ਵਿੱਤ ਮੰਤਰੀ ਦੇ ਐਲਾਨ ਨਾਲ ਜ਼ਿਲ੍ਹਾ ਸੰਗਰੂਰ ਦੇ ਲਘੂ ਉਦਯੋਗਾਂ ‘ਚ ਜਗੀ ਆਸ ਦੀ ਕਿਰਨ

Announcement Of The Finance Minister, A Ray Of Hope Was Awakened In The Small Scale Industries

ਛੋਟੇ ਉਦਯੋਗਪਤੀਆਂ ਨੂੰ ਪੁਰਾਣੇ ਉਦਯੋਗਾਂ ‘ਤੇ ਇਹ ਨੀਤੀ ਲਾਗੂ ਨਾ ਹੋਣ ਦੀ ਦੁਚਿੱਤੀ

ਸੰਗਰੂਰ, ਗੁਰਪ੍ਰੀਤ ਸਿੰਘ । ਕੋਰੋਨਾ ਮਹਾਂਮਾਰੀ ਕਾਰਨ ਆਰਥਿਕਤਾ ਦੀ ਚੱਕੀ ਵਿੱਚ ਪਿਸ ਰਹੇ ਦੇਸ਼ ਨੂੰ ਬਾਹਰ ਕੱਢਣ ਦੇ ਯਤਨ ਨਾਲ ਅੱਜ ਕੇਂਦਰੀ ਵਿੱਤ ਮੰਤਰੀ (Finance Minister) ਨਿਰਮਲਾ ਸੀਤਾਰਮਨ ਵੱਲੋਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ ਲਈ ਐਲਾਨ ਕੀਤਾ ਕਿ ਇਨ੍ਹਾਂ ਉਦਯੋਗਾਂ ਲਈ 3 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ । ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਹੋਰ ਉਤਸ਼ਾਹਤ ਕਰਨ ਲਈ 6 ਨਵੇਂ ਕਦਮ ਚੁੱਕੇ ਜਾਣਗੇ। ਕੇਂਦਰੀ ਵਿੱਤ ਮੰਤਰੀ ਦੇ ਐਲਾਨ ਨਾਲ ਜ਼ਿਲ੍ਹਾ ਸੰਗਰੂਰ ਦੇ ਵੱਡੀ ਗਿਣਤੀ ਛੋਟੇ ਤੇ ਲਘੂ ਉਦਯੋਗਾਂ ਨੂੰ ਆਸ ਦੀ ਕਿਰਨ ਜਾਗੀ ਹੈ।

ਹਾਸਲ ਕੀਤੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ਵਿੱਚ ਮੌਜ਼ੂਦਾ ਸਮੇਂ ਵਿੱਚ 7 ਹਜ਼ਾਰ ਤੋਂ ਜ਼ਿਆਦਾ ਲਘੂ ਉਦਯੋਗ ਹਨ, ਜਿਹੜੇ ਐਮ.ਐਸ.ਐਮ.ਈ. ਅਧੀਨ ਆਉਂਦੇ ਹਨ ਜਦੋਂ ਕਿ ਵੱਡੇ ਉਦਯੋਗ ਤਾਂ ਜ਼ਿਲ੍ਹਾ ਸੰਗਰੂਰ ਵਿੱਚ ਮਹਿਜ 20 ਦੇ ਕਰੀਬ ਹੀ ਹਨ । ਪਿਛਲੇ ਲੰਮੇ ਸਮੇਂ ਤੋਂ ਇਹਨਾਂ ਲਘੂ ਉਦਯੋਗਾਂ ਵਿੱਚੋਂ ਜ਼ਿਆਦਾਤਰ ਮੰਦੀ ਦੀ ਮਾਰ ਝੱਲ ਰਹੇ ਹਨ ਜਿਸ ਕਾਰਨ ਵੱਡੀ ਗਿਣਤੀ ਬੰਦ ਹੋ ਰਹੇ ਸਨ ਅਤੇ ਕਈ ਬੰਦ ਹੋਣ ਦੀ ‘ਤੇ ਸਨ। ਅਜਿਹੇ ਵੇਲੇ ਕੇਂਦਰੀ ਵਿੱਤ ਮੰਤਰੀ ਵੱਲੋਂ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਐਲਾਨ ਕਰਨ ਨਾਲ ਜ਼ਿਲ੍ਹਾ ਸੰਗਰੂਰ ਦੀ ਸਮੁੱਚੀ ਲਘੂ ਉਦਯੋਗ ਇੰਡਸਟਰੀ ਪੱਬਾਂ ਭਾਰ ਹੋਈ ਹੈ।

ਛੋਟੇ ਉਦਯੋਗਪਤੀਆਂ ‘ਚ ਹਾਲੇ ਸੰਸਾ

ਜ਼ਿਲ੍ਹਾ ਸੰਗਰੂਰ ਵਿੱਚ ਲਘੂ ਉਦਯੋਗ ਨੂੰ ਚਲਾਉਂਦੇ ਰਮੇਸ਼ ਕੁਮਾਰ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਦਾ ਐਲਾਨ ਨਿਰਸੰਦੇਹ ਛੋਟੇ ਉਦਯੋਗਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਸੰਗਰੂਰ ਦੇ ਸਾਰੇ ਉਦਯੋਗਪਤੀ ਇਸ ਮਾਮਲੇ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਕਿ ਵਿੱਤ ਮੰਤਰੀ ਦਾ ਇਹ ਐਲਾਨ ਨਵੇਂ ਉਦਯੋਗਾਂ ਲਈ ਹੈ ਜਾਂ ਪਹਿਲਾਂ ਤੋਂ ਸਥਾਪਿਤ ਹੋ ਚੁੱਕੇ ਉਦਯੋਗਾਂ ਵਾਸਤੇ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਪਰ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ।

ਮੋਦੀ ਸਰਕਾਰ ਨੇ ਖਤਮ ਹੁੰਦੀ ਜਾ ਰਹੀ ਇੰਡਸਟਰੀ ‘ਚ ਜਾਨ ਪਾਈ : ਕਾਂਸਲ

ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਸੰਗਰੂਰ ਦੇ ਪ੍ਰਧਾਨ ਘਨਸ਼ਾਮ ਕਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਛੋਟੇ ਤੇ ਲਘੂ ਉਦਯੋਗਾਂ ‘ਚ ਜਾਨ ਪਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ, ਇਸ ਨਾਲ ਜ਼ਿਲ੍ਹਾ ਸੰਗਰੂਰ ਦੇ 7 ਹਜ਼ਾਰ ਤੋਂ ਜ਼ਿਆਦਾ ਲਘੂ ਉਦਯੋਗਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਰਾਜਾਂ ਨੂੰ ਬਰਾਬਰ ਗ੍ਰਾਂਟਾਂ ਦੇਣ ਨਾ ਕਿਸੇ ਰਾਜ ਨਾਲ ਪੱਖਪਾਤ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।