‘ਪੇਸ਼ ਹੋਣ ਸੁਖਬੀਰ ਬਾਦਲ’, ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਤਲਬ

6 ਫਰਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਗਿਆ ਐ ਨੋਟਿਸ

ਪਿਛਲੇ ਸਾਲ 23 ਜੂਨ ਨੂੰ ਵਿਧਾਨ ਸਭਾ ਵਿੱਚ ਪਾਸ ਹੋਇਆ ਸੀ ਸੁਖਬੀਰ ਬਾਦਲ ਖ਼ਿਲਾਫ਼ ਪ੍ਰਸਤਾਵ

ਅਸ਼ਵਨੀ ਚਾਵਲਾ, ਚੰਡੀਗੜ੍ਹ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ 6 ਫਰਵਰੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਸੁਖਬੀਰ ਬਾਦਲ ਨੂੰ ਇਸ ਵਿਸ਼ੇਸ਼ ਅਧਿਕਾਰੀ ਕਮੇਟੀ ਦੇ ਸਾਹਮਣੇ 6 ਫਰਵਰੀ ਨੂੰ ਪੇਸ਼ ਹੁੰਦੇ ਹੋਏ ਆਪਣਾ ਪੱਖ ਰੱਖਣਾ ਪਵੇਗਾ। ਸੁਖਬੀਰ ਬਾਦਲ ਵੱਲੋਂ 23 ਜੂਨ ਨੂੰ ਸੈਸ਼ਨ ਦਰਮਿਆਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ।

ਸੁਖਬੀਰ ਬਾਦਲ ਦੇ ਨਾਲ ਹੀ ਵਿਸ਼ੇਸ਼ ਅਧਿਕਾਰੀ ਕਮੇਟੀ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੀ ਤਲਬ ਕੀਤਾ ਗਿਆ ਹੈ। ਸਿਮਰਜੀਤ ਸਿੰਘ ਬੈਂਸ ‘ਤੇ ਵੀ ਸੁਖਬੀਰ ਬਾਦਲ ਵਾਂਗ ਸਪੀਕਰ ਖ਼ਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕਰਨ ਤੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦਾ ਦੋਸ਼ ਹੈ। ਹੁਣ ਇਨ੍ਹਾਂ ਦੋਵਾਂ ਨੂੰ ਪੇਸ਼ ਹੁੰਦੇ ਹੋਏ ਆਪਣਾ-ਆਪਣਾ ਪੱਖ ਰੱਖਣਾ ਪਵੇਗਾ।

ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ‘ਸੱਚ ਕਹੂੰ’ ਵੱਲੋਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸੁਖਬੀਰ ਬਾਦਲ ਖ਼ਿਲਾਫ਼ 6 ਮਹੀਨੇ ਪਹਿਲਾਂ ਪਾਸ ਹੋਏ ਪ੍ਰਸਤਾਵ ‘ਤੇ ਹੁਣ ਤੱਕ ਕਾਰਵਾਈ ਨਹੀਂ ਹੋਈ ਹੈ ਅਤੇ ਸੁਖਬੀਰ ਬਾਦਲ ਨੂੰ ਬਚਾਉਣ ਕੋਸ਼ਸ਼ ਕੀਤੀ ਜਾ ਰਹੀ ਹੈ।

ਇਸ ਖ਼ਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਅਧਿਕਾਰੀ ਕਮੇਟੀ ਵੱਲੋਂ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕਰ ਲਿਆ ਹੈ। ਸੁਖਬੀਰ ਬਾਦਲ ਅਤੇ ਸਿਮਰਜੀਤ ਸਿੰਘ ਬੈਂਸ ਨੇ ਦੋ ਹਫ਼ਤਿਆਂ ਬਾਅਦ 6 ਫਰਵਰੀ ਨੂੰ ਪੇਸ਼ ਹੋਣਾ ਹੈ।

ਅਜੇ ਨਹੀਂ ਮਿਲਿਆ ਨੋਟਿਸ : ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਇਸ ਨੋਟਿਸ ਸਬੰਧੀ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਨੋਟਿਸ ਅਜੇ ਨਹੀਂ ਮਿਲਿਆ ਹੈ ਅਤੇ ਜਦੋਂ ਨੋਟਿਸ ਪ੍ਰਾਪਤ ਹੋਵੇਗਾ, ਉਸ ਤੋਂ ਬਾਅਦ ਹੀ ਉਹ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਪੇਸ਼ ਹੋਣਾ ਹੈ ਜਾਂ ਫਿਰ ਨਹੀਂ ਹੋਣਾ।

ਸਪੀਕਰ ਦੇਣ ਦਖ਼ਲ, ਵਾਪਸ ਹੋਵੇ ਨੋਟਿਸ : ਚੰਦੂਮਾਜਰਾ

ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਦਖਲ ਦੇਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਦਾ ਨੋਟਿਸ ਇੱਕ ਸੀਨੀਅਰ ਵਿਧਾਇਕ ਖ਼ਿਲਾਫ਼ ਨਹੀਂ ਜਾਰੀ ਹੋਣਾ ਚਾਹੀਦਾ, ਇਸ ਨਾਲ ਗਲਤ ਪਰੰਪਰਾ ਸ਼ੁਰੂਆਤ ਹੋ ਜਾਵੇਗੀ। ਜੇਕਰ ਕੋਈ ਗਲਤ ਗੱਲ ਆਖੀ ਗਈ ਹੈ ਤਾਂ ਸਪੀਕਰ ਸਾਹਿਬ ਚੈਂਬਰ ਵਿੱਚ ਸੱਦ ਕੇ ਇਸ ਮਾਮਲੇ ਦਾ ਹੱਲ ਕੱਢ ਲੈਣ ਪਰ ਇਸ ਤਰ੍ਹਾਂ ਨੋਟਿਸ ਜਾਰੀ ਨਹੀਂ ਕਰਨਾ ਚਾਹੀਦਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ