ਮੰਗਾਂ ਦੀ ਪੂਰਤੀ ਲਈ ਬਠਿੰਡਾ ਪੁੱਜੀਆਂ ਆਸ਼ਾ ਵਰਕਰਾਂ ਨੇ ਪਾਇਆ ਭੜਥੂ

ਮਹਿਲਾ ਪੁਲਿਸ ਦੇ ਨਾਲ-ਨਾਲ ਪੁਰਸ਼ ਪੁਲਿਸ ਵੀ ਨਾ ਰੋਕ ਸਕੀ ਆਸ਼ਾ ਵਰਕਰਾਂ ਦਾ ਰਾਹ

  • ਬੈਰੀਕੇਡ ਤੋੜਕੇ ਵਿੱਤ ਮੰਤਰੀ ਦੇ ਦਫ਼ਤਰ ਸਾਹਮਣੇ ਲਾਏ ਨਾਅਰੇ

(ਸੁਖਜੀਤ ਮਾਨ) ਬਠਿੰਡਾ। ਕੋਰੋਨਾ ਕਾਲ ’ਚ ਨਿਰਵਿਘਨ ਡਿਊਟੀ ਨਿਭਾਉਣ ਦੇ ਬਾਵਜ਼ੂਦ ਨਿਗੂਣੇ ਭੱਤੇ ’ਤੇ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਅੱਜ ਸਰਕਾਰ ਖਿਲਾਫ਼ ਕਾਫੀ ਗੁੱਸੇ ’ਚ ਨਜ਼ਰ ਆਈਆਂ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਲਈ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਕੋਲ ਇਕੱਠੀਆਂ ਹੋਈਆਂ ਆਸ਼ਾ ਵਰਕਰਾਂ ਨੇ ਪਹਿਲਾਂ ਉੱਥੇ ਧਰਨਾ ਲਾਇਆ ਤੇ ਬਾਅਦ ’ਚ ਵੱਡੇ ਇਕੱਠ ਦੇ ਰੂਪ ’ਚ ਵਿੱਤ ਮੰਤਰੀ ਦੇ ਦਫ਼ਤਰ ਨੂੰ ਚਾਲੇ ਪਾ ਦਿੱਤੇ ਪੁਲਿਸ ਪ੍ਰਸ਼ਾਸ਼ਨ ਨੂੰ ਇਹ ਇਲਮ ਨਹੀਂ ਸੀ ਕਿ ਆਸ਼ਾ ਵਰਕਰਾਂ ਜਿਆਦਾ ਰੋਸ ਪ੍ਰਗਟਾਉਣਗੀਆਂ ਇਸ ਲਈ ਘੱਟ ਨਫਰੀ ਤਾਇਨਾਤ ਕੀਤੀ ਹੋਈ ਸੀ ਪਰ ਹੋਇਆ ਇਸ ਤੋਂ ਉਲਟ ਆਸ਼ਾ ਵਰਕਰਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਕੋਲ ਲੱਗੇ ਬੈਰੀਕੇਡ ਤੋੜ ਦਿੱਤੇ ਤੇ ਦਫ਼ਤਰ ਸਾਹਮਣੇ ਜਾ ਕੇ ਜੋਰਦਾਰ ਨਾਅਰੇਬਾਜ਼ੀ ਕੀਤੀ।

‘ਕੈਪਟਨ ਤੇਰੀ ਸੜਕ ’ਤੇ, ਖਾਲੀ ਭਾਂਡੇ ਖੜਕਦੇ’ ਦੇ ਨਾਅਰੇ ਲਾਉਂਦੀਆਂ ਆਸ਼ਾ ਵਰਕਰਾਂ ਜਦੋਂ ਖਾਲੀ ਭਾਂਡੇ ਚਮਚਿਆਂ ਨਾਲ ਖੜਕਾ ਰਹੀਆਂ ਸੀ ਤਾਂ ਰਾਹ ਜਾਂਦੇ ਲੋਕ ਵੀ ਉਨ੍ਹਾਂ ਨੂੰ ਦੇਖਦੇ ਰਹੇ ਜਦੋਂ ਵਰਕਰਾਂ ਵਿੱਤ ਮੰਤਰੀ ਦੇ ਦਫਤਰ ਕੋਲ ਪੁੱਜੀਆਂ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕਾਫੀ ਜੱਦੋ ਜਹਿਦ ਕੀਤੀ ਪੁਲਿਸ ਵੱਲੋਂ ਬੈਰੀਕੇਡਾਂ ਦੇ ਨਾਲ ਪਹਿਲਾਂ ਮਹਿਲਾ ਪੁਲਿਸ ਤਾਇਨਾਤ ਕੀਤੀ ਗਈ ਤੇ ਉਨ੍ਹਾਂ ਦੇ ਮਗਰ ਪੁਰਸ਼ ਪੁਲਿਸ ਮੁਲਾਜ਼ਮ ਵੀ ਤਾਇਨਾਤ ਸਨ ਆਸ਼ਾ ਵਰਕਰਾਂ ਦਾ ਗੁੱਸਾ ਐਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਪੁਲਿਸ ਦੀ ਇੱਕ ਨਾ ਚੱਲਣ ਦਿੱਤੀ ਪੁਲਿਸ ਅਤੇ ਆਸ਼ਾ ਵਰਕਰਾਂ ’ਚ ਹੋਈ ਭਾਰੀ ਖਿੱਚ ਧੂਹ ਦਰਮਿਆਨ ਕਈ ਆਸ਼ਾ ਵਰਕਰਾਂ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ।

ਇਸ ਤੋਂ ਪਹਿਲਾਂ ਆਸ਼ਾ ਵਰਕਰਾਂ ਦੇ ਧਰਨੇ ’ਚ ਸੰਬੋਧਨ ਕਰਦਿਆਂ ਆਸ਼ਾ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕੋਰੋਨਾ ਕਾਲ ’ਚ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਲੋਕ ਸੇਵਾ ਨੂੰ ਮੁੱਖ ਰੱਖਦਿਆਂ ਆਪਣੇ ਫਰਜ਼ ਤਨਦੇਹੀ ਨਾਲ ਨਿਭਾਏ ਤਾਂ ਹੁਣ ਸਰਕਾਰ ਨੂੰ ਵੀ ਉਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ’ਤੇ ਪੰਜਾਬ ਸਰਕਾਰ ਵੀ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਇਨਸੈਂਟਿਵ ਦੇਵੇ, ਆਸ਼ਾ ਫੈਸਿਲੀਟੇਟਰਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ 500 ਰੁਪਏ ਪ੍ਰਤੀ ਟੂਰ ਦਿੱਤਾ ਜਾਵੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੂੰ ਘੱਟ ਤੋਂ ਘੱਟ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਲਾਗੂ ਕੀਤਾ ਜਾਵੇ, ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ।

ਤਹਿਸੀਲਦਾਰ ਨੇ ਆਸ਼ਾ ਵਰਕਰਾਂ ਵੱਲੋਂ ਕੋਰੋਨਾ ਕਾਲ ’ਚ ਨਿਭਾਈ ਗਈ ਡਿਊਟੀ ਦੀ ਸ਼ਲਾਘਾ ਵੀ ਕੀਤੀ

ਵਿੱਤ ਮੰਤਰੀ ਦੇ ਦਫ਼ਤਰ ਅੱਗੇ ਲੰਬੀ ਜੱਦੋ ਜਹਿਦ ਮਗਰੋਂ ਤਹਿਸੀਲਦਾਰ ਬਠਿੰਡਾ ਸੁਖਵੀਰ ਸਿੰਘ ਬਰਾੜ ਨੂੰ ਆਸ਼ਾ ਵਰਕਰਾਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਤਹਿਸੀਲਦਾਰ ਨੇ ਆਸ਼ਾ ਵਰਕਰਾਂ ਵੱਲੋਂ ਕੋਰੋਨਾ ਕਾਲ ’ਚ ਨਿਭਾਈ ਗਈ ਡਿਊਟੀ ਦੀ ਸ਼ਲਾਘਾ ਵੀ ਕੀਤੀ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਮੰਗ ਪੱਤਰ ਰਾਹੀਂ ਸਰਕਾਰ ਤੱਕ ਪੁੱਜਦਾ ਕਰ ਦੇਣਗੇ।

ਆਸ਼ਾ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਦੌਰਾਨ ਪੁਰਸ਼ ਪੁਲਿਸ ਵੱਲੋਂ ਕੀਤੀ ਗਈ ਖਿੱਚਧੂਹ ’ਤੇ ਵੀ ਰੋਸ ਜਤਾਇਆ ਮੌਕੇ ’ਤੇ ਮੌਜੂਦ ਪੁਲਿਸ ਅਫ਼ਸਰਾਂ ਨੇ ਆਖਿਆ ਕਿ ਉਨ੍ਹਾਂ ਨੇ ਕਿਸੇ ਦੀ ਕੋਈ ਖਿੱਚਧੂਹ ਨਹੀਂ ਕੀਤੀ ਸਗੋਂ ਸੁਰੱਖਿਆ ਵਜੋਂ ਤਾਇਨਾਤ ਪੁਲਿਸ ’ਚ ਸਭ ਤੋਂ ਅੱਗੇ ਮਹਿਲਾ ਪੁਲਿਸ ਹੀ ਸੀ ਜਿੰਨ੍ਹਾਂ ਵਰਕਰਾਂ ਦੇ ਕੋਈ ਸੱਟ ਲੱਗੀ ਹੈ ਉਹ ਵੀ ਬੈਰੀਕੇਡ ਆਦਿ ਤੋੜਨ ਦੀ ਕੋਸ਼ਿਸ਼ ਦੌਰਾਨ ਆਪ ਹੀ ਡਿੱਗੀਆਂ ਹਨ।

ਜੇ ਨਾ ਲਾਉਂਦੇ ਬੈਰੀਕੇਡ ਤਾਂ ਦੇਣਾ ਸੀ ਸਿਰਫ ਮੰਗ ਪੱਤਰ : ਸੂਬਾ ਪ੍ਰਧਾਨ

ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਆਖਿਆ ਕਿ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਜਦੋਂਕਿ ਉਹ ਆਪਣੇ ਹੱਕ ਲੈਣ ਲਈ ਆਈਆਂ ਸਨ ਉਨ੍ਹਾਂ ਪੁਲਿਸ ਵੱਲੋਂ ਕੀਤੀ ਖਿੱਚਧੂਹ ’ਤੇ ਪ੍ਰਤੀਕ੍ਰਿਆ ਦਿੰਦਿਆਂ ਆਖਿਆ ਕਿ ਜਿਹੜੀ ਖਾਕੀ ਵਰਦੀ ਜਿਹੜੀ ਸਾਡੇ ਲਈ ਬਣਾਈ ਗਈ ਹੈ ਉਹ ਮਨਪ੍ਰੀਤ ਬਾਦਲ ਦੀ ਸੁਰੱਖਿਆ ਲਈ ਵਰਤੀ ਗਈ ਹੈ ਉਨ੍ਹਾਂ ਕਿਹਾ ਕਿ ਜੇਕਰ ਬੈਰੀਕੇਡ ਨਾ ਲਾਏ ਹੁੰਦੇ ਤਾਂ ਉਨ੍ਹਾਂ ਨੇ ਸਿਰਫ ਮੰਗ ਪੱਤਰ ਸੌਂਪ ਦੇਣਾ ਸੀ ਪਰ ਬੈਰੀਕੇਡਾਂ ਕਾਰਨ ਕਈ ਵਰਕਰਾਂ ਜ਼ਖਮੀ ਵੀ ਹੋ ਗਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ