ਪੰਜਾਬ

ਖਾਲੀ ਹੱਥ ਪਰਤੇ ਅਮਰਿੰਦਰ ਦੀ ਸ਼ਿਕਾਇਤ ਲੈ ਕੇ ਰਾਹੁਲ ਕੋਲ ਪੁੱਜੇ ਵਿਧਾਇਕ

Amarinder's, Complaint, Rahul

ਰਾਹੁਲ ਨੇ ਕਿਹਾ, ‘ਲਿਖਤੀ ਦਿਓ ਅਮਰਿੰਦਰ ਖ਼ਿਲਾਫ਼ ਸ਼ਿਕਾਇਤ, ਕੀ ਚਾਹੁੰਦੇ ਹੋ ਪੰਜਾਬ ‘ਚ’

ਚੰਡੀਗੜ੍ਹ, ਅਸ਼ਵਨੀ ਚਾਵਲਾ
ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਸ਼ਿਕਾਇਤ ਕਰਨ ਲਈ ਦਿੱਲੀ ਪੁੱਜੇ ਪੰਜਾਬ ਦੇ ਤਿੰਨ ਵਿਧਾਇਕਾਂ ਨੂੰ ਹੀ ਰਾਹੁਲ ਗਾਂਧੀ ਨੇ ਨਾ ਸਿਰਫ਼ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਹੈ, ਸਗੋਂ ਸਰਕਾਰ ਵਿੱਚ ਉਨ੍ਹਾਂ ਮੁਤਾਬਿਕ ਕੀ ਕੀਤਾ ਜਾ ਸਕਦਾ ਹੈ, ਇਸ ਲਈ ਸੁਝਾਅ ਵੀ ਮੰਗ ਲਏ ਹਨ। ਦਿੱਲੀ ਵਿਖੇ ਇਨ੍ਹਾਂ ਤਿੰਨੇ ਵਿਧਾਇਕਾਂ ਨੇ ਲਗਭਗ 20 ਮਿੰਟ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦੌਰਾਨ ਇਨ੍ਹਾਂ ਵਿਧਾਇਕਾਂ ਵੱਲੋਂ 18 ਮਿੰਟ ਸ਼ਿਕਾਇਤ ਕੀਤੀ ਗਈ ਅਤੇ 2 ਮਿੰਟ ਹੀ ਸੁਝਾਅ ਦਿੱਤੇ।

ਪਿਛਲੇ ਦਿਨੀਂ ਵਿਧਾਨ ਸਭਾ ਦੀ ਕਮੇਟੀ ਵਿੱਚੋਂ ਅਸਤੀਫ਼ਾ ਦੇਣ ਵਾਲੇ ਬਾਗੀ ਵਿਧਾਇਕਾਂ ਵਿੱਚ ਕਾਕਾ ਰਣਦੀਪ ਸਿੰਘ, ਰਾਕੇਸ਼ ਪਾਂਡੇ ਅਤੇ ਅਮਰੀਕ ਸਿੰਘ ਕਾਫ਼ੀ ਦਿਨਾਂ ਤੋਂ ਰਾਹੁਲ ਗਾਂਧੀ ਤੋਂ ਮਿਲਣ ਲਈ ਸਮਾਂ ਮੰਗ ਰਹੇ ਸਨ ਅਤੇ ਮੰਗਲਵਾਰ ਨੂੰ ਇਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਨਾ ਹੋ ਵੀ ਗਈ ਹੈ ਪਰ ਜਿਸ ਹੁੰਗਾਰੇ ਦੀ ਆਸ ਲੈ ਕੇ ਇਹ ਤਿੰਨੇ ਵਿਧਾਇਕ ਗਏ ਸਨ, ਉਸ ਤਰ੍ਹਾਂ ਦਾ ਹੁੰਗਾਰਾ ਇਨ੍ਹਾਂ ਵਿਧਾਇਕਾਂ ਨੂੰ ਮਿਲਿਆ ਹੀ ਨਹੀਂ।

ਰਾਹੁਲ ਗਾਂਧੀ ਨੇ ਬੰਦ ਕਮਰਾ ਮੀਟਿੰਗ ਕਰਨ ਦੀ ਥਾਂ ‘ਤੇ ਖੁੱਲ੍ਹੇ ਅਸਮਾਨ ਹੇਠ ਹੀ ਕੁਝ ਮਿੰਟ ਦੌਰਾਨ ਇਨ੍ਹਾਂ ਦੀ ਗੱਲਬਾਤ ਸੁਣੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਇਨ੍ਹਾਂ ਵਿਧਾਇਕਾਂ ਨੂੰ ਸਾਫ਼ ਕਿਹਾ ਕਿ ਉਹ ਇਸ ਤਰ੍ਹਾਂ ਸ਼ਿਕਾਇਤ ਕਰਨ ਦੀ ਥਾਂ ‘ਤੇ ਲਿਖਤੀ ਦੇਣ ਤਾਂ ਕਿ ਉਸ ਬਾਰੇ ਵਿਚਾਰ ਵੀ ਕੀਤਾ ਜਾ ਸਕੇ। ਇਸ ਨਾਲ ਹੀ ਰਾਹੁਲ ਗਾਂਧੀ ਨੇ ਇਨ੍ਹਾਂ ਵਿਧਾਇਕਾਂ ਨੂੰ ਕਿਹਾ ਕਿ ਉਹ ਸ਼ਿਕਾਇਤ ਲਿਖਣ ਦੇ ਨਾਲ ਹੀ ਇੱਕ ਕਾਗਜ਼ ‘ਤੇ ਸੁਝਾਅ ਵੀ ਜ਼ਰੂਰ ਦੇਣ ਕਿ ਆਖ਼ਰਕਾਰ ਪੰਜਾਬ ਵਿੱਚ ਹੁਣ ਦੀ ਮੌਜੂਦਾ ਸਥਿਤੀ ਵਿੱਚ ਕੀ ਕੁਝ ਕੀਤਾ ਜਾ ਸਕਦਾ ਹੈ।

ਦੋ ਮੈਂਬਰੀ ਕਮੇਟੀ ਅੱਗੇ ਨਹੀਂ ਹੋਏ ਪੇਸ਼
ਰਾਹੁਲ ਗਾਂਧੀ ਵੱਲੋਂ ਤਿਆਰ ਕੀਤੀ ਗਈ ਅਸ਼ੋਕ ਗਹਿਲੋਤ ਅਤੇ ਮਲਿਕਾ ਅਰਜੁਨਾ ਖੜਗੇ ਦੀ ਕਮੇਟੀ ਅੱਗੇ ਸ਼ਿਕਾਇਤ ਕਰਨ ਗਏ ਵਿਧਾਇਕ ਨਾ ਹੀ ਪੇਸ਼ ਹੋਏ ਅਤੇ ਨਾ ਹੀ ਸ਼ਿਕਾਇਤ ਕੀਤੀ ਗਈ, ਜਿਸ ਕਾਰਨ ਦਿੱਲੀ ਦੀ ਇਨ੍ਹਾਂ ਵਿਧਾਇਕਾਂ ਦੀ ਫੇਰੀ ਕੋਈ ਖ਼ਾਸ ਅਸਰ ਨਹੀਂ ਪਾ ਸਕਦੀ ਹੈ। ਇਸ ਤਰ੍ਹਾਂ ਦੇ ਹਰ ਮਾਮਲੇ ਲਈ ਇਹ ਦੋ ਮੈਂਬਰੀ ਕਮੇਟੀ ਹੀ ਸੁਣਵਾਈ ਕਰਦੀ ਹੈ ਪਰ ਸ਼ਿਕਾਇਤ ਕੀਤੇ ਬਿਨਾਂ ਇਹ ਕਮੇਟੀ ਕੁਝ ਵੀ ਨਹੀਂ ਕਰੇਗੀ।

ਪ੍ਰਸਿੱਧ ਖਬਰਾਂ

To Top