ਅਮਰਿੰਦਰ ਸਿੰਘ ਨੇ ਪਤਨੀ ਨੂੰ ਸੋਸ਼ਲ ਮੀਡੀਆ ‘ਤੇ ਦਿੱਤੀਆਂ ਵਧਾਈਆਂ

0
Amarinder Singh, Congratulates, Wife , Social Media

ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦਾ 75ਵਾਂ ਜਨਮ ਦਿਨ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅੱਜ 75 ਸਾਲਾਂ ਦੇ ਹੋ ਗਏ। ਸ੍ਰੀਮਤੀ ਪ੍ਰਨੀਤ ਕੌਰ ਨੂੰ ਜਨਮ ਦਿਨ ਮੌਕੇ ਅੱਜ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਆਪਣੀ ਪਤਨੀ ਪ੍ਰਨੀਤ ਕੌਰ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀ ਵਧਾਈ ਦਿੱਤੀ ਹੈ।

ਕੈਪਟਨ ਨੇ ਲਿਖਿਆ ਹੈ ਕਿ ਅੱਜ ਮੈਂ ਆਪਣੀ ਹਮਸਫ਼ਰ ਪ੍ਰਨੀਤ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਤੇ ਬੱਸ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਮੇਰੀ ਜ਼ਿੰਦਗੀ ‘ਚ ਆ ਕੇ ਮੈਨੂੰ ਮੁਕੰਮਲ ਕੀਤਾ ਹੈ, ਨਾ ਸਿਰਫ਼ ਘਰ ਦੇ ਮਾਮਲਿਆਂ ਸਗੋਂ ਸਿਆਸਤੀ ਤੇ ਹੋਰ ਜ਼ਰੂਰੀ ਮਾਮਲਿਆਂ ‘ਚ ਵੀ ਤੁਸੀਂ ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ ਹੋ। ਤੁਸੀਂ ਇੱਕ ਮਜ਼ਬੂਤ ਮਹਿਲਾ ਹੋ, ਜਿਨ੍ਹਾਂ ਨੇ ਆਪਣਾ ਹਰ ਰਿਸ਼ਤਾ ਬਾਖੂਬੀ ਨਿਭਾਇਆ।

ਤੁਹਾਡੇ ਇਸ ਜਨਮ ਦਿਨ ‘ਤੇ ਇਹੀ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਤੇ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਬਣਦੇ ਰਹੋ। ਮੁੱਖ ਮੰਤਰੀ ਵੱਲੋਂ ਇੱਕ ਪੁਰਾਣੀ ਫੋਟੋ ਵੀ ਸਾਂਝੀ ਕੀਤੀ ਗਈ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ਲੋਕਾਂ ਵੱਲੋਂ ਕੁਮੈਂਟ ਤੇ ਲਾਈਕਸ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਜਨਮ 3 ਅਕਤੂਬਰ, 1944 ਨੂੰ ਸ਼ਿਮਲਾ ਵਿੱਚ ਹੋਇਆ ਸੀ, ਉਨ੍ਹਾਂ ਦੇ ਪਿਤਾ ਗਿਆਨ ਸਿੰਘ ਆਈ.ਸੀ.ਐੱਸ. ਅਫ਼ਸਰ ਸਨ। ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਦਾ ਵਿਆਹ 31 ਅਕਤੂਬਰ 1964 ਵਿੱਚ ਹੋਇਆ ਸੀ ਤੇ ਉਸ ਸਮੇਂ ਕੈਪਟਨ ਭਾਰਤੀ ਫ਼ੌਜ ਵਿੱਚ ਸੇਵਾ ਨਿਭਾ ਰਹੇ ਸੀ।

ਇੱਧਰ ਪਰਨੀਤ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦਾ ਅੱਜ ਮੋਤੀ ਮਹਿਲਾਂ ਵਿੱਚ ਤਾਂਤਾ ਲੱਗਿਆ ਰਿਹਾ। ਵਿਧਾਇਕਾ, ਚੇਅਰਮੈਨਾਂ, ਕਾਂਗਰਸੀ ਆਗੂਆਂ ਤੋਂ ਇਲਾਵਾ ਪਰਨੀਤ ਕੌਰ ਨੂੰ ਚਾਹੁਣ ਵਾਲਿਆਂ ਵੱਲੋਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਦੱਸਣਯੋਗ ਹੈ ਕਿ ਪ੍ਰਨੀਤ ਕੌਰ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।