ਪੰਜਾਬ

ਅਮਰਿੰਦਰ ਦੀ ਕਬੱਡੀ, ਲਾਈਵ ਵਿਖਾਏਗਾ ਸੁਖਬੀਰ ਦਾ ਚੈੱਨਲ

Amarinder, kabaddi Show, Live Stream, Sukhbir Badal

ਪੰਜਾਬ ਸਰਕਾਰ ਕਰਵਾ ਰਹੀ ਐ 14 ਅਕਤੂਬਰ ਤੋਂ ਗਲੋਬਲ ਕਬੱਡੀ ਲੀਗ

ਗਲੋਬਲ ਕਬੱਡੀ ਲੀਗ ਦੇ ਸਾਰੇ ਮੈਚ ਕਰੇਗਾ ਸੁਖਬੀਰ ਬਾਦਲ ਦਾ ਚੈਨਲ ਪੀਟੀਸੀ ਲਾਈਵ

ਕਾਂਗਰਸ ਪਾਰਟੀ ਤੇ ਸਰਕਾਰ ਖ਼ੁਦ ਕਰਦੀ ਆ ਰਹੀ ਐ ਹਰ ਥਾਂ ‘ਤੇ ਪੀਟੀਸੀ ਦਾ ਵਿਰੋਧ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਦੀਆਂ ਸਿਆਸੀ ਸਟੇਜ਼ਾਂ ਤੋਂ ਇੱਕ ਦੂਜੇ ਨੂੰ ਚੰਗਾ ਮਾੜਾ ਕਹਿਣ ਵਾਲੇ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਜਲਦ ਹੀ ਇੱਕ ਸਟੇਜ ‘ਤੇ ਇਕੱਠੇ ਹੋਣਗੇ, ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਚੀਫ਼ ਪੈਟਰਨਸ਼ਿਪ ਹੇਠਾਂ ਹੋ ਰਹੇ ਗਲੋਬਲ ਕਬੱਡੀ ਕੱਪ ਨੂੰ ਦਿਖਾਉਣ ਦਾ ਅਧਿਕਾਰ ਕਿਸੇ ਹੋਰ ਕੋਲ ਨਹੀਂ, ਸਗੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਆਪਣੇ ਟੀਵੀ ਚੈਨਲ ਪੀਟੀਸੀ ਕੋਲ ਹਨ।

14 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਗਲੋਬਲ ਕਬੱਡੀ ਲੀਗ ਨੂੰ 3 ਨਵੰਬਰ ਨੂੰ ਹੋਣ ਵਾਲੇ ਫਾਈਨਲ ਤੱਕ ਸਾਰੇ ਮੈਚ ਦਿਖਾਉਣ ਦੀ ਜਿੰਮੇਵਾਰੀ ਪੀਟੀਸੀ ਨੂੰ ਸੌਂਪੀ ਗਈ ਹੈ, ਜਿਸ ਦੇ ਮਾਲਕ ਸੁਖਬੀਰ ਬਾਦਲ ਖ਼ੁਦ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ 14 ਅਕਤੂਬਰ ਤੋਂ 3 ਨਵੰਬਰ ਤੱਕ ਇੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਹੈ, ਜਿਸ ਦੇ ਮੈਚ ਜਲੰਧਰ ਤੋਂ ਸ਼ੁਰੂ ਹੋਣਗੇ ਤੇ ਮੋਹਾਲੀ ਵਿਖੇ ਇਸ ਦਾ ਫਾਈਨਲ ਮੈਚ ਕਰਵਾਇਆ ਜਾਏਗਾ।

ਇਸ ਕਬੱਡੀ ਲੀਗ ਨੂੰ ਕਰਵਾਉਣ ਲਈ ਸਰਕਾਰ ਵੱਲੋਂ ਆਪਣੇ ਅਧਿਕਾਰੀਆਂ ਤੋਂ ਲੈ ਕੇ ਖੇਡ ਸਟੇਡੀਅਮ ਤੇ ਕਰਮਚਾਰੀਆਂ ਦੀ ਫੌਜ ਇਸੇ ਕੰਮ ਲਗਾ ਦਿੱਤੀ ਗਈ ਹੈ। ਇਸ ਗਲੋਬਲ ਕਬੱਡੀ ਲੀਗ ਨੂੰ ਕਰਵਾਉਣ ਲਈ ਸਪਾਂਸਰਸ਼ਿਪ ਵਿਦੇਸ਼ੀ ਟੁਟ ਭਰਾਵਾਂ ਦਿੱਤੀ ਗਈ ਹੈ, ਜਿਨ੍ਹਾਂ ਨੇ 2016 ‘ਚ ਵੀ ਇਹ ਲੀਗ ਕਰਵਾਈ ਸੀ। ਲਗਭਗ 2 ਹਫ਼ਤੇ ਤੱਕ ਹੋਣ ਵਾਲੇ ਇਨ੍ਹਾਂ ਕਬੱਡੀ ਮੈਚਾਂ ਦਾ ਸਿੱਧਾ ਲਾਈਵ ਪ੍ਰਸਾਰਨ ਕਰਨ ਲਈ ਕਿਸੇ ਹੋਰ ਟੀਵੀ ਚੈਨਲ ਨਹੀਂ, ਸਗੋਂ ਸੁਖਬੀਰ ਬਾਦਲ ਦੇ ਪੀਟੀਸੀ ਨੂੰ ਚੁਣਿਆ ਗਿਆ ਹੈ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਬੱਡੀ ਲੀਗ ਨੂੰ ਲਾਈਵ ਕਰਨ ਦੇ ਅਧਿਕਾਰ ਦੇਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਟੈਂਡਰ ਨਹੀਂ ਮੰਗੇ ਗਏ ਸਨ ਤੇ ਸਿੱਧਾ ਪੀਟੀਸੀ ਦੇ ਅਧਿਕਾਰੀਆਂ ਨੂੰ ਸੱਦ ਕੇ ਇਨ੍ਹਾਂ ਮੈਚਾਂ ਨੂੰ ਲਾਈਵ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਪੀਟੀਸੀ ਖ਼ਿਲਾਫ਼ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਮੰਤਰੀ ਸਟੇਜ਼ਾਂ ਤੋਂ ਹੀ ਪ੍ਰਚਾਰ ਕਰਨ ਦੇ ਨਾਲ ਹੀ ਇਨ੍ਹਾਂ ਨੂੰ ਟੀਵੀ ਇੰਟਰਵਿਊ ਤੱਕ ਦੇਣ ਨੂੰ ਤਿਆਰ ਨਹੀਂ ਹੁੰਦੇ ਹਨ ਕਿਉਂਕਿ ਸੁਖਬੀਰ ਬਾਦਲ ਦੀ ਮਾਲਕੀਅਤ ਹੋਣ ਕਾਰਨ ਪੀਟੀਸੀ ਤੋਂ ਕਾਂਗਰਸੀਆਂ ਨੇ ਪਾਸਾ ਵੱਟਦੇ ਹੋਏ ਇਸ ਦਾ ਬਾਈਕਾਟ ਹੀ ਕੀਤਾ ਹੋਇਆ ਹੈ।

ਪੀਟੀਸੀ ਨੂੰ ਚਲਾਉਣ ਵਾਲੀ ਜੀ. ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਅਧਿਕਾਰੀ ਰਬਿੰਦਰ ਨਾਰਾਇਣ ਨੇ ਇਸ ਸਬੰਧੀ ਕਿਹਾ ਕਿ ਉਨ੍ਹਾਂ ਨੇ ਇਸ ਕਬੱਡੀ ਲੀਗ ਦਾ ਸਿੱਧਾ ਪ੍ਰਸਾਰਨ ਦੇਣ ਲਈ ਅਧਿਕਾਰ ਖ਼ਰੀਦੇ ਹਨ ਤੇ ਉਨ੍ਹਾਂ ਦੇ ਚੈਨਲ ਹੀ ਇਸ ਸਾਰੀ ਕਬੱਡੀ ਲੀਗ ਨੂੰ ਚਲਾਏਗਾ। ਉਨ੍ਹਾਂ ਸਿੱਧਾ ਪ੍ਰਸਾਰਨ ਦੇਣ ਦੇ ਅਧਿਕਾਰੀ ਕਿੰਨੇ ਪੈਸੇ ਵਿੱਚ ਖ਼ਰੀਦੇ ਹਨ, ਇਸ ਸਬੰਧੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਚੈਨਲ ਭਾਵੇਂ ਸੁਖਬੀਰ ਬਾਦਲ ਦਾ ਹੋਵੇ ਲੀਗ ਨੂੰ ਲਾਈਵ ਕਰੇਗਾ ਪੀਟੀਸੀ : ਰਣਜੀਤ ਟੁਟ

ਗਲੋਬਲ ਕਬੱਡੀ ਲੀਗ ਦੇ ਸਪਾਂਸਰ ਰਣਜੀਤ ਟੁਟ ਨੇ ਕਿਹਾ ਕਿ ਉਹ ਵਿਦੇਸ਼ ‘ਚ ਰਹਿੰਦੇ ਹਨ ਤੇ ਪੰਜਾਬੀ ਖੇਡ ਨਾਲ ਪਿਆਰ ਕਰਦੇ ਹਨ। ਇਸ ਲਈ ਉਹ ਕਬੱਡੀ ਲੀਗ ਕਰਵਾਉਣ ਲਈ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਪੀਟੀਸੀ ਵਿਦੇਸ਼ਾਂ ‘ਚ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ, ਇਸ ਲਈ ਪੀਟੀਸੀ ਦੀ ਉਨ੍ਹਾਂ ਵੱਲੋਂ ਚੋਣ ਕੀਤੀ ਗਈ ਹੈ। ਜਿੱਥੋਂ ਤੱਕ ਸੁਖਬੀਰ ਬਾਦਲ ਇਸ ਚੈਨਲ ਦਾ ਮਾਲਕ ਹੋਣ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ।

ਸਾਨੂੰ ਨਹੀਂ ਜਾਣਕਾਰੀ, ਨਾ ਹੀ ਸਾਡੀ ਕੋਈ ਦਖਲ ਅੰਦਾਜ਼ੀ : ਸੰਜੇ ਕੁਮਾਰ

ਖੇਡ ਵਿਭਾਗ ਦੇ ਮੰਤਰੀ ਰਾਣਾ ਸੋਢੀ ਵੱਲੋਂ ਫੋਨ ਨਾ ਚੁੱਕਣ ਕਰਕੇ ਜਦੋਂ ਵਿਭਾਗ ਦੇ ਸੀਨੀਅਰ ਅਧਿਕਾਰੀ ਸੰਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਸਿੱਧਾ ਪ੍ਰਸਾਰਨ ਕਰਨ ਲਈ ਕਿਹੜੇ ਚੈਨਲ ਨੂੰ ਅਧਿਕਾਰ ਦਿੱਤੇ ਗਏ ਹਨ ਤੇ ਨਾ ਹੀ ਇਸ ਮਾਮਲੇ ‘ਚ ਵਿਭਾਗ ਕੋਈ ਦਖਲ ਅੰਦਾਜੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਸਿਰਫ਼ ਖੇਡ ਸਟੇਡੀਅਮ ਦੇਣ ਦੇ ਨਾਲ ਹੀ ਇੰਤਜ਼ਾਮ ਕਰਵਾ ਰਿਹਾ ਹੈ, ਬਾਕੀ ਕੰਮ ਤਾਂ ਸਪਾਂਸਰ ਖ਼ੁਦ ਹੀ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top