ਰਿਸ਼ਤਿਆਂ ’ਚ ਦੂਰੀ ਦਾ ਕਾਰਨ ਬਣਦਾ ਹੈ ਗੁੱਸਾ

ਰਿਸ਼ਤਿਆਂ ’ਚ ਦੂਰੀ ਦਾ ਕਾਰਨ ਬਣਦਾ ਹੈ ਗੁੱਸਾ

ਦੋਸਤੋ, ਰੋਜ਼ਾਨਾ ਦੀ ਭੱਜ-ਦੌੜ ਕਾਰਨ ਇਨਸਾਨ ਖਿਝੂ ਤੇ ਅੜੀਅਲ ਸੁਭਾਅ ਦਾ ਬਣਿਆ ਰਹਿੰਦਾ ਹੈ। ਅੱਜ ਦੇ ਮਸ਼ੀਨੀ ਯੁੱਗ ਨੇ ਇਨਸਾਨ ਨੂੰ ਬਹੁਤ ਥਕਾ ਦਿੱਤਾ ਹੈ, ਅੱਜ ਦੇ ਯੁੱਗ ’ਚ ਮਨੁੱਖ ਦੀਆਂ ਲੋੜਾਂ ਬਹੁਤ ਵਧ ਗਈਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਇਨਸਾਨ ਦਿਨ-ਰਾਤ ਤੁਰਿਆ-ਫਿਰਦਾ ਹੈ। ਕਦੇ-ਕਦੇ ਰੋਜ਼ ਦੇ ਰੁਝੇਵਿਆਂ ਤੋਂ ਤੰਗ ਆਏ ਇਨਸਾਨ ਨੂੰ ਗੁੱਸਾ ਬਹੁਤ ਆਉਣ ਲੱਗ ਜਾਂਦਾ ਹੈ । ਗੁੱਸਾ ਇਨਸਾਨ ਦਾ ਦੁਸ਼ਮਣ ਹੁੰਦਾ ਹੈ। ਇਹ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ, ਜਿਸ ਕਾਰਨ ਨੁਕਸਾਨ ਵੀ ਹੋ ਜਾਂਦਾ ਹੈ।

ਰਿਸ਼ਤਿਆਂ ਵਿੱਚ ਦੂਰੀ ਦਾ ਕਾਰਨ ਵੀ ਗੁੱਸਾ ਹੀ ਬਣ ਜਾਂਦਾ ਹੈ

ਬੇਕਾਬੂ ਗੁੱਸਾ ਸ਼ਖਸੀਅਤ ਨੂੰ ਖਰਾਬ ਕਰ ਸਕਦਾ ਹੈ। ਗੁੱਸੇ ਦਾ ਦੂਜਾ ਨਾਂਅ ਹੈ ਕ੍ਰੋਧ। ਜਦੋਂ ਅਸੀਂ ਪ੍ਰੇਸ਼ਾਨ ਹੁੰਦੇ ਹਾਂ ਤਾਂ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਹਾਂ।ਗੁੱਸਾ ਸ਼ਬਦ ਕ੍ਰੋਧ ਤੋਂ ਲਿਆ ਗਿਆ ਹੈ ।ਅਕਸਰ ਹੀ ਮੈਂ ਦੇਖਿਆ ਹੈ ਕਿ ਜਿਹੜੇ ਲੋਕਾਂ ਨੂੰ ਹੱਦੋਂ ਵੱਧ ਗੁੱਸਾ ਆਉਂਦਾ ਹੈ , ਕਾਬੂ ਨਹੀਂ ਰੱਖਦੇ, ਉਹਨਾਂ ਨੂੰ ਲੋਕ ਮੂਰਖ ਕਹਿੰਦੇ ਹਨ। ਜੇਕਰ ਕਿਸੇ ਗੱਲ ’ਤੇ ਕਦੇ ਕਿਸੇ ਨਾਲ ਲੜਾਈ ਹੋ ਜਾਂਦੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਸੁਣਨ ਲਈ ਤਿਆਰ ਰਹਿਣਾ ਚਾਹੀਦਾ ਹੈ, ਘੱਟ ਬੋਲਣਾ ਚਾਹੀਦਾ ਹੈ, ਉਹ ਵੀ ਹੌਲੀ ਬੋਲਣਾ ਚਾਹੀਦਾ ਹੈ, ਭਾਵੇਂ ਗੁੱਸੇ ਵਿੱਚ ਹੋਵੋ, ਅਜਿਹਾ ਕਰਨ ਨਾਲ ਗੱਲ ਅੱਗੇ ਨਹੀਂ ਵਧਦੀ ।

ਇਹ ਕਹਾਵਤ ਪ੍ਰਚੱਲਿਤ ਹੈ ਜਿਹੜਾ ਛੇਤੀ ਗੁੱਸੇ ਹੋ ਜਾਂਦਾ ਉਹ ਮੂਰਖਤਾਈ ਕਰਦਾ ਹੈ।

ਤੁਹਾਡੇ ਗੁੱਸੇ ਕਾਰਨ ਲੋਕ ਤੁਹਾਡੇ ਤੋਂ ਦੂਰ ਜਾਣ ਲੱਗਦੇ ਹਨ।ਕੋਈ ਵੀ ਇਨਸਾਨ ਗੁੱਸੇਖੋਰ ਇਨਸਾਨ ਨਾਲ ਗੱਲ ਕਰਨਾ , ਬੈਠਣਾ ਪਸੰਦ ਨਹੀਂ ਕਰਦਾ।ਕੋਈ ਵੀ ਗੁੱਸੇਖੋਰ ਇਨਸਾਨ ਦੇ ਲਾਗੇ ਨਹੀਂ ਲੱਗਦਾ। ਲੋਕ ਉਸ ਦਾ ਗੁੱਸਾ ਦੇਖ ਕੇ ਡਰ ਜਾਂਦੇ ਹਨ।ਉਦਾਹਰਨ ਦੇ ਤੌਰ ’ਤੇ ਜਿਵੇਂ ਜਵਾਲਾਮੁਖੀ ਦੇ ਫਟਣ ਕਾਰਨ ਲੋਕ ਉਸ ਤੋਂ ਦੂਰ ਭੱਜਦੇ ਹਨ, ਓਵੇਂ ਹੀ ਗੁੱਸੇ ਵਿਚ ਭੜਕੇ ਇਨਸਾਨ ਤੋਂ ਵੀ ਲੋਕ ਦੂਰ ਭੱਜਦੇ ਹਨ।ਕਈ ਇਨਸਾਨ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਨ ਜਿਸ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ।ਜਿਵੇਂ ਸਿਰ ਦਰਦ ਕਰਨਾ ,ਬਲੱਡ ਪ੍ਰੈਸਰ, ਘਬਰਾਹਟ ਆਦਿ ।ਬਹੁਤ ਲੋਕ ਗੁੱਸੇ ’ਚ ਆ ਕੇ ਆਪਣੀ ਗੱਲ ’ਤੇ ਹੀ ਜੋਰ ਦਿੰਦੇ ਹਨ, ਆਪਣੀ ਗੱਲ ਹੀ ਸਿਰੇ ਰੱਖਦੇ ਹਨ ਅਸਲ ਵਿੱਚ ਉਹ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ ਕਰਦੇ ਹਨ।

ਕਿਸੇ ਨੇ ਕਹਾਵਤ ਵਿੱਚ ਠੀਕ ਹੀ ਕਿਹਾ ਹੈ ਕਿ ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ।ਸਬਰ ਹਮੇਸ਼ਾ ਮਨੁੱਖ ਨੂੰ ਮਜ਼ਬੂਤ ਬਣਾਉਂਦਾ ਹੈ।ਜੋ ਇਨਸਾਨ ਸਬਰ ਸੰਤੋਖ ਰੱਖਦਾ ਹੈ ਗੁੱਸਾ ਉਸਦੇ ਨੇੜੇ ਵੀ ਨਹੀਂ ਆਉਂਦਾ।ਜਦੋਂ ਅਸੀਂ ਗੁੱਸੇ ਦੀ ਭਾਵਨਾ ਦਾ ਅਨੁਭਵ

ਕਰਦੇ ਹਾਂ, ਇਹ ਮਨੋਵਿਗਿਆਨਕ ਅਤੇ ਜੀਵ-ਵਿਗਿਆਨਕ ਪੱਧਰ ’ਤੇ ਤਬਦੀਲੀਆਂ ਦੇ ਨਾਲ ਹੁੰਦਾ ਹੈ।

ਕਈ ਵਾਰ ਵਿਅਕਤੀ ਕਿਸੇ ਨਿੱਕੀ -ਨਿੱਕੀ ਜਿਹੀ ਗੱਲ ਨੂੰ ਲੈ ਕੇ ਗੁੱਸਾ ਕਰਨ ਲੱਗ ਜਾਂਦਾ ਹੈ।ਵਧੇਰੇ ਮਾਮਲਿਆਂ ਵਿੱਚ ਗੁੱਸੇ ’ਚ ਆਇਆ ਵਿਅਕਤੀ ਆਪਣੇ ਵਿਚਾਰਾਂ ਨੂੰ ਦੂਜੇ ’ਤੇ ਥੋਪਣ ਲਈ ਗੁੱਸਾ ਕਰਦਾ ਹੈ।ਜ਼ਰੂਰੀ ਨਹੀਂ ਹੁੰਦਾ ਜੋ ਅਸੀਂ ਚਾਹੁੰਦੇ ਹਾਂ ਉਹੀ ਹੀ ਹੋਵੇਗਾ। ਗੁੱਸੇ ਦੇ ਕਾਰਨ ਬਾਹਰੀ ਅਤੇ ਅੰਦਰੂਨੀ ਦੋਵੇਂ ਹੋ ਸਕਦੇ ਹਨ-ਬਾਹਰੀ ਜਦੋਂ ਉਹ ਸਾਡੇ ਆਲੇ-ਦੁਆਲੇ ਦੀਆਂ ਸਥਿਤੀਆਂ ਨਾਲ ਸਬੰਧਿਤ ਹੁੰਦੇ ਹਨ, ਜਿਵੇਂ ਕਿ ਕਿਸੇ ਹੋਰ ਵਿਅਕਤੀ ਨਾਲ ਲੜਾਈ, ਵੈਰ,ਆਦਰ ਦੀ ਕਮੀ, ਗਲਤੀ. ਅਤੇ ਅੰਦਰੂਨੀ ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਅੰਦਰ ਅਨੁਭਵ ਕਰਦੇ ਹਾਂ, ਨਿੱਜੀ ਸਮੱਸਿਆਵਾਂ ਵਜੋਂ, ਪਿਛਲੀਆਂ ਦੁਖਦਾਈ ਘਟਨਾਵਾਂ ਦੀਆਂ ਯਾਦਾਂ, ਜੋ ਜਦੋਂ ਉਹ ਸਾਡੀ ਯਾਦ ਵਿਚ ਵਾਪਸ ਆਉਂਦੀਆਂ ਹਨ ਤਾਂ ਗੁੱਸੇ ਦੀਆਂ ਭਾਵਨਾਵਾਂ ਜਗਾਉਂਦੀਆਂ ਹਨ।

ਕਈ ਵਾਰ ਇਨਸਾਨ ਇਕੱਲਾ ਬੈਠਾ-ਬੈਠਾ ਆਪਣੀਆਂ ਪਿਛਲੀਆਂ ਦੁੱਖਦਾਇਕ ਗੱਲਾਂ ਯਾਦ ਕਰਕੇ ਆਪਣਾ ਆਉਣ ਵਾਲਾ ਸਮਾਂ ਵੀ ਦੁੱਖਦਾਇਕ ਬਣਾ ਲੈਂਦਾ ਹੈ। ਗੁੱਸਾ ਸ਼ਬਦ ਦਾ ਸਮਾਨਾਰਥੀ ਸ਼ਬਦ ਗੁੱਸਾ, ਘਿ੍ਰਣਾ, ਜਲਣ ਜਾਂ ਨਾਰਾਜ਼ਗੀ ਹੈ। ਦੋਸਤੋ, ਆਪਾਂ ਕਿਸੇ ਨੂੰ ਵੀ ਬਦਲ ਦੀ ਬਜਾਏ ਖੁਦ ਨੂੰ ਬਦਲ ਸਕਦੇ ਹਾਂ।ਇਹ ਸਾਡੇ ਹੱਥ ਨਹੀਂ ਹੁੰਦਾ ਕਿ ਅਸੀਂ ਕਿਸੇ ਹਾਲਾਤ ਵਿਚ ਕਿਵੇਂ ਮਹਿਸੂਸ ਕਰਾਂਗੇ। ਪਰ ਇਹ ਸਾਡੇ ਹੱਥ ਹੈ ਕਿ ਅਸੀਂ ਉਸ ਵੇਲੇ ਆਪਣੇ ਜਜ਼ਬਾਤਾਂ ਨੂੰ ਕਿਵੇਂ ਜ਼ਾਹਰ ਕਰਾਂਗੇ ।ਸਾਨੂੰ ਗੁੱਸੇ ਵਿਚ ਭੜਕਣ ਦੀ ਲੋੜ ਨਹੀਂ ਹੈ।ਸਗੋਂ ਸ਼ਾਂਤ ਰਹਿ ਕੇ ਠੰਢਾ ਹੋਣ ਦੀ ਹੈ।ਫਰੀਦ ਜੀ ਲਿਖਦੇ ਹਨ ਕਿ

ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛ ਪਾਇ॥
ਸਲੋਕ ਫ਼ਰੀਦ ਜੀ

ਫਰੀਦ ਜੀ ਕਹਿੰਦੇ ਹਨ ਕਿ ਹੇ! ਇਨਸਾਨ ਤੂੰ ਆਪਣੇ ਮਨ ਵਿੱਚ ਗੁੱਸਾ ਨਾ ਆਉਣ ਦੇ। ਇਸ ਲਈ ਸ਼ਬਦ ਵਰਤਿਆ ਹੈ ਨ ਹਢਾਇ ਭਾਵ ਗੁੱਸਾ ਆਪਣੇ ਨੇੜੇ ਨਾ ਆਉਣ ਦੇਵੋ।ਜਦੋਂ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਦਰਿਆ ਵਿੱਚ ਹੜ੍ਹ ਆਉਣਾ ਹੈ ਤਾਂ ਹੜ੍ਹ ਤੋਂ ਬਚਣ ਲਈ ਦਰਿਆ ’ਤੇ ਮਜ਼ਬੂਤ ਬੰਨ੍ਹ ਮਾਰ ਲਿਆ ਜਾਂਦਾ ਹੈ ਤਾਂ ਕਿ ਹੜ੍ਹ ਦੇ ਪਾਣੀ ਨਾਲ ਮਨੁੱਖੀ ਜੀਵਨ ਤਬਾਹ ਨਾ ਹੋ ਸਕੇ।ਕਦੇ ਵੀ ਗੁੱਸੇ ਨੂੰ ਆਉਣ ਨਾ ਦੇਵੋ ।ਉਸਨੂੰ ਪਹਿਲਾ ਹੀ ਆਪਣੇ ਆਪ ਵਿੱਚ ਸਮੇਟ ਲਵੋ ਤਾਂ ਜੋ ਗੁੱਸੇ ਦਾ ਪਹਾੜ ਡਿੱਗਣ ਤੋਂ ਬਚ ਜਾਵੇ ।ਪਹਿਲਾ ਹੀ ਆਪਣਾ ਉਦੇਸ ਨਿਸਚਿਤ ਕਰ ਲਵੋ ।

ਮੈਂ ਤਾਂ ਇਸ ਤਰ੍ਹਾਂ ਹੀ ਹਾਂਕੋਈ ਕੁੱਝ ਵੀ ਕਹੇ ਮੈਂ ਏਦਾ ਹੀ ਰਹਿਣਾ ਹੈ।ਕਹਿਣ ਦੀ ਬਜਾਇ ਆਪਣੇ ਆਪ ਦੀ ਸਵੈ ਪੜਚੋਲ ਕਰਨੀ ਚਾਹੀਦੀ ਹੈ ਤੇ ਪਿਛਲੇ ਸਮੇਂ ਦੌਰਾਨ ਹੋਈ ਗਲਤੀ ਦੇਖੋ ਕਿ ਅਸੀਂ ਆਪਣੇ ਗੁੱਸੇ ’ਤੇ ਕਾਬੂ ਪਾਉਣ ’ਚ ਕਿੰਨੇ ਕੁ ਕਾਮਯਾਬ ਹੋਏ ਹਾਂ ।ਕਿੰਨਾ ਕੁ ਆਪਣੇ ਆਪ ਨੂੰ ਬਦਲਿਆ ਹੈ। ਇਹ ਸਭ ਕੁਝ ਕਾਪੀ, ਪੈਨ ਲੈ ਕੇ ਲਿਖੋ ਜਦੋਂ ਗੁੱਸੇ ’ਚ ਸੀ ਤਾਂ ਗੱਲ ਕੀ ਹੋਈ ਸੀ, ਕਿਵੇਂ ਪੇਸ਼ ਆਏ ਸੀ ਅਤੇ ਹੋਰ ਚੰਗੀ ਤਰ੍ਹਾਂ ਕਿਵੇਂ ਪੇਸ਼ ਆ ਸਕਦੇ ਸੀ ਤੇ ਕਿਉਂ। ਅਗਲੀ ਵਾਰ ਜਦੋਂ ਗੁੱਸਾ ਆਵੇ, ਤਾਂ ਉਦੇਸ਼ ਰੱਖੋ ਕਿ ਉਸ ਵਕਤ ਵਧੀਆ ਤਰੀਕੇ ਨਾਲ ਪੇਸ਼ ਆਓਗੇ। ਸ਼ਾਂਤ ਰਹੋਗੇ।

ਜੋ ਇਨਸਾਨ ਗੁੱਸੇ ’ਤੇ ਕੰਟਰੋਲ ਕਰ ਲੈਂਦੇ ਹਨ, ਉਹ ਵੱਡੀ ਤੋਂ ਵੱਡੀ ਮੁਸ਼ਕਲ ਦਾ ਹੱਲ ਲੱਭ ਲੈਂਦੇ ਹਨ। ਕਈ ਵਾਰ ਅਸੀਂ ਗੁੱਸਾ ਓਦੋਂ ਕਰਦੇ ਹਾਂ ਜਦੋਂ ਅਸੀਂ ਕਿਸੇ ਵੀ ਗੱਲ ਤੋਂ ਖੁਸ਼ ਨਹੀਂ ਹੁੰਦੇ ਜਾਂ ਕੋਈ ਇੱਛਾ ਪੂਰੀ ਨਹੀਂ ਹੁੰਦੀ ।ਗੁੱਸੇ ਆਉਣ ਵੇਲੇ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਜਿਵੇਂ ਕਿ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾਂ ਸੋਚੋ। ਜੇਕਰ ਤੁਸੀਂ ਆਪੇ ਤੋਂ ਬਾਹਰ ਹੋ ਰਹੇ ਹੋ ਤਾਂ ਕਿਸੇ ਇਕਾਂਤ ਜਗ੍ਹਾ ’ਤੇ ਚਲੇ ਜਾਓ ਚਹਿਲ-ਪਹਿਲ ਕਰੋ, ਆਪਣੇ ਆਪ ਨੂੰ ਕਿਤਾਬਾਂ ਜਾਂ ਟੀ.ਵੀ ਵਿੱਚ ਬਿਜ਼ੀ ਰੱਖੋ, ਜਾਂ ਸੰਗੀਤ ਸੁਣਨ ਵਿੱਚ ਲੱਗ ਜਾਓ ,

ਜਿੱਥੇ ਲੜਾਈ ਝਗੜਾ ਵੱਧ ਹੋਵੇ ਉੱਥੋਂ ਦੂਰ ਚਲੇ ਜਾਓ।ਕਿਸੇ ਕੰਮ ਵਿੱਚ ਲੱਗ ਜਾਓ , ਅਜਿਹਾ ਕਰਨ ਨਾਲ ਗੁੱਸਾ ਘੱਟ ਜਾਵੇਗਾ।ਪਹਿਲਾਂ ਸੁਣੋ ਫਿਰ ਬੋਲਣ ਦੀ ਕੋਸ਼ਿਸ਼ ਕਰੋ।ਕਦੇ-ਕਦੇ ਤੁਹਾਨੂੰ ਇਸ ਕਰਕੇ ਗੁੱਸਾ ਆ ਸਕਦਾ ਹੈ ਕਿਉਂਕਿ ਤੁਸੀਂ ਮਸਲੇ ਨੂੰ ਸਿਰਫ ਆਪਣੇ ਨਜ਼ਰੀਏ ਤੋਂ ਦੇਖਦੇ ਹੋ। ਪਰ ਇਹ ਸਮਝਣ ਦੀ ਕੋਸ਼ਿਸ ਕਰੋ ਕਿ ਦੂਜਾ ਕਿਵੇਂ ਮਹਿਸੂਸ ਕਰਦਾ ਹੈ, ਉਸਨੂੰ ਚੰਗਾ ਲੱਗਿਆ ਜਾਂ ਮਾੜਾ।

ਦੋਸਤੋ , ਜ਼ਿੰਦਗੀ ਬਹੁਤ ਕੀਮਤੀ ਹੈ।ਇਸ ਨੂੰ ਹੱਸ -ਖੇਡ ਕੇ ਗੁਜ਼ਾਰੋ।ਕਦੇ ਵੀ ਗੁੱਸੇ ’ਚ ਵਿੱਚ ਆਪਣੇ ਆਪ ਨੂੰ ਨਾ ਸਾੜੋ।ਹਮੇਸ਼ਾ ਸਾਕਾਰਤਮਿਕਤਾ ਨਾਲ ਅੱਗੇ ਵਧੋ, ਤਾਂ ਜੋ ਤੁਹਾਨੂੰ ਸਾਰੇ ਪਿਆਰ ਕਰਨ ।
ਗਗਨਦੀਪ ਕੌਰ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।