ਕੈਪਟਨ ਖਿਲਾਫ਼ ਗੱਜੇ ਅਮਰਿੰਦਰ ਸਿੰਘ ਰਾਜਾ ਵੜਿੰਗ, ਕਿਹਾ ਹੋਵੇਗੀ ਜ਼ਮਾਨਤ ਜਬਤ

0
101
Amarinder Singh Raja Sachkahoon

ਕੈਪਟਨ ਖਿਲਾਫ਼ ਗੱਜੇ ਅਮਰਿੰਦਰ ਸਿੰਘ ਰਾਜਾ ਵੜਿੰਗ, ਕਿਹਾ ਹੋਵੇਗੀ ਜ਼ਮਾਨਤ ਜਬਤ

ਪਰਨੀਤ ਕੌਰ ਕੀ ਕਰਨ, ਪਰਿਵਾਰ ਨਾਲ ਹੀ ਖੜ੍ਹਨਗੇ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਇੱਕ ਵਾਰ ਪਾਰਟੀ ਬਣਾਈ ਸੀ ਅਤੇ ਜੋ ਹਾਲ ਉਸ ਸਮੇਂ ਹੋਇਆ ਸੀ, ਉਹ ਹੀ ਹਾਲ ਇਸ ਵਾਰ ਹੋਣ ਵਾਲਾ ਹੈ, ਜੇਕਰ ਜ਼ਮਾਨਤ ਜਬਤ ਨਾ ਹੋਈ, ਤਾਂ ਮੈਨੂੰ ਰਾਜਾ ਵੜਿੰਗ ਨਾ ਕਿਹੋ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਇਹ ਨਿਸ਼ਾਨਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੇ ਪਟਿਆਲਾ ਦੌਰੇ ਦੌਰਾਨ ਬਿੰਨ੍ਹਿਆ ਗਿਆ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਬਜ਼ੁਰਗ ਹਨ ਤੇ ਮੇਰੇ ਸਤਿਕਾਰਯੋਗ ਹਨ, ਇਸ ਲਈ ਉਹ ਅਜਿਹੀਆਂ ਗੱਲਾਂ ਤੋਂ ਬਚਣ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਕਿਹਾ ਗਿਆ ਸੀ ਕਿ ਉਹ ਪਟਿਆਲਾ ਤੋਂ ਹੀ ਵਿਧਾਨ ਸਭਾ ਚੋਣ ਲੜਨਗੇ।

ਵੜਿੰਗ ਨੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਸਬੰਧੀ ਕਿਹਾ ਕਿ ਉਹ ਬਹੁਤ ਹੀ ਚੰਗੇ ਹਨ, ਪਰ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਖੜ੍ਹਨ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਪਰਨੀਤ ਕੌਰ ਜੀ ਦੀਆਂ ਕਈ ਮਜ਼ਬੂਰੀਆਂ ਹਨ, ਮੈਡਮ ਪਹਿਲਾਂ ਵੀ ਪਰਿਵਾਰ ’ਚ ਐਨਾ ਕੁਝ ਹੋਣ ਦੇ ਬਾਵਜ਼ੂਦ ਨਾਲ ਹੀ ਖੜ੍ਹੇ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਵਾਰ ਕਿਹਾ ਗਿਆ ਕਿ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਜਾਵੇ, ਪਰ ਉਨ੍ਹਾਂ ਵੱਲੋਂ ਇੱਕ ਨਾ ਸੁਣੀ ਗਈ। ਜੇਕਰ ਮੈਨੂੰ ਮੰਤਰੀ ਬਣਨ ਦਾ ਪਹਿਲਾ ਮੌਕਾ ਦਿੱਤਾ ਜਾਂਦਾ ਤਾਂ ਉਹ ਇਸੇ ਤਰ੍ਹਾਂ ਆਪਣਾ ਕੰਮ ਕਰਦੇ ਅਤੇ ਪੰਜਾਬ ਦਾ ਭਲਾ ਕਰਦੇ। ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੋ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦੇ ਹਨ ਜਾਂ ਉਨ੍ਹਾਂ ਦਾ ਪੱਖ ਪੂਰਨਗੇ ਤਾਂ ਉਨ੍ਹਾਂ ਖਿਲਾਫ਼ ਪਾਰਟੀ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਚੰਨੀ ਸੌਂਦੇ ਨਹੀਂ, ਕੈਪਟਨ ਅਮਰਿੰਦਰ ਉੱਠਦੇ ਨਹੀਂ ਸਨ

ਰਾਜਾ ਵੜਿੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਲਈ ਦਿਨ ਰਾਤ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਸਾਹਿਬ ਰਾਤ ਨੂੰ ਵੀ ਨਹੀਂ ਸੌਦੇ, ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਹਾਲ ਸੀ ਕਿ ਉਹ ਦਿਨ ’ਚ ਵੀ ਨਹੀਂ ਉੱਠਦੇ ਸੀ। ਉਨ੍ਹਾਂ ਕਿਹਾ ਕਿ ਜੇਕਰ ਸਾਢੇ ਚਾਰ ਸਾਲ ਅਜਿਹੇ ਕੰਮ ਹੁੰਦੇ ਤਾਂ ਪੰਜਾਬ ਦੇ ਹਾਲਾਤ ਹੋਰ ਹੁੰਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ