ਪੰਜਾਬੀ ਸਾਹਿਤ ਦਾ ਵੱਡਾ ਨਾਂਅ ਅੰਮ੍ਰਿਤਾ ਪ੍ਰੀਤਮ

0
706
AmritaPritam, Punjabi, Literature

ਗੁਰਤੇਜ ਮੱਲੂ ਮਾਜਰਾ

ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਨੂੰ ਗੁੱਜਰਾਂਵਾਲਾ (ਅੱਜ-ਕੱਲ੍ਹ ਪਾਕਿਸਤਾਨ) ’ਚ ਹੋਇਆ। ਉਸ ਦੇ ਪਿਤਾ ਦਾ ਨਾਂਅ ਸ. ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਰਾਜ ਕੌਰ ਸੀ। ਜਦੋਂ ਅੰਮ੍ਰਿਤਾ 10 ਵਰਿ੍ਹਆਂ ਦੀ ਹੋਈ ਤਾਂ ਮਾਤਾ ਜੀ ਚੱਲ ਵੱਸੇ। ਇਸ ਤਰ੍ਹਾਂ ਅੰਮ੍ਰਿਤਾ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਪਿਤਾ ਨੇ ਹੀ ਕੀਤਾ। ਅੰਮ੍ਰਿਤਾ ਨੇ 1933 ’ਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਦੌਰਾਨ ਤੇਰ੍ਹਵੇਂ-ਚੌਦਵੇਂ ਵਰ੍ਹੇ ’ਚ ਹੀ ਉਸਨੇ ਸਾਹਿਤ ਨਾਲ ਨਾਤਾ ਜੋੜ ਲਿਆ ਸੀ। ਭਾਵੇਂ ਕਿ ਉਸਨੂੰ ਬਚਪਨ ਤੋਂ ਫੋਟੋਗ੍ਰਾਫ਼ੀ ਦਾ ਸ਼ੌਂਕ ਸੀ। ਅੰਮ੍ਰਿਤਾ ਨੇ ਨਿ੍ਰਤ ਤੇ ਸੰਗੀਤ ਸਿੱਖਿਆ ਵੀ ਪ੍ਰਾਪਤ ਕੀਤੀ। ਆਲ ਇੰਡੀਆ ਰੇਡੀਓ ਲਾਹੌਰ ’ਤੋਂ ਕੁਝ ਸਾਲ ਉਨ੍ਹਾਂ ਨੇ ਸਿਤਾਰ ਵਜਾਉਣ ਦਾ ਪ੍ਰੋਗਰਾਮ ਵੀ ਪੇਸ਼ ਕੀਤਾ। ਖੇਡਾਂ ’ਚੋਂ ਅੰਮ੍ਰਿਤਾ ਨੂੰ ਟੈਨਿਸ ਦੀ ਖੇਡ ਪਸੰਦ ਸੀ।

ਅੰਮ੍ਰਿਤਾ ਨੂੰ ਪੰਜਾਬੀ ਸਾਹਿਤ ਦੀ ਚੇਟਕ ਘਰ ’ਚੋਂ ਹੀ ਲੱਗੀ ਕਿੳਂੁਕਿ ਉਨ੍ਹਾਂ ਦੇ ਪਿਤਾ ਸ: ਕਰਤਾਰ ਸਿੰਘ ‘ਰਣਜੀਤ ਨਗਾਰਾ’ ਨਾਂਅ ਦਾ ਰਸਾਲਾ ਕੱਢਦੇ ਸਨ। ਇਸ ਤਰ੍ਹਾਂ ਘਰ ਦੇ ਸਾਹਿਤਕ ਮਾਹੌਲ ’ਚ ਅੰਮ੍ਰਿਤਾ ਨੇ ਕਵਿਤਾਵਾਂ ਜੋੜਨੀਆਂ ਆਰੰਭ ਕੀਤੀਆਂ ਤੇ ਉਸਨੇ ਪਹਿਲੀ ਰਚਨਾ ‘ਰਾਜਨ’ ਲਿਖੀ ਜਿਸ ਕਾਰਨ ਅੰਮ੍ਰਿਤਾ ਦੇ ਚਪੇੜਾਂ ਵੀ ਪਈਆਂ ਸਨ। ਸ: ਕਰਤਾਰ ਸਿੰਘ ਹਿਤਕਾਰੀ ਨੇ ਅੰਮ੍ਰਿਤਾ ਦੀਆਂ ਮੁੱਢਲੀਆਂ ਕਾਵਿ-ਰਚਨਾਵਾਂ ’ਚ ਦੋ ਸਾਲ ਤੱਕ ਹੱਥ ਵਟਾਇਆ ਭਾਵ ਸੋਧ ਕੀਤੀ। ਆਖ਼ਰ 1935 ’ਚ ‘ਠੰਢੀਆਂ ਕਿਰਣਾਂ’ ਪੁਸਤਕ ਨਾਲ ਉਨ੍ਹਾਂ ਦਾ ਕਾਵਿਕ ਸਫ਼ਰ ਸ਼ੁਰੂ ਹੋ ਗਿਆ।

17 ਸਾਲ ਦੀ ਉਮਰ ’ਚ (1 ਦਸੰਬਰ, 1936 ਨੂੰ) ਅੰਮ੍ਰਿਤਾ ਦਾ ਵਿਆਹ ਸ: ਪ੍ਰੀਤਮ ਸਿੰਘ ਕਵਾਤਰਾ ਨਾਲ ਹੋਇਆ। ਇਸ ਵਿਆਹ ਤੋਂ ਅੰਮ੍ਰਿਤਾ ਦੀ ਕੁੱਖੋਂ ਨਵਰਾਜ (ਬੇਟਾ) ਤੇ ਕੰਦਲਾ (ਬੇਟੀ) ਦਾ ਜਨਮ ਹੋਇਆ। ਉਹ ਵਿਆਹ ਤੋਂ ਦੋ ਸਾਲ ਬਾਅਦ ਅੰਮ੍ਰਿਤਾ ਪ੍ਰੀਤਮ ਬਣੇ ਸਨ। ਪਹਿਲਾਂ ਉਨ੍ਹਾਂ ਦਾ ਨਾਂਅ ਅੰਮ੍ਰਿਤ ਕੌਰ ਸੀ। ਅਸਲ ’ਚ ਅੰਮ੍ਰਿਤਾ ਦੇ ਪਤੀ ਦਾ ਨਾਂਅ ਪ੍ਰੀਤਮ ਸਿੰਘ ਸੀ ਤੇ ਪ੍ਰੀਤਮ ਉਸਨੇ ਆਪਣੇ ਨਾਂਅ ਨਾਲ 65 ਵਰਿ੍ਹਆਂ ਦੀ ਉਮਰ (31 ਅਕਤੂਬਰ, 2005) ਤੱਕ ਲਾਈ ਰੱਖਿਆ। ਇਸ ਨਾਂਅ ਨਾਲ ਉਹ ਅੱਜ ਸਮੁੱਚੇ ਸਾਹਿਤ ਜਗਤ ’ਚ ਜਾਣੇ ਜਾਂਦੇ ਹਨ।

ਅੰਮ੍ਰਿਤਾ ਪ੍ਰੀਤਮ ਸ਼ਿਰੋਮਣੀ ਤੇ ਸਿਰਮੌਰ ਕਵਿੱਤਰੀ ਬਣ ਕੇ ਸਾਹਿਤ ਖੇਤਰ ’ਚ ਸਿਖ਼ਰ ’ਤੇ ਰਹੀ। ਉਸਨੇ ਸਾਹਿਤ ਦੇ ਵਿਭਿੰਨ ਰੂਪਾਂ ਤੇ ਭਾਸ਼ਾਵਾਂ ਵਿਚ ਲਿਖਿਆ। ਉਨ੍ਹਾਂ ਦੀਆਂ ਕਾਵਿ ਰੂਪ ਪੁਸਤਕਾਂ- ਠੰਢੀਆਂ ਕਿਰਣਾਂ, ਅੰਮ੍ਰਿਤ ਲਹਿਰਾਂ, ਜਿਉਂਦਾ ਜੀਵਨ, ਤ੍ਰੇਲ ਧੋਤੇ ਫ਼ੁੱਲ, ਓ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ’ਚ ਸੰਝ ਦੀ ਲਾਲੀ, ਲੋਕ-ਪੀੜ, ਪੱਥਰ-ਗ਼ੀਟੇ, (ਇਹ ਸਾਰੀਆਂ ਕਾਵਿ-ਰਚਨਾਵਾਂ 1935 ਤੋਂ 1947 ਤੱਕ ਦੀਆਂ ਹਨ ), ਲੰਮੀਆਂ ਵਾਟਾਂ, ਮੈਂ ਤਵਾਰੀਖ ਹਾਂ ਹਿੰਦ ਦੀ, ਸਰਘੀ ਵੇਲਾ, ਸੁਨੇਹੜੇ, ਅਸ਼ੋਕਾ-ਚੇਤੀ, ਕਸਤੂਰੀ, ਨਾਗਮਣੀ, ਨਵੀਂ ਸਵੇਰ, ਛੇ-ਰੁੱਤਾਂ, ਕਾਗਜ਼ ਤੇ ਕੈਨਵਸ, ਮੈਂ ਜਮ੍ਹਾ ਤੂੰ, ਮੈਂ ਤੈਨੂੰ ਫੇਰ ਮਿਲਾਂਗੀ, ਤਿ੍ਰੰਝਣ, ਦਰਵੇਸ਼ਾਂ ਦੀ ਮਹਿੰਦੀ, ਉੱਠ ਨੀ ਸਾਹਿਬਾਂ ਸੁੱਤੀਏ ਆਦਿ 1947 ਤੋਂ ਪਿੱਛੋਂ ਦੀਆਂ ਕਾਵਿ-ਰਚਨਾਵਾਂ ਹਨ। ਕਹਾਣੀ-ਰੂਪਕ ਪੁਸਤਕਾਂ- 26 ਵਰਿ੍ਹਆਂ ਬਾਅਦ, ਕੁੰਜੀਆਂ, ਆਖ਼ਰੀ ਖ਼ਤ, ਗੋਜਰ ਦੀਆਂ ਪਰੀਆਂ, ਚਾਨਣ ਦਾ ਹਉਕਾ, ਜੰਗਲੀ ਬੂਟੀ, ਅਜਨਬੀ, ਹੀਰੇ ਦੀ ਕਣੀ, ਲਟੀਆਂ ਦੀ ਛੋਕਰੀ ਅਤੇ ਪੰਜ ਵਰ੍ਹੇ ਲੰਮੀ ਸੜਕ ਆਦਿ ਹਨ। ਨਾਵਲ ਰੂਪ ਪੁਸਤਕਾਂ ’ਚ- ਡਾਕਟਰ ਦੇਵ, ਪਿੰਜਰ, ਆਲ੍ਹਣਾ, ਇੱਕ ਸਵਾਲ, ਬੁਲਾਵਾ, ਬੰਦ ਦਰਵਾਜ਼ਾ, ਰੰਗ ਦਾ ਪੱਤਾ, ਇੱਕ ਸੀ ਅਨੀਤਾ, ਚੱਕ ਨੰਬਰ ਛੱਤੀ, ਧਰਤੀ-ਸਾਗਰ ਤੇ ਸਿੱਪੀਆਂ, ਦਿੱਲੀ ਦੀਆਂ ਗਲ਼ੀਆਂ, ਧੁੱਪ ਦੀ ਕਾਤਰ, ਜਲਾਵਤਨ, ਯਾਤਰੀ, ਜੇਬ੍ਹ-ਕਤਰੇ, ਪੱਕੀ-ਹਵੇਲੀ, ਅੱਕ ਦਾ ਬੂਟਾ, ਅੱਗ ਦੀ ਲ਼ਕੀਰ, ਕੱਚੀ ਸੜਕ, ਕੋਈ ਨਹੀਂ ਜਾਣਦਾ, ਉਨ੍ਹਾਂ ਦੀ ਕਹਾਣੀ, ਇਹ ਸੱਚ ਹੈ, ਤੇਰਵਾਂ ਸੂਰਜ, ਉਨਿੰਜਾ ਦਿਨ ਅਤੇ ਕੋਰੇ ਕਾਗਜ਼ ਆਦਿ ਹਨ। ਸਵੈ-ਜੀਵਨੀ ਰੂਪਕ ਪੁਸਤਕਾਂ ’ਚ- ਕਾਲ਼ਾ ਗ਼ੁਲਾਬ, ਅੰਮ੍ਰਿਤਾ ਦੀ ਡਾਇਰੀ, ਦਸਤਾਵੇਜ਼ ਅਤੇ ਰਸੀਦੀ-ਟਿਕਟ ਆਦਿ ਹਨ। ਸਫ਼ਰਨਾਮੇ ਰੂਪ ’ਚ ਅੰਮ੍ਰਿਤਾ ਦੀਆਂ ਬਾਰੀਆਂ ਝਰੋਖੇ, ਇੱਕੀ ਪੱਤੀਆਂ ਦਾ ਗੁਲਾਬ ਅਤੇ ਅੱਗ ਦੀਆਂ ਲ਼ੀਕਾਂ ਸੁਪ੍ਰਸਿੱਧ ਪੁਸਤਕਾਂ ਹਨ ।

ਇਨ੍ਹਾਂ ਵੱਖ-ਵੱਖ ਸਾਹਿਤਕ ਪੁਸਤਕਾਂ ਦੀ ਰਚਨਾ ਕਰਨ ਉਪਰੰਤ ਅੰਮ੍ਰਿਤਾ ਪ੍ਰੀਤਮ ਨੂੰ ਕਾਵਿ-ਖੇਤਰ ’ਚ ਪਾਏ ਯੋਗਦਾਨ ਵਜੋਂ ‘ਸੁਨੇਹੜੇ’ ਪੁਸਤਕ ਲਈ 1956 ’ਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ-ਖੇਤਰ ’ਚੋਂ ’ਪਿੰਜਰ’ ਨਾਵਲ ’ਤੇ 2003 ’ਚ ਚੰਦਰ ਪ੍ਰਕਾਸ਼ ਤਿ੍ਰਵੇਦੀ ਨੇ ਫ਼ੀਚਰ ਫ਼ਿਲਮ ਬਣਾਈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਖੇਤਰ ’ਚ ਲਿਖਣ ’ਤੇ ਅੰਮ੍ਰਿਤਾ ਪ੍ਰੀਤਮ ਨੂੰ ’ਭਾਸ਼ਾ ਵਿਭਾਗ ਪੰਜਾਬ’ ਵੱਲੋਂ 1957 ’ਚ ਸ਼ਿਰੋਮਣੀ ਪੰਜਾਬੀ ਸਾਹਿਤਕਾਰ ਦਾ ਇਨਾਮ ਦਿੱਤਾ ਗਿਆ। 1969 ’ਚ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮਸ਼੍ਰੀ’ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ 1982 ’ਚ ‘ਭਾਰਤੀ ਗਿਆਨ ਪੀਠ’ ਐਵਾਰਡ ਮਿਲਿਆ ਜਿਹੜਾ ਹਰ ਸਾਲ ਭਾਰਤ ਦੀਆਂ 18 ਭਾਸ਼ਾਵਾਂ ਵਿੱਚੋਂ ਕਿਸੇ ਇੱਕ ਨੂੰ ਦਿੱਤਾ ਜਾਂਦਾ ਹੈ ਹੁਣ ਤੱਕ ਪੰਜਾਬੀ ਭਾਸ਼ਾ ਨੂੰ ਦੋ ਵਾਰ ( ਅੰਮ੍ਰਿਤਾ ਪ੍ਰੀਤਮ ਅਤੇ ਪੋ੍ਰ: ਗੁਰਦਿਆਲ ਸਿੰਘ ਨੂੰ) ਇਹ ਪੁਰਸਕਾਰ ਮਿਲ ਚੁੱਕਾ ਹੈ। ਸਾਹਿਤਕ ਤੇ ਹੋਰ ਦੁਰਲੱਭ ਪ੍ਰਾਪਤੀਆਂ ਸਦਕਾ 1986 ’ਚ ਉਸਨੂੰ ਰਾਜ ਸਭਾ ਮੈਂਬਰ ਵੀ ਬਣਾਇਆ ਗਿਆ। 2002 ’ਚ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਾ ਪ੍ਰੀਤਮ ਨੂੰ ‘ਲਾਇਫ ਟਾਈਮ ਅਚੀਵਮੈਂਟ’ ਵਜੋਂ 15 ਲੱਖ ਰੁਪਏ ਭੇਂਟ ਕੀਤੇ।

ਉਪਰੋਕਤ ਪ੍ਰਾਪਤੀਆਂ ਤੋਂ ਇਲਾਵਾ ਭਾਰਤ ਦੀਆਂ ਛੇ ਯੂਨੀਵਰਸਿਟੀਆਂ ਨੇ ਉਸਨੂੰ ਡੀ. ਲਿਟ. ਦੀ ਉਪਾਧੀ ਵੀ ਦਿੱਤੀ। ਜਿੰਦਗੀ ਦੇ ਆਖ਼ਰੀ ਦਿਨਾਂ ’ਚ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ। ਐਨੀਆਂ ਸਾਹਿਤਕ ਪ੍ਰਾਪਤੀਆਂ ਤੇ ਰਚਨਾ ਦੀ ਲਿਖਤਕਾਰ ਦਾ ਅੱਜ ਜਨਮ ਦਿਨ ਹੈ ਜੋ ਆਪਣੇ ਤੋਂ ਪਹਿਲਾਂ ਹੋਈਆਂ ਇਸਤਰੀ ਸਾਹਿਤਕਾਰਾਂ (ਸਾਹਿਬਾਂ ਦੇਵੀ, ਨੌਰੰਗ ਦੇਵੀ ਅਤੇ ਪੀਰੋ) ਨੂੰ ਮਾਤ ਪਾ ਗਈ। ਅੰਮ੍ਰਿਤਾ ਪ੍ਰੀਤਮ ਨੇ ਸਮੁੱਚੀ ਔਰਤ-ਸ਼੍ਰੇਣੀ ਲਈ ਅਵਾਜ਼ ਉਠਾਈ ਅਤੇ ਆਪਣੀਆਂ ਸਮਕਾਲੀ ਲੇਖਿਕਾਵਾਂ (ਸਾਹਿਤਕਾਰਾਂ) ਨਾਲੋਂ ਵਧੇਰੇ ਨਾਂਅ ਕਮਾਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।