ਗੁਣਾਂ ਦੀ ਗੁਥਲੀ, ਅਮਰੀਕ ਸਿੰਘ ਤਲਵੰਡੀ

0
298

ਗੁਣਾਂ ਦੀ ਗੁਥਲੀ, ਅਮਰੀਕ ਸਿੰਘ ਤਲਵੰਡੀ

ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਅਤੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰ ਚੁੱਕੇ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਨੂੰ ਜੇਕਰ ਗੁਣਾਂ ਦੀ ਗੁਥਲੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਦਾ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਹੈ।

ਜਿਲ੍ਹਾ ਲੁਧਿਆਣਾ ਦੇ ਤਲਵੰਡੀ ਕਲਾਂ ਵਿਖੇ ਪਿਤਾ ਸ. ਪਾਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਸੰਤ ਕੌਰ ਦੀ ਕੁੱਖੋਂ 12 ਦਸੰਬਰ 1949 ਨੂੰ ਜਨਮੇ ਅਮਰੀਕ ਸਿੰਘ ਨੂੰ ਬਚਪਨ ਤੋਂ ਹੀ ਪੰਜਾਬੀ ਸਾਹਿਤ ਨਾਲ ਅੰਤਾਂ ਦਾ ਮੋਹ ਸੀ। ਸਕੂਲੀ ਪੜ੍ਹਾਈ ਦੇ ਚੱਲਦਿਆਂ 17 ਸਾਲ ਦੀ ਉਮਰ ਵਿੱਚ ਲਿਖਣ ਦੀ ਸ਼ੁਰੂਆਤ ਕਰਦਿਆਂ ਸਾਹਿਤਕ ਖੇਤਰ ਵਿੱਚ ਆਏ ਅਮਰੀਕ ਸਿੰਘ ਤਲਵੰਡੀ ਦੇ ਨਾਂਅ ਨਾਲ ਤਖੱਲਸ ਵਜੋਂ ਲੱਗਦਾ ‘ਤਲਵੰਡੀ’ ਉਨ੍ਹਾਂ ਦੇ ਪਿੰਡ ਦਾ ਨਾਂਅ ਹੈ।

ਅਧਿਆਪਨ ਖਿੱਤੇ ਨਾਲ ਜੁੜੇ ਸੇਵਾ-ਮੁਕਤ ਅਧਿਆਪਕ ਅਮਰੀਕ ਸਿੰਘ ਤਲਵੰਡੀ ਨੇ ਹੁਣ ਤੱਕ ਅਨੇਕਾਂ ਬਾਲ-ਪੁਸਤਕਾਂ ‘ਮੇਰੇ ਖਿਡੌਣੇ (1999)’, ‘ਬਾਲਾਂ ਦੇ ਬੋਲ (2001)’, ‘ਕਾਵਿ ਪਹਾੜੇ (2003)’, ‘ਮੇਰਾ ਬਸਤਾ (2004)’, ‘ਘਰ ਦੀ ਰੌਣਕ (2006)’, ‘ਸਾਡੇ ਗੁਰੂ (2007)’, ‘ਸਾਡੇ ਦੇਸ਼ ਭਗਤ (2007)’, ‘ਸਾਡਾ ਸਕੂਲ (2008)’, ‘ਹੀਰੇ ਪੁੱਤਰ ਮਾਵਾਂ ਦੇ (2008)’, ‘ਸਾਡੇ ਅਧਿਆਪਕ (2009)’, ‘ਫੁੱਲਾਂ ਵਰਗੇ ਬੱਚੇ (2010)’, ‘ਸੂਝਵਾਨ ਉਸਤਾਦ (2011)’, ‘ਮੇਰੀ ਪਤੰਗ (2011)’, ‘ਕਾਵਿ ਸੁਨੇਹੜੇ (2011)’, ‘ਮਾਵਾਂ ਦੇ ਖਿਡੌਣੇ (2012)’, ‘ਬਾਲਾਂ ਦੀ ਟੋਲੀ (2013)’, ‘ਆਪਣਾ ਵਿਰਸਾ (2013)’, ‘ਖਿੜਦੇ ਫੁੱਲ (2014)’, ‘ਆਜਾ ਤੂੰ ਸਕੂਲੇ (2014)’ ਆਦਿ ਦੀ ਰਚਨਾ ਕੀਤੀ, ਜਿਸਨੂੰ ਵਿਦਿਆਰਥੀ ਵਰਗ ਵੱਲੋਂ ਬੇਹੱਦ ਪਸੰਦ ਕੀਤਾ ਗਿਆ।

ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਦੇ ਕਾਵਿ ਸੰਗ੍ਰਹਿ ‘ਵਿਰਸਾ ਆਪਣਾ ਲੈ ਸੰਭਾਲ (2002)’, ‘ਸਮੇਂ ਦਾ ਸੱਚ (2006)’, ‘ਗਿਆਨ ਦੇ ਦੀਪ (2011)’, ‘ਗਾਗਰ ਵਿੱਚ ਸਾਗਰ (2019)’ ਤੋਂ ਇਲਾਵਾ ਲੋਕ ਬੋਲੀਆਂ ‘ਆਪ ਮੁਹਾਰੇ ਬੋਲ (1997)’ ਅਤੇ ਮਿੰਨੀ ਕਹਾਣੀ ਸੰਗ੍ਰਹਿ ‘ਖਰੀਆਂ-ਖਰੀਆਂ (2004)’, ‘ਘੋੜੇ ਵਾਲਾ ਚੌਂਕ (2009)’ ਅਤੇ ‘ਮਾਂ ਦਾ ਮਰਨਾ (2014)’ ਨੂੰ ਪਾਠਕਾਂ ਵੱਲੋਂ ਖੂਬ ਸਲਾਹਿਆ ਗਿਆ।
ਲੇਖਕ ਦੇ ਨਾਲ-ਨਾਲ ਗੀਤਕਾਰੀ ’ਚ ਨਾਮਣਾ ਖੱਟ ਚੁੱਕੇ ਅਮਰੀਕ ਸਿੰਘ ਤਲਵੰਡੀ ਨੇ ਅਨੇਕਾਂ ਗੀਤ ਸੰਗ੍ਰਹਿ ‘ਕੁਆਰੇ ਬੋਲ (1975)’,

‘ਤੋਹਫਾ ਸੱਜਣਾਂ ਦਾ (1986)’, ‘ਚੜਿਆ ਸੋਧਣ ਧਰਤੁ ਲੋਕਾਈ (1987)’, ‘ਪਹਾੜ ਜਿੱਡੇ ਲਾਰੇ (1990)’, ‘ਦੂਰ ਵਸੇਂਦੇ ਸੱਜਣਾਂ (1991)’, ‘ਮੋਹ ਭਿੱਜੇ ਬੋਲ (1993)’, ‘ਪਾਕਿ ਰੂਹਾਂ ਦੇ ਖਾਬ (2000)’, ‘ਮਨ ਦਾ ਮੋਰ (2003)’, ‘ਸੋਹਣੇ ਬੋਲ ਪੰਜਾਬ ਦੇ (2016) ਆਦਿ ਲਿਖੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਪੰਜਾਬੀ ਕਈ ਮਕਬੂਲ ਗਾਇਕਾਂ ਨੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਇਆ।

ਸਾਹਿਤਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਹੁਣ ਤੱਕ ਸੈਂਕੜੇ ਤੋਂ ਵੱਧ ਮਾਣ-ਸਨਮਾਨ ਪ੍ਰਾਪਤ ਕਰ ਚੁੱਕੇ ਹਨ, ਜਿਨ੍ਹਾਂ ਦੀ ਸੂਚੀ ਬਹੁਤ ਲੰਬੀ ਹੈ। ਜਿਨ੍ਹਾਂ ਵਿੱਚੋਂ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ (1988), ਭਾਰਤ ਸਰਕਾਰ ਵੱਲੋਂ ਨੈਸ਼ਨਲ ਐਵਾਰਡ (1993), ਰੰਗ-ਮੰਚ ਪੰਜਾਬ (ਰਜਿ:) ਲੁਧਿਆਣਾ, ਸਾਹਿਤ ਸਭਾ ਬਰੀਵਾਲਾ ਸ੍ਰੀ ਮੁਕਤਸਰ ਸਾਹਿਬ, ਭਗਤ ਬਾਬਾ ਆਤਮਾ ਰਾਮ ਕਲੱਬ ਲਹਿਰਾ ਰੋਹੀ (ਫਿਰੋਜਪੁਰ), ਸਾਹਿਤ ਸਭਾ ਫਰੀਦਕੋਟ, ਪੰਜਾਬ ਯੁਵਾ ਸ਼ਾਂਤੀ ਪ੍ਰੀਸ਼ਦ ਫਗਵਾੜਾ, ਬਾਬਾ ਕਾਲਾ ਮਹਿਰ ਸੱਭਿਆਚਾਰ ਮੰਚ ਝਤਰਾ (ਫਿਰੋਜਪੁਰ),

ਬਾਬਾ ਫਰੀਦ ਕਲਚਰ ਕਲੱਬ ਫਰੀਦਕੋਟ, ਤਰਕਸ਼ੀਲ ਸੁਸਾਇਟੀ ਮੁੱਦਕੀ, ਗਣੰਤਤਰ ਦਿਵਸ ਜੀਰਾ, ਬਾਬਾ ਲਾਲ ਦਾਸ ਕਲੱਬ ਫੇਰੋਕੇ (ਫਿਰੋਜਪੁਰ), ਨੌਜਵਾਨ ਸਭਾ ਅਤੇ ਗ੍ਰਾਮ ਪੰਚਾਇਤ ਗਾਦੜੀਵਾਲਾ (ਫਿਰੋਜਪੁਰ), ਬਾਬਾ ਪੂਰਨ ਚੰਦ ਕਲੱਬ ਠੱਠਾ ਕਿਸ਼ਨ ਸਿੰਘ (ਫਿਰੋਜਪੁਰ), ਸਾਹਿਤ ਸਭਾ ਜੀਰਾ, ਸਾਹਿਤ ਸਭਾ ਜਲਾਲਾਬਾਦ (ਫਾਜਿਲਕਾ), ਪੰਜਾਬੀ ਸਾਹਿਤ ਸਭਾ ਅਤੇ ਕਲਾ ਮੰਚ ਮਲੌਦ ਲੁਧਿਆਣਾ, ਯੁਵਕ ਸੇਵਾਵਾਂ ਕਲੱਬ ਆਲੀਵਾਲ (ਲੁਧਿਆਣਾ),

ਸਾਹਿਤ ਸਭਾ ਭਲੂਰ (ਮੋਗਾ), ਦੀਦਾਰ ਸੰਧੂ ਯਾਦਗਾਰੀ ਸੱਭਿਆਚਾਰ ਕਲੱਬ ਖੰਡੂਰ (ਲੁਧਿਆਣਾ), ਪੰਜਾਬੀ ਸੱਥ ਲਾਂਬੜਾ (ਜਲੰਧਰ), ਗੀਤਕਾਰ ਸਭਾ ਪੰਜਾਬੀ ਇਕਾਈ ਮੋਗਾ, ਵੀਰ ਸਿੰਘ ਹਾਈ ਸਕੂਲ ਨੱਥੂਵਾਲਾ ਗਰਬੀ (ਮੋਗਾ), ਪੰਜਾਬੀ ਸਾਹਿਤ ਸਭਾ ਅਮਲੋਹ (ਫਤਿਹਗੜ੍ਹ ਸਾਹਿਬ), ਇੰਡੋਜ਼ ਪੰਜਾਬੀ ਸਾਹਿਤ ਸਭਾ ਬਿ੍ਰਸਬੇਨ ਆਸਟੇ੍ਰਲੀਆ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਅਤੇ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਆਦਿ ਸਨਮਾਨ ਪ੍ਰਮੁੱਖ ਹਨ।

ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਸਾਲ 1978 ਤੋਂ ਰੇਡੀਓ ਅਤੇ ਸਾਲ 1980 ਤੋਂ ਟੀ.ਵੀ. ’ਤੇ ਭਾਗ ਲੈਂਦੇ ਆ ਰਹੇ ਹਨ। ਉਨ੍ਹਾਂ ਸਾਲ 2007 ਅਤੇ ਸਾਲ 2008 ਵਿੱਚ ਅਮਰੀਕਾ ਅਤੇ ਕੈਨੇਡਾ ਦੌਰੇ ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਮਾਗਮਾਂ ਅਤੇ ਰੇਡੀਓ ਰਾਹੀਂ ਖੁੱਲ੍ਹ ਕੇ ਸੁਨੇਹਾ ਦਿੱਤਾ।

ਅਨੇਕਾਂ ਪੁਸਤਕਾਂ ਦੇ ਮੁੱਖ ਬੰਦ ਅਤੇ ਰੀਵਿਊ ਲਿਖ ਚੁੱਕੇ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਲੋਕਾਈ ਨੂੰ ਜਾਗਰੂਕ ਕਰਨ ਲਈ ਸਕੂਟਰ ਦੀ ਸਟਿੱਪਣੀ ’ਤੇ ਹਰ ਦਸ ਦਿਨ ਬਾਅਦ ਕਿਸੇ ਨਵੀਂ ਸਮਾਜਿਕ ਬੁਰਾਈ ਅਤੇ ਭਵਿੱਖ ਦੇ ਮਸਲੇ ਬਾਰੇ ਇੱਕ ਸ਼ੇਅਰ ਦੇ ਰੂਪ ਵਿੱਚ ਲਿਖਦੇ ਰਹਿੰਦੇ ਹਨ। ਉਹ ਲਗਭਗ 300 ਸਕੂਟਰ ਕਵਰ ਹੁਣ ਤੱਕ ਮੁਫਤ ਵੰਡ ਚੁੱਕੇ ਹਨ।

ਸਕੂਲੀ ਬੱਚਿਆਂ ਦੇ ਵਿੱਦਿਅਕ ਮੁਕਾਬਲਿਆਂ ਵਿੱਚ ਲੰਬੇ ਸਮੇਂ ਤੋਂ ਬਤੌਰ ਜੱਜ ਦੀ ਭੂਮਿਕਾ ਨਿਭਾਉਂਦੇ ਆ ਰਹੇ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਵੱਲੋਂ ਸਾਹਿਤ ਸਭਾ ਜੀਰਾ (ਫਿਰੋਜਪੁਰ) ਦਾ ਗਠਨ ਕੀਤਾ ਗਿਆ ਅਤੇ ਲਗਾਤਾਰ 16 ਸਾਲ ਪ੍ਰਧਾਨ ਰਹਿਣ ਉਪਰੰਤ ਹੁਣ ਸਰਪ੍ਰਸਤ ਹਨ। ਇਸ ਤੋਂ ਇਲਾਵਾ ਉਨ੍ਹਾਂ ਤਰਕਸ਼ੀਲ ਇਕਾਈ ਜੀਰਾ (ਫਿਰੋਜਪੁਰ) ਦਾ ਗਠਨ ਕੀਤਾ।

ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਸਟੇਟ ਅਤੇ ਨੈਸ਼ਨਲ ਐਵਾਰਡੀ ਅਸੋਸੀਏਸ਼ਨ ਪੰਜਾਬ ਦੇ ਸਕੱਤਰ ਅਤੇ ਵਰਿੰਦਰ ਯਾਦਗਾਰੀ ਸੱਭਿਆਚਾਰ ਮੰਚ ਮੁੱਲਾਂਪੁਰ ਦਾਖਾ ਦੇ ਜਨਰਲ ਸਕੱਤਰ ਰਹੇ। ਉਹ ਪੰਜਾਬੀ ਗੀਤਕਾਰ ਸਭਾ ਪੰਜਾਬ ਦੇ ਸਰਪ੍ਰਸਤ, ਸਰਬ ਸਾਂਝਾ ਸੱਭਿਆਚਾਰ ਮੰਚ ਤਲਵੰਡੀ ਕਲਾਂ ਦੇ ਪ੍ਰਧਾਨ, ਅਤੇ ਕਰਤਾਰ ਸਿੰਘ ਸਰਾਭਾ ਸਾਹਿਤਕ ਅਤੇ ਸੱਭਿਆਚਾਰ ਮੰਚ ਮੁੱਲਾਪੁਰ ਦੇ ਸਰਪ੍ਰਸਤ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖ ਸਭਾ ਸੇਖੋਂ (ਰਜਿ:) ਦੇ ਕਾਰਜਕਾਰੀ ਮੈਂਬਰ ਹਨ। ਦੁਆ ਕਰਦੇ ਹਾਂ ਕਿ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਇਸੇ ਤਰ੍ਹਾਂ ਨਿਰੰਤਰ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਦੀ ਸੇਵਾ ਕਰਦਾ ਰਹੇ।

  • ਕਿਤਾਬਾਂ ਗਿਆਨ ਵਧਾਉਂਦੀਆਂ ਨੇ,
  • ਜੀਵਨ ਜਾਚ ਸਿਖਾਉਂਦੀਆਂ ਨੇ।
  • ਸਮਾਜ ਦੇ ਵਿੱਚ ਕਿਵੇਂ ਹੈ ਰਹਿਣਾ,
  • ਇਹ ਵੀ ‘ਅਮਰੀਕ’ ਸਮਝਾਉਂਦੀਆਂ ਨੇ।

ਪੇਸ਼ਕਸ਼ :
ਜੱਗਾ ਸਿੰਘ ਰੱਤੇਵਾਲਾ,
ਸੋਹਣਗੜ ‘ਰੱਤੇਵਾਲਾ’ (ਫਿਰੋਜਪੁਰ)
ਮੋ. 88723-27022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ