ਅਸ਼ੋਕ ਗਹਿਲੋਤ ਦਾ ‘ਜਾਦੂ’

ਅਸ਼ੋਕ ਗਹਿਲੋਤ ਦਾ ‘ਜਾਦੂ’

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਿਆਸਤ ਦੇ ਵੀ ਜਾਦੂਗਰ ਸਾਬਤ ਹੋਏ ਹਨ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਦੌਰਾਨ ਰਾਜਸਥਾਨ ਕਾਂਗਰਸ ’ਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸਨ ਉਹਨਾਂ ਲਈ ਭਾਵੇਂ ਗਹਿਲੋਤ ਨੇ ਮਾਫ਼ੀ ਮੰਗ ਲਈ ਹੈ ਪਰ ਨਾਲ ਕਾਂਗਰਸ ਪ੍ਰਧਾਨ ਦੀ ਦੌੜ ਵਿਚਾਲੇ ਛੱਡ ਕੇ ਉਹਨਾਂ ਕਾਂਗਰਸ ਹਾਈਕਮਾਨ ਲਈ ਇਹ ਹਾਲਾਤ ਬਣਾ ਦਿੱਤੇ ਹਨ ਕਿ ਉਨ੍ਹਾਂ (ਗਹਿਲੋਤ) ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨਾ ਸੌਖਾ ਨਹੀਂ ਰਹਿ ਗਿਆ ਗਹਿਲੋਤ ਨੇ ਗਾਂਧੀਗਿਰੀ ਵੀ ਖੂਬ ਵਿਖਾਈ ਹੈ ਦਰਅਸਲ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਅਸ਼ੋਕ ਗਹਿਲੋਤ ਅਸਾਨੀ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਜਿੱਤ ਜਾਣਗੇ ਇਹ ਵੀ ਮੰਨਿਆ ਜਾ ਰਿਹਾ ਸੀ ਕਾਂਗਰਸ ਹਾਈਕਮਾਨ ਅਸ਼ੋਕ ਗਹਿਲੋਤ ਦੇ ਪ੍ਰਧਾਨ ਬਣ ਜਾਣ ਦੀ ਹਾਲਤ ’ਚ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾ ਦੇਵੇਗੀ

ਪਿਛਲੇ 4 ਸਾਲਾਂ ਤੋਂ ਹੀ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਧੜੇ ਵਿਚਾਲੇ 36 ਦਾ ਅੰਕੜਾ ਚੱਲਦਾ ਆ ਰਿਹਾ ਸੀ ਸਚਿਨ ਨੂੰ ਭਾਵੇਂ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ, ਪਰ ਉਹਨਾਂ ਦਾ ਸੰਘਰਸ਼ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਸੀ ਨਾਰਾਜ਼ ਹੋਏ ਸਚਿਨ ਪਾਇਲਟ ਨੇ ਬਤੌਰ ਉਪ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਸੀ

ਅਜਿਹਾ ਕੁਝ ਹੀ ਪੰਜਾਬ ਅੰਦਰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਵਜੋਤ ਸਿੱਧੂ ਤੇ ਹੋਰਾਂ ਵੱਲੋਂ ਜਾਰੀ ਸੀ ਨਵਜੋਤ ਸਿੱਧੂ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਹਟਾਉਣ ’ਚ ਕਾਮਯਾਬ ਰਹੇ ਪਰ ਰਾਜਸਥਾਨ ਦੇ ਕੈਪਟਨ ਅਸ਼ੋਕ ਗਹਿਲੋਤ ਨੇ ਆਪਣੇ ਗੜ੍ਹ ਨੂੰ ਬਚਾਈ ਰੱਖਿਆ ਕਾਂਗਰਸ ਪ੍ਰਧਾਨ ਦੀ ਚੋਣ ਕਾਂਗਰਸ ਹਾਈਕਮਾਨ ਲਈ ਕਾਫ਼ੀ ਫਾਇਦੇਮੰਦ ਹੋ ਸਕਦੀ ਸੀ ਇੱਕ ਪਾਸੇ ਅਸ਼ੋਕ ਗਹਿਲੋਤ ਵਰਗੇ ਕੱਦਾਵਰ ਆਗੂ ਨੇ ਪਾਰਟੀ ਦੀ ਕਮਾਨ ਸੰਭਾਲ ਲੈਣੀ ਸੀ ਤੇ ਦੂਜੇ ਪਾਸੇ ਸਚਿਨ ਧੜੇ ਨੂੰ ਵੀ ਸੰਤੁਸ਼ਟ ਕੀਤਾ ਜਾ ਸਕਦਾ ਸੀ

ਇਸ ਗੱਲ ਦੀ ਕਿਸੇ ਨੂੰ ਉਮੀਦ ਨਹੀਂ ਸੀ ਕਿ ਸਚਿਨ ਪਾਇਲਟ ਦੇ ਖਿਲਾਫ਼ ਅਸ਼ੋਕ ਗਹਿਲੋਤ ਦਾ ਧੜਾ ਇੰਨੇ ਜਬਰਦਸਤ ਤਰੀਕੇ ਨਾਲ ਮੋਰਚਾ ਖੋਲ੍ਹ ਦੇਵੇਗਾ ਉਥਲ-ਪੁਥਲ ਇੰਨੀ ਜ਼ੋਰਦਾਰ ਸੀ ਕਿ ਪ੍ਰਧਾਨਗੀ ਦੀ ਚੋਣ ਨਾਲੋਂ ਜ਼ਿਆਦਾ ਰਾਜਸਥਾਨ ਕਾਂਗਰਸ ਦਾ ਮਾਮਲਾ ਹੀ ਭਖ਼ ਗਿਆ

ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸਭ ਦੀ ਨਿਗ੍ਹਾ ਅਸ਼ੋਕ ਗਹਿਲੋਤ ਦੇ ਦਾਅ ਵੱਲ ਸੀ ਕਿ ਉਹ ਮੌਜ਼ੂਦਾ ਹਾਲਾਤਾਂ ਨਾਲ ਕਿਵੇਂ ਨਜਿੱਠਦੇ ਹਨ ਦਰਅਸਲ ਕਾਂਗਰਸ ’ਚ ਧੜੇਬੰਦੀ ਵੱਡੀ ਸਮੱਸਿਆ ਬਣੀ ਹੋਈ ਹੈ ਇਸੇ ਧੜੇਬੰਦੀ ਦਾ ਨੁਕਸਾਨ ਕਾਂਗਰਸ ਨੂੰ ਪੰਜਾਬ ਅੰਦਰ ਵੀ ਹੋਇਆ ਕੈਪਟਨ ਅਮਰਿੰਦਰ ਸਣੇ ਕਈ ਵੱਡੇ ਆਗੂਆਂ ਨੇ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ ਦਰਅਸਲ ਅਹੁਦੇਦਾਰੀਆਂ ਦਾ ਮੋਹ ਸਿਆਸਤ ’ਚ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਕਾਬਲ ਲੀਡਰ ਪਾਰਟੀ ਅੰਦਰਲੇ ਵਿਰੋਧੀਆਂ ਨਾਲ ਜੰਗ ’ਚ ਉਲਝ ਰਹਿੰਦੇ ਹਨ ਕਾਂਗਰਸ ਹੀ ਨਹੀਂ ਹੋਰ ਵੀ ਪਾਰਟੀਆਂ ’ਚ ਅਹੁਦੇ ਲਈ ਜੰਗ ਨੇ ਰਾਜਨੀਤੀ ਦੇ ਸੰਕਲਪ ਨੂੰ ਕਮਜ਼ੋਰ ਕੀਤਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ