ਖਿਡਾਰੀ ਤੇ ਲਿਖਾਰੀ, ਰਣਬੀਰ ਬਡਵਾਲ

0
203

ਖਿਡਾਰੀ ਤੇ ਲਿਖਾਰੀ, ਰਣਬੀਰ ਬਡਵਾਲ

ਖੇਡਾਂ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾ ਚੁੱਕੇ ਰਣਬੀਰ ਸਿੰਘ ‘ਬਡਵਾਲ’ ਦੀਆਂ ਲਿਖਤਾਂ ਵਿਚਲੀ ਬਿਰਹਾ, ਸੂਫੀ ਰੰਗਤ ਅਤੇ ਸਰਲਤਾ ਨੇ ਉਸਨੂੰ ਬਾਕੀ ਲਿਖਾਰੀਆਂ ਤੋਂ ਵਖਰਾਇਆ ਹੈ। ਉਹ ਲਿਖਦਾ-ਲਿਖਦਾ ਦਰਦਾਂ ਦੇ ਗਹਿਰੇ ਸਾਗਰ ਵਿੱਚ ਉੱਤਰ ਜਾਂਦਾ ਏ, ਤੇ ਪੜ੍ਹਨ ਵਾਲੇ ਪਾਠਕ ਰਣਬੀਰ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਜਿਵੇਂ ਰਣਬੀਰ ਦੀ ਕਲਮ ’ਚੋਂ ਨਿੱਕਲੇ ਹਰੇਕ ਹਰਫ਼ ਉਹਨਾਂ ਦੇ ਧੁਰ ਅੰਦਰਲੀ ਪੀੜਾ ਨੂੰ ਹੀ ਬਿਆਨਦੇ ਹੋਣ।

ਹੁਸ਼ਿਆਰਪੁਰ ਜਿਲ੍ਹੇ ਦੀ ਤਹਿਸੀਲ ਮੁਕੇਰੀਆਂ ਦੇ ਪਿੰਡ ਕੋਟਲੀ ਖਾਸ ਵਿੱਚ ਪਿਤਾ ਜੋਧ ਸਿੰਘ ਤੇ ਮਾਤਾ ਰਤਨ ਕੌਰ ਦੀ ਕੁੱਖੋਂ ਜਨਮੇ ਰਣਬੀਰ ਸਿੰਘ ਨੂੰ ਬਚਪਨ ਤੋਂ ਹੀ ਖੇਡਾਂ ਅਤੇ ਪੰਜਾਬੀ ਸਾਹਿਤ ਪ੍ਰਤੀ ਬਹੁਤ ਲਗਾਅ ਸੀ। ਉੱਚਾ-ਲੰਬਾ ਕੱਦ ਤੇ ਸੁਡੌਲ ਸਰੀਰ ਹੋਣ ਕਰਕੇ ਪਿੰਡ ਵਾਸੀ ਤੇ ਦੋਸਤ ਉਸਨੂੰ ਭਲਵਾਨ ਕਹਿ ਕੇ ਬੁਲਾਇਆ ਕਰਦੇ ਸਨ। ਰਣਬੀਰ ਨੂੰ ਕਬੱਡੀ ਅਤੇ ਵਾਲੀਬਾਲ ਖੇਡਣ ਦਾ ਬਹੁਤ ਸ਼ੌਂਕ ਸੀ।

ਪਿੰਡ ਦੇ ਨੇੜਲੇ ਸਰਕਾਰੀ ਹਾਈ ਸਕੂਲ ਹਰਦੋਖੁੰਦਪੁਰ ਤੋਂ ਦਸਵੀਂ ਜਮਾਤ ਪਾਸ ਕਰਨ ਉਪਰੰਤ ਰਣਬੀਰ ਸਿੰਘ ਨੇ ਸਪੋਰਟਸ ਕਾਲਜ ਜਲੰਧਰ ਵਿਖੇ ਦਾਖਲਾ ਲੈ ਲਿਆ ਤੇ ਫਿਰ ਉਸ ਕਾਲਜ ਤੋਂ ਹੀ ਆਪਣੇ ਖੇਡਾਂ ਦੇ ਸਫ਼ਰ ਨੂੰ ਅਗਲੇਰੀਆਂ ਮੰਜ਼ਿਲਾਂ ਵੱਲ ਤੋਰਿਆ। ਖੇਡਾਂ ਦੇ ਖੇਤਰ ਵਿੱਚ ਰਣਬੀਰ ਨੇ ਅਹਿਮ ਪ੍ਰਾਪਤੀਆਂ ਕੀਤੀਆਂ ਤੇ ਹਮੇਸ਼ਾ ਹੀ ਜੇਤੂ ਝੰਡੇ ਲਹਿਰਾਏ। ਸਾਲ 1985-86 ਵਿੱਚ ਰਣਬੀਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਾਲੀਬਾਲ ਟੀਮ ਦੇ ਕਪਤਾਨ ਵੀ ਰਹੇ। ਖੇਡਾਂ ਦੇ ਨਾਲ-ਨਾਲ ਪੰਜਾਬੀ ਸਾਹਿਤ ਪੜ੍ਹਨ ਦਾ ਸ਼ੌਂਕ ਰੱਖਦੇ ਰਣਬੀਰ ਸਿੰਘ ਦੇ ਦਿਲੋ-ਦਿਮਾਗ ’ਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖਤਾਂ ਦਾ ਡੂੰਘਾ ਪ੍ਰਭਾਵ ਪਿਆ

ਰਣਬੀਰ ਦੀਆਂ ਲਿਖਤਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖਤਾਂ ਦੀ ਝਲਕ ਸਾਫ ਨਜ਼ਰ ਆਉਂਦੀ ਹੈ। ਜੇਕਰ ਸ਼ਿਵ ਦੇ ਬਾਅਦ ਅਸੀਂ ਰਣਬੀਰ ਬਡਵਾਲ ਨੂੰ ਦੂਸਰਾ ਬਿਰਹੋਂ ਦਾ ਸੁਲਤਾਨ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਭੋਲੀਆਂ ਅੱਖਾਂ ਵਿੱਚ ਤਰਦੇ ਹੰਝੂਆਂ ਦੇ ਸਾਗਰਾਂ ਨੂੰ ਸੁਲਘਦੇ ਅੱਖਰਾਂ ਵਿੱਚ ਢਾਲ ਲੈਣਾ, ਇਹ ਰਣਬੀਰ ਦੀ ਕਲਮ ਦੇ ਹਿੱਸੇ ਆਇਆ ਹੈ। ਉਹ ਕਦੇ-ਕਦੇ ਲੇਖਕ ਹੀ ਨਹੀਂ ਸਾਧਕ ਵੀ ਜਾਪਦਾ ਹੈ। ਬਹੁਤ ਸਹਿਜੇ ਹੀ ਕੋਈ ਵੀ ਪਾਠਕ ਲਿਖਣ ਸ਼ੈਲੀ ਤੋਂ ਜਾਣ ਲਏਗਾ ਕਿ ਕਿਹੜੀ ਰਚਨਾ ਜਾਂ ਗੀਤ ਰਣਬੀਰ ਬਡਵਾਲ ਦਾ ਲਿਖਿਆ ਹੈ।

ਸਾਹਿਤ ਖੇਤਰ ਵਿੱਚ ਸਰਗਰਮ ਲੇਖਕ ਰਣਬੀਰ ਦੇ ਨਾਂਅ ਨਾਲ ਤਖੱਲਸ ਵਜੋਂ ਲਾਇਆ ਜਾਂਦਾ ‘ਬਡਵਾਲ’ ਉਨ੍ਹਾਂ ਦਾ ਗੋਤ ਹੈ।
ਸਾਲ 1987 ਵਿੱਚ ਅਮਰੀਕ ਕੌਰ ਵਾਸੀ ਕਾਹਨੂੰਵਾਨ ਜਿਲ੍ਹਾ ਗੁਰਦਾਸਪੁਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਰਣਬੀਰ ਬਡਵਾਲ ਇਸ ਵੇਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਲਵਾੜਾ ਵਿਖੇ ਸਰਕਾਰੀ ਮੁਲਾਜ਼ਮ ਹਨ, ਅਤੇ ਉਨ੍ਹਾਂ ਦੀ ਪਤਨੀ ਵੀ ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ। ਪੰਜਾਬੀ ਸਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਅਤੇ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਤੋਂ ਇਲਾਵਾ ਅਨੇਕਾਂ ਸਾਹਿਤ ਸਭਾਵਾਂ ਵੱਲੋਂ ਲੇਖਕ ਰਣਬੀਰ ਬਡਵਾਲ ਨੂੰ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ।

ਲੇਖਕ ਰਣਬੀਰ ਬਡਵਾਲ ਨਵੇਂ ਉੱਭਰਦੇ ਲੇਖਕ ਹੀਰਾ ਸਿੰਘ ਸ਼ਾਹੀ ਮਸਾਣੀਆਂ, ਬਲਵਿੰਦਰ ਸਿੰਘ ਰਾਜ਼, ਹਰਦੇਵ ਇੰਸਾਂ ਹਮਦਰਦ, ਰਵੀ ਆਲਮਸ਼ਾਹ ਵਾਲਾ, ਸਰਬਜੀਤ ਸਿੰਘ ਭਟੋਏ, ਜਸਵੀਰ ਬਟੂਹਾ ਲੌਂਗੋਵਾਲ, ਦੀਪ ਲੁਧਿਆਣਵੀ, ਬਲਜੀਤ ਸੈਣੀ, ਰਾਵੀ ਕਿਰਨ, ਰਿਤੂ ਵਾਸੂਦੇਵ ਆਦਿ ਦੀਆਂ ਰਚਨਾਵਾਂ ਵਧੇਰੇ ਪਸੰਦ ਹਨ। ਰਣਬੀਰ ਬਡਾਵਲ ਨੇ ਆਪਣੀਆਂ ਰਚਨਾਵਾਂ ਵਿੱਚ ਜਿੰਦਗੀ ਦੇ ਹਰੇਕ ਪੱਖ ਨੂੰ ਫਰੋਲਿਆ ਹੈ। ਜ਼ਲਦੀ ਹੀ ਉਹ ਆਪਣੇ ਗੀਤਾਂ ਤੇ ਕਵਿਤਾਵਾਂ ਦੀ ਲਿਖੀ ਪੁਸਤਕ ‘ਰੂਹ ਦੇ ਹਾਣੀ’ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ ਪਾ ਰਹੇ ਹਨ। ਦੁਆ ਕਰਦੇ ਹਾਂ ਕਿ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਲੇਖਕ ਰਣਬੀਰ ਬਡਵਾਲ ਇਸੇ ਤਰ੍ਹਾਂ ਆਪਣੀਆਂ ਲਿਖਤਾਂ ਦੀ ਸਿਰਜਣਾ ਕਰਦੇ ਰਹਿਣ।

ਸਾਡੀ ਗਲੀ ਵਿੱਚੋਂ ਗਾਉਂਦਾ-ਗਾਉਂਦਾ ਲੰਘ ਜੋਗੀਆ,
ਜਾਵੀਂ ਰੂਹਾਂ ਦੇ ਦੁਪੱਟੇ ਸਾਡੇ ਰੰਗ ਜੋਗੀਆ।
ਜ਼ਹਿਰ ਕੈਦੋਆਂ ਦੇ ਵੇਲੇ ਦੇ ਨੇ ਸਿਰਾਂ ਨੂੰ ਚੜ੍ਹੇ,
ਹੋਈ ਨੀਲੀ-ਪੀਲੀ ਫਿਰੇ ਸਾਰੀ ਝੰਗ ਜੋਗੀਆ।
ਭੁੱਖੇ ਸੱਤਾ ਦੇ ਸ਼ੌਕੀਨ ਤੇਰੀ ਵੰਡ ਗਏ ਜ਼ਮੀਨ,
ਅਸੀਂ ਤੋੜੀ ਨਾ ਵੇ ਸਾਂਝਾਂ ਵਾਲੀ ਵੰਗ ਜੋਗੀਆ।
ਪੰਜਾਂ ਪਾਣੀਆਂ ਦੇ ਪੀਰਾਂ ਨੂੰ ਧਿਆਈਏ ਅਸੀਂ ਨਿੱਤ,
ਮਹਿਕਾਂ ਆਰ-ਪਾਰ ਲੈ ਕੇ ਜਾਈਏ ਲੰਘ ਜੋਗੀਆ।
ਏਥੇ ਬੇਲਿਆਂ ਦੀ ਸੇਜ ਵਿਛੀ ਸੁੰਨੀ ਨਾ ਰਹੇ,
ਕੋਈ ਸਪੋਲੀਆ ਨਾ ਜਾਵੇ ਇਹਨੂੰ ਡੰਗ ਜੋਗੀਆ।
ਸਾਡੀ ਜ਼ਿੰਦਗੀ ਦੇ ਵੇਲੇ ’ਚ ਦੁਪਹਿਰਾਂ ਤਪੀਆਂ,
ਕਿਤੇ ਮੀਂਹ ਵਾਗੂੰ ਵਰਦਾ ਤੂੰ ਲੰਘ ਜੋਗੀਆ।

ਪੇਸ਼ਕਸ਼:
ਜੱਗਾ ਸਿੰਘ ਰੱਤੇਵਾਲਾ,
ਸੋਹਣਗੜ ‘ਰੱਤੇਵਾਲਾ’ (ਫਿਰੋਜਪੁਰ)
ਮੋ. 88723-27022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।