚ ਫ਼ਲ ਲੱਗਣ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਤੱਕ ਅੱਠ ਦਸ ਦਿਨਾਂ ਮਗਰੋਂ ਪਾਣੀ ਦੇਣਾ ਜ਼ਰੂਰੀ ਹੈ ਬਾਕੀ ਮਈ ਮਹੀਨੇ ਵਿੱਚ ਹਰ ਹਫ਼ਤੇ ਅਤੇ ਜੂਨ ਵਿੱਚ ਤਿੰਨ-ਚਾਰ ਦਿਨਾਂ ਦੇ ਫ਼ਰਕ ‘ਤੇ ਪਾਣੀ ਦੇਣਾ ਚਾਹੀਦਾ ਹੈ ਜੁਲਾਈ-ਅਗਸਤ ਮਹੀਨੇ ਬਰਸਾਤ ਨਾ ਹੋਣ ‘ਤੇ ਜ਼ਰੂਰਤ ਅਨੁਸਾਰ ਪਾਣੀ ਦਿਓ ਜੇਕਰ ਨਵੰਬਰ-ਜਨਵਰੀ ਵਿੱਚ ਜ਼ਮੀਨ ਵਧੇਰੇ ਸੁੱਕੀ ਨਜ਼ਰ ਆਵੇ ਤਾਂ ਸਿੰਚਾਈ ਕਰੋ
ਕੇਲਾ: ਕੇਲੇ ਦੇ ਬਾਗ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ ਪਾਣੀ ਦੀ ਕਮੀ ਕਾਰਨ ਬੂਟੇ ਦਾ ਹਰਾਪਣ ਅਤੇ ਫ਼ਲ ਦਾ ਅਕਾਰ ਤੇ ਗੁਣਵੱਤਾ ਘਟ ਜਾਂਦੀ ਹੈ ਲੋੜ ਤੋਂ ਵੱਧ ਪਾਣੀ ਨਾਲ ਬੂਟਾ ਜੜ੍ਹੋਂ ਹੀ ਟੁੱਟ ਜਾਂਦਾ ਹੈ ਬੂਟੇ ਲਾਉਣ ਤੋਂ ਬਾਅਦ ਮਾਰਚ ਅਪਰੈਲ ਵਿੱਚ ਇੱਕ ਹਫ਼ਤੇ ਦੇ ਵਕਫ਼ੇ ‘ਤੇ ਅਤੇ ਮਈ-ਜੂਨ ਵਿੱਚ ਮੌਸਮ ਅਤੇ ਜ਼ਮੀਨ ਦੀ ਨਮੀ ਅਨੁਸਾਰ ਬੂਟਿਆਂ ਨੂੰ ਹਫ਼ਤੇ ਦੇ ਵਕਫ਼ੇ ‘ਤੇ ਪਾਣੀ ਦੇਣਾ ਚਾਹੀਦਾ ਹੈ ਅਕਤੂਬਰ-ਨਵੰਬਰ ਦੇ ਮਹੀਨਿਆਂ ‘ਚ ਦਸ-ਪੰਦਰ੍ਹਾਂ ਦਿਨਾਂ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ ਦਸੰਬਰ-ਜਨਵਰੀ ਵਿੱਚ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ ਦੋ-ਤਿੰਨ ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ

ਧੰਨਵਾਦ ਸਹਿਤ,ਚੰਗੀ ਖੇਤੀ

ਪ੍ਰਸਿੱਧ ਖਬਰਾਂ

To Top