ਪੰਜਾਬ

ਆਪ ‘ਚ ਭੂਚਾਲ, ਖਹਿਰਾ ਦੀ ਛੁੱਟੀ

Yourself , Quake, Khaira, Vacation

ਹਰਪਾਲ ਸਿੰਘ ਚੀਮਾ ਬਣੇ ਵਿਰੋਧੀ ਧਿਰ ਦੇ ਆਗੂ, ਟਵੀਟ ਰਾਹੀਂ ਸਿਸੋਦੀਆ ਨੇ ਕੀਤਾ ਐਲਾਨ

ਪਹਿਲੀ ਵਾਰ ਕਿਸੇ ਪਾਰਟੀ ਨੇ ਬਿਨਾਂ ਵਿਧਾਇਕਾਂ ਦੀ ਮੀਟਿੰਗ ਸੱਦੇ ਕੀਤਾ ਲੀਡਰ ਦਾ ਐਲਾਨ

ਚੰਡੀਗੜ੍ਹ, ਅਸ਼ਵਨੀ ਚਾਵਲਾ

ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਸੁਖਪਾਲ ਖਹਿਰਾ ਦੀ ਛੁੱਟੀ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ‘ਤੇ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ ਨੂੰ ਬਿਠਾ ਦਿੱਤਾ ਹੈ। ਇਸ ਐਲਾਨ ਤੋਂ ਪਹਿਲਾਂ ਨਾ ਹੀ ਅਰਵਿੰਦ ਕੇਜਰੀਵਾਲ ਨੇ ਕੋਈ ਵਿਧਾਇਕਾਂ ਦੀ ਮੀਟਿੰਗ ਸੱਦੀ ਅਤੇ ਨਾ ਹੀ ਕਿਸੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਵੀ ਕੋਈ ਪੱਤਰ ਜਾਂ ਫਿਰ ਫੋਨ ਰਾਹੀਂ ਨਹੀਂ, ਸਗੋਂ ਇੱਕ ਟਵੀਟ ਰਾਹੀਂ ਹੀ ਦਿੱਤੀ ਗਈ।

ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਇੱਕ ਟਵੀਟ ਕਰਦੇ ਹੋਏ ਸੁਖਪਾਲ ਖਹਿਰਾ ਨੂੰ ਹਟਾਉਣ ਅਤੇ ਹਰਪਾਲ ਚੀਮਾ ਨੂੰ ਲੀਡਰ ਬਣਾਉਣ ਦਾ ਐਲਾਨ ਕਰ ਦਿੱਤਾ। ਟਵੀਟ ਆਉਣ ਤੋਂ ਕੁਝ ਦੇਰ ਤੱਕ ਤਾਂ ਕੋਈ ਇਸ ਟਵੀਟ ‘ਤੇ ਵਿਸ਼ਵਾਸ ਤੱਕ ਨਹੀਂ ਕਰ ਰਿਹਾ ਸੀ ਪਰ ਕੁਝ ਹੀ ਮਿੰਟਾਂ ਬਾਅਦ ਇਹ ਸਪੱਸ਼ਟ ਕਰ ਦਿੱਤਾ ਗਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਪੱਤਰ ਲਿਖ ਕੇ ਜਾਣਕਾਰੀ ਵੀ ਦੇ ਦਿੱਤੀ ਗਈ ਹੈ।

ਸੁਖਪਾਲ ਖਹਿਰਾ ਨੇ ਵੀ ਇਸ ਘਟਨਾ ਤੋਂ ਬਾਅਦ ਕਿਸੇ ਵੀ ਪੱਤਰਕਾਰ ਨਾਲ ਗੱਲਬਾਤ ਕਰਨ ਦੀ ਥਾਂ ਟਵੀਟ ਕਰਦੇ ਹੋਏ ਕਿਹਾ ਕਿ ਉਹ ਹੁਣ ਤੋਂ ਹੀ ਵਿਰੋਧੀ ਧਿਰ ਦਾ ਅਹੁਦਾ ਛੱਡ ਰਹੇ ਹਨ ਤੇ ਪੰਜਾਬੀਆਂ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਇੱਥੇ ਹੀ ਹਾਈ ਕਮਾਨ ਦੇ ਫੈਸਲੇ ਬਾਰੇ ਸੁਖਪਾਲ ਖਹਿਰਾ ਨੇ ਇੱਕ ਵੀ ਸ਼ਬਦ ਨਹੀਂ ਕਿਹਾ। ਇਹ ਪਹਿਲੀਵਾਰ ਹੋਇਆ ਹੈ, ਜਦੋਂ ਆਮ ਆਦਮੀ ਪਾਰਟੀ ਨੇ ਵਿਧਾਇਕ ਦਲ ਦੀ ਮੀਟਿੰਗ ਕੀਤੇ ਬਿਨਾਂ ਹੀ ਇੰਨਾ ਵੱਡਾ ਫੈਸਲਾ ਕੀਤਾ ਹੈ, ਕਿਉਂਕਿ ਵਿਧਾਇਕ ਦਲ ਦਾ ਲੀਡਰ ਚੁਣਨ ਦਾ ਅਧਿਕਾਰ ਵਿਧਾਇਕਾਂ ਨੂੰ ਹੀ ਹੈ ਅਤੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਲੋਕਤੰਤਰਿਕ ਦੀ ਗੱਲ ਕਰਦੀ ਆਈ ਹੈ ਪਰ ਆਪਣੀ ਹੀ ਪਾਰਟੀ ਵਿੱਚ ਲੋਕ ਤਾਂਤਰਿਕ ਫੈਸਲਾ ਕਰਨ ਤੋਂ ਪਲਟ ਗਈ ਹੈ।

ਡਾ. ਬਲਬੀਰ ਨਾਲ ਪੰਗਾ ਪਿਆ ਮਹਿੰਗਾ

ਸੁਖਪਾਲ ਖਹਿਰਾ ਤੇਜ਼ ਤਰਾਰ ਲੀਡਰ ਹੋਣ ਦੇ ਨਾਲ ਹੀ ਵਿਰੋਧੀ ਧਿਰ ਵਜੋਂ ਚੰਗਾ ਕੰਮ ਕਰ ਰਹੇ ਸਨ ਪਰ ਉਨ੍ਹਾਂ ਨੂੰ ਉਪ ਪ੍ਰਧਾਨ ਡਾ. ਬਲਬੀਰ ਸਿੰਘ ਨਾਲ ਪਿਆ ਪੰਗਾ ਕਾਫ਼ੀ ਜਿਆਦਾ ਮਹਿੰਗਾ ਪੈ ਗਿਆ ਹੈ। ਡਾ. ਬਲਬੀਰ ਸਿੰਘ ਖ਼ਿਲਾਫ਼ ਸੁਖਪਾਲ ਖਹਿਰਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕਾਫ਼ੀ ਕੁਝ ਕਹਿ ਦਿੱਤਾ ਸੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਲੀਡਰ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਕਾਫ਼ੀ ਜਿਆਦਾ ਨਰਾਜ਼ ਹੋ ਗਏ ਸਨ।

ਦਲਿਤ ਵੋਟਾਂ ਨੂੰ ਖਿੱਚੇਗਾ ਫੈਸਲਾ

ਆਮ ਆਦਮੀ ਪਾਰਟੀ ਵੱਲੋਂ ਲਿਆ ਗਿਆ ਇਹ ਫੈਸਲਾ ਪੰਜਾਬ ਦੀਆਂ 35 ਫੀਸਦੀ ਵੋਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਕਿਉਂਕਿ ਆਪ ਵੱਲੋਂ ਇਹ ਪ੍ਰਚਾਰ ਕੀਤਾ ਜਾਣਾ ਸੰਭਵ ਹੈ ਕਿ ਉਨ੍ਹਾਂ ਨੇ ਦਲਿਤ ਲੀਡਰ ਨੂੰ ਮਾਣ-ਸਨਮਾਨ ਦਿੰਦੇ ਹੋਏ ਇਹ ਵੱਡਾ ਅਹੁਦਾ ਦਿੱਤਾ ਹੈ। ਇਸ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਆਪਣੀ ਕੈਬਨਿਟ ਮੰਤਰੀਆਂ ਦੀ ਫੌਜ ਵਿੱਚ ਦਲਿਤ ਲੀਡਰਾਂ ਨੂੰ ਕੋਈ ਜਿਆਦਾ ਥਾਂ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਇਹ ਫੈਸਲਾ ਦਲਿਤ ਵੋਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top