ਪਿੰਡ ਰਾਮਗੜ੍ਹ ਗ੍ਰਾਮ ਸਭਾ ਇਜਲਾਸ ’ਚ ਕਾਨੂੰਨ ਦੀ ਉਲੰਘਣਾ ਦੇ ਲੱਗੇ ਦੋਸ਼

Nabha photo-02
ਨਾਭਾ : ਬੀਡੀਪੀਓ ਦਫਤਰ ਨਾਭਾ ਬਾਹਰ ਸ਼ਿਕਾਇਤ ਦੀ ਕਾਪੀ ਦਿਖਾਉਂਦੇ ਰਾਮਗੜ੍ਹ ਪਿੰਡ ਵਾਸੀ। ਤਸਵੀਰ : ਸ਼ਰਮਾ

ਕੋਰਮ ਦਾ ਵਿਸ਼ਾ ਚੁੱਕਣ ਉਪਰੰਤ ਅਧਿਕਾਰੀਆਂ ਨੇ ਇਜਲਾਸ ਮੁਲਤਵੀ ਨਹੀਂ ਕੀਤਾ : ਪਿੰਡ ਵਾਸੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਨੇੜਲੇ ਪਿੰਡ ਰਾਮਗੜ੍ਹ ਬੌੜਾਂ ਵਿਖੇ ਬੀਤੇ ਦਿਨ ਹੋਏ ਕਥਿਤ ਇਸਲਾਮ ਵਿੱਚ ਕਾਨੂੰਨ ਦੀ ਉਲੰਘਣਾ ਹੋਣ ਤੇ ਉਦੋਂ ਦੋਸ਼ ਲੱਗੇ ਜਦੋਂ ਪਿੰਡ ਵਾਸੀਆਂ ਨੇ ਅੱਜ ਨਾਭਾ ਬੀਡੀਪੀਓ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਪਿੰਡ ਵਾਸੀਆਂ ਨੇ ਸ਼ਿਕਾਇਤ ਕੀਤੀ ਕਿ ਬੀਤੇ ਦਿਨ ਉਨ੍ਹਾਂ ਦੇ ਪਿੰਡ ਜੋ ਗ੍ਰਾਮ ਸਭਾ ਦਾ ਇਜਲਾਸ ਹੋਇਆ, ਉਸ ਵਿਚ ਕਿਸੇ ਪ੍ਰਕਾਰ ਦੇ ਕਾਨੂੰਨ ਦੀ ਪਾਲਣਾ ਨਾ ਹੋਈ। ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ’ਚ ਕਾਨੂੰਨ ਅਨੁਸਾਰ ਪਹਿਲਾਂ ਕੋਈ ਮੁਨਾਦੀ ਨਹੀਂ ਕਰਵਾਈ ਗਈ ਸਗੋਂ ਕੱਲ੍ਹ ਸਵੇਰੇ ਅਚਾਨਕ ਸਪੀਕਰ ’ਚ ਗ੍ਰਾਮ ਸਭਾ ਦੇ ਇਜਲਾਸ ਦਾ ਐਲਾਨ ਕਰ ਦਿੱਤਾ ਗਿਆ ਜਿਸ ਕਰਕੇ ਲੋਕ ਗ੍ਰਾਮ ਸਭਾ ’ਚ ਹਾਜ਼ਰ ਨਾ ਹੋ ਸਕੇ ਤੇ ਇਜਲਾਸ ਲਈ ਲੋੜੀਂਦਾ ਕੋਰਮ ਪੂਰਾ ਨਾ ਹੋਇਆ।

ਉਨ੍ਹਾਂ ਦੱਸਿਆ ਕਿ ਪੰਚਾਇਤ ਸਕੱਤਰ ਅੱਗੇ ਕੋਰਮ ਦਾ ਵਿਸ਼ਾ ਚੁੱਕਣ ਦੇ ਬਾਵਜ਼ੂਦ ਉਨ੍ਹਾਂ ਨੇ ਗ੍ਰਾਮ ਸਭਾ ਦਾ ਇਜਲਾਸ ਮੁਲਤਵੀਂ ਨਾ ਕੀਤਾ ਤੇ ਆਪਣੀ ਮਰਜ਼ੀ ਨਾਲ ਕੁਝ ਮਤੇ ਪਾ ਕੇ ਜਾਬਤਾ ਪੂਰਾ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਇਜਲਾਸ ਸਮੇਂ ਦੀ ਵੀਡੀਓ ਦਿਖਾਉਂਦੇ ਕਿਹਾ ਕਿ ਇਹ ਤਾਂ ਲੋਕਾਂ ਨਾਲ ਸਰਾਸਰ ਧੋਖਾਧੜੀ ਹੈ ਕਿਉਕਿ ਉਨ੍ਹਾਂ ਦੀ ਗੈਰ ਹਾਜ਼ਰੀ ’ਚ ਉਨ੍ਹਾਂ ਦੇ ਨਾਂਅ ਨਾਲ ਮਤੇ ਪਾ ਲਏ ਗਏ।

ਚਰਨਜੀਤ ਕੌਰ,ਜਗਤਾਰ ਸਿੰਘ, ਰਾਮਪਾਲ ਸਿੰਘ, ਬਲਵੀਰ ਸਿੰਘ, ਬਹਾਦਰ ਸਿੰਘ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਜੇਕਰ ਇਹੀ ਬਦਲਾਅ ਹੈ ਤਾਂ ਪਹਿਲਾਂ ਦੀਆਂ ਸਰਕਾਰਾਂ ਤੋਂ ਕੀ ਵੱਖ ਕਰ ਰਹੀਆਂ ਸਨ। ਪਿੰਡ ਦੀ ਨੀਤੀ ਬਣਾਉਣ ’ਚ ਪਿੰਡ ਵਾਲਿਆਂ ਨੂੰ ਸ਼ਾਮਲ ਕਰਨ ਤੋਂ ਰੋਕਣ ਪਿਛੇ ਪ੍ਰਸ਼ਾਸਨ ਬਜ਼ਿਦ ਕਿਓ ਹੈ? ਉਨ੍ਹਾਂ ਬੀਡੀਪੀਓ ਕੋਲੋਂ ਪੰਚਾਇਤ ਸਕੱਤਰ ਤੇ ਕਾਰਵਾਈ ਦੀ ਮੰਗ ਕੀਤੀ ਤਾਂ ਬੀਡੀਪੀਓ ਨੇ ਪਿੰਡ ਦੇ ਸਰਪੰਚ ਨੂੰ ਰਿਕਾਰਡ ਸਮੇਤ ਹਾਜ਼ਰ ਹੋਣ ਨੂੰ ਕਿਹਾ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ