ਪੰਜਾਬ

ਅਮਰਿੰਦਰ ਵੱਲੋਂ ਜੱਸੀ ਨਾਲ ਬੰਦ ਕਮਰਾ ਮੀਟਿੰਗ

ਜੱਸੀ ਨੇ ਸੌਂਪੀ ਬਠਿੰਡਾ ਦੀਆਂ ਜਾਅਲੀ ਵੋਟਾਂ ਵਾਲੀ ਸੂਚੀ
ਬਠਿੰਡਾ,  (ਸੱਚ ਕਹੂੰ ਨਿਊਜ਼) ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ‘ਕੌਫ਼ੀ ਵਿਦ ਕੈਪਟਨ’ ਕਿਸਾਨਾਂ ਨਾਲ ਦੇ ਪ੍ਰੋਗਰਾਮ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੀ ਰਾਜਨੀਤਿਕ ਸਥਿਤੀ ਬਾਰੇ ਜਾਣਕਾਰੀ ਲੈਣ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਕ ਲੋਕ ਸਭਾ ਹਲਕਾ ਬਠਿੰਡਾ ਸ਼ਹਿਰੀ ਵਿਧਾਨ ਸਭਾ ਖੇਤਰ ਤੋਂ ਸਿਆਸੀ ਸਰਗਰਮੀਆਂ ਸਬੰਧੀ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨਾਲ ਉਹਨਾਂ ਦੇ ਗ੍ਰਹਿ ਵਿਖੇ ਬੰਦ ਕਮਰਾ ਮੀਟਿੰਗ ਕੀਤੀ ਗਈ ਅਤੇ ਲੰਬੀ ਵਿਚਾਰ ਚਰਚਾ ਕੀਤੀ ਗਈ।
ਸ. ਜੱਸੀ ਨੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰ ਬਠਿੰਡਾ ਵਿੱਚ ਬਣਾਈਆਂ 13,787 ਜਾਅਲੀ ਵੋਟਾਂ ਦੀ ਸੂਚੀ ਪੰਜਾਬ ਪ੍ਰਧਾਨ ਨੂੰ ਦਿੱਤੀ ਗਈ ਹੈ ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਰਿਹਾਇਸ਼ੀ ਖੇਤਰ ਵਿੱਚ ਲਾਏ ਜਾ ਰਹੇ ਕਚਰਾ ਟ੍ਰੀਟਮੈਂਟ ਪਲਾਂਟ ਜਿਸ ਤੋਂ ਸਵਾ ਲੱਖ ਤੋਂ ਵੱਧ ਦੀ ਆਬਾਦੀ ਦੁਖੀ ਹੈ ਦਾ ਮਾਮਲਾ ਵੀ ਧਿਆਨ ਵਿੱਚ ਲਿਆਂਦਾ ਗਿਆ ਹੈ ਤਾਂ ਜੋ ਕਾਂਗਰਸ ਸਰਕਾਰ ਬਣਨ ‘ਤੇ ਇਸ ਟ੍ਰੀਟਮੈਂਟ ਪਲਾਂਟ ਨੂੰ ਰਿਹਾਇਸ਼ੀ ਖੇਤਰ ‘ਚੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੂੰ ਵੀ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਾਇਆ ਗਿਆ ਹੈ ਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਇਹ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਸ. ਜੱਸੀ ਨੇ ਦੱਸਿਆ ਕਿ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨਾਲ ਕੀਤੀ ਜਾਂਦੀ ਖੱਜਲ-ਖੁਆਰੀ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਸਾਫ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਰਾਹੀਂ ਕੀਤੀ ਜਾਂਦੀ ਘਪਲੇਬਾਜੀ ਦਾ ਮਾਮਲਾ ਵੀ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਦੇਸ਼ ਦਿੱਤੇ ਹਨ ਕਿ ਕਾਂਗਰਸ ਪਾਰਟੀ ਲੋਕ ਆਵਾਜ਼ ‘ਤੇ ਡੱਟਵਾਂ ਪਹਿਰਾ ਦਿੰਦੀ ਰਹੀ ਹੈ ਤੇ ਦਿੰਦੀ ਰਹੇਗੀ ਤੇ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਨਾਲ ਧੱਕੇਸ਼ਾਹੀਆਂ ਕਰਨ ਵਾਲੇ ਕਿਸੇ ਵੀ ਵਰਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਅਮਰਿੰਦਰ ਨੇ ਪਾਰਟੀ ਦੇ ਜੁਝਾਰੂ ਅਤੇ ਮਿਹਨਤੀ ਵਰਕਰਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੈਬ ਸਿੰਘ ਭੱਟੀ, ਜਿਲ੍ਹਾ ਪ੍ਰਧਾਨ ਦਿਹਾਤੀ ਨਰਿੰਦਰ ਸਿੰਘ ਭੁਲੇਰੀਆ, ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਵਿਕਰਮਜੀਤ ਸਿੰਘ ਬਿੱਕਾ ਸਾਬਕਾ ਚੇਅਰਮੈਨ, ਇਕਬਾਲ ਢਿੱਲੋਂ ਸਕੱਤਰ, ਜਨਰਲ ਸਕੱਤਰ ਰੁਪਿੰਦਰ ਬਿੰਦਰਾ, ਸੰਦੀਪ ਸੋਨੀ, ਬਲਾਕ ਪ੍ਰਧਾਨ ਸੁਰਿੰਦਰ ਗੁਪਤਾ, ਅਸ਼ਵਨੀ ਗੋਇਲ, ਕੈਪਟਨ ਮੱਲ ਸਿੰਘ, ਗੁਰਬਚਨ ਸਿੰਘ, ਮਨਜੀਤ ਸਿੰਘ, ਰਵੀ ਕੁਮਾਰ ਆਦਿ ਦੇ ਨਾਲ ਵਪਾਰੀ ਅਤੇ ਸ਼ਹਿਰ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

ਪ੍ਰਸਿੱਧ ਖਬਰਾਂ

To Top