ਫੀਚਰ

ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ਤੋਂ ਲੈ ਕੇ ਅਫਸਰਸ਼ਾਹੀ ਤੱਕ ਹਮਲੇ 

Attacking, Dogs, Children, Bureaucracy

ਪੰਜਾਬ ਵਾਸੀਆਂ ਨੂੰ ਇਸ ਸਮੇਂ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ‘ਚ ਕੈਂਸਰ, ਵਾਤਾਵਰਨ ਤੇ ਪਾਣੀ ਦਾ ਦੂਸ਼ਿਤ ਹੋਣਾ, ਮਿਲਾਵਟਖੋਰੀ, ਜ਼ਮੀਨੀ ਪਾਣੀ ਦਾ ਪੱਧਰ ਥੱਲੇ ਜਾਣਾ, ਅਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਮੁੱਖ ਹਨ ਪਰ ਪਿਛਲੇ ਕੁਝ ਸਮੇਂ ਤੋਂ ਜਾਨਵਰਾਂ ਦੇ ਹਿੱਤਾਂ ਲਈ ਬਣੇ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਅਵਾਰਾ ਕੁੱਤਿਆਂ ਦੀ ਇੱਕ ਨਵੀਂ ਸਮੱਸਿਆ ਨਾਲ ਲੋਕਾਂ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ ਅਤੇ ਕਈ ਮਨੁੱਖੀ ਜਾਨਾਂ ਨੂੰ ਵੀ ਇਨ੍ਹਾਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਅੰਦਰ ਅਵਾਰਾ ਕੁੱਤਿਆਂ ਦੇ ਵੱਡੇ-ਵੱਡੇ ਝੁੰਡ ਅਕਸਰ ਹੀ ਨਜ਼ਰ ਆਉਂਦੇ ਹਨ

ਰਾਹਗੀਰ ਇਨ੍ਹਾਂ ਨੂੰ ਵੇਖ ਕੇ ਭੈਭੀਤ ਹੋ ਜਾਂਦਾ ਹੈ। ਪੰਜਾਬ ਵਿੱਚ ਅਵਾਰਾ ਕੁੱਤਿਆਂ ਦੇ ਟੋਲੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਗਏ ਹਨ। ਪਿਛਲੇ ਅੱਧ ਦਹਾਕੇ ਵਿੱਚ ਲੋਕਾਂ ਵੱਲੋਂ ਘਰਾਂ ‘ਚ ਵੱਖ-ਵੱਖ ਨਸਲਾਂ ਦੇ ਲੜਾਕੂ ਕੁੱਤੇ ਰੱਖਣ ਦਾ ਰੁਝਾਨ ਵੀ ਕਾਫੀ ਪਾਇਆ ਜਾ ਰਿਹਾ ਸੀ ਤੇ ਸਰਦੇ-ਪੁੱਜਦੇ ਘਰਾਂ ਦੇ ਕਾਕਿਆਂ ਵਿੱਚ ਤਾਂ ਕੁੱਤੇ ਲੜਾਉਣ ਦਾ ਸ਼ੌਕ ਵੀ ਪੈਦਾ ਹੋ ਗਿਆ ਸੀ। ਇਹ ਲੜਾਕੂ ਕੁੱਤੇ ਇੰਨੇ ਹੰਕਾਰ ਗਏ ਕਿ ਘਰਾਂ ‘ਚ ਹੀ ਪਰਿਵਾਰਕ ਮੈਂਬਰਾਂ ਤੇ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਸਮਝਣ ਲੱਗ ਪਏ।

ਇਹ ਸਭ ਕੁਝ ਵਾਪਰਨ ‘ਤੇ ਇਨ੍ਹਾਂ ਖੂੰਖਾਰੂ ਕੁੱਤਿਆਂ ਨੂੰ ਬਹੁਤਿਆਂ ਨੇ ਤਾਂ ਔਰ-ਪੌਰ ਕਰਕੇ ਇਧਰ-ਓਧਰ ਕਰ ਦਿੱਤੇ ਅਤੇ ਕੁਝ ਲੋਕ ਇਹੋ ਜਿਹੇ ਵੀ ਹਨ ਜੋ ਰਾਤ ਬਰਾਤੇ ਆਪਣੇ ਪਿੰਡ ਤੋਂ ਕਾਫੀ ਦੂਰ ਸੁੰਨੀਆਂ ਥਾਵਾਂ ‘ਤੇ ਛੱਡ ਆਏ। ਇਨ੍ਹਾਂ ਅਵਾਰਾ ਕੁੱਤਿਆਂ ਵੱਲੋਂ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਆਮ ਨਾਗਰਿਕਾਂ ਨੂੰ ਨੋਚ ਕੇ ਖਾ ਜਾਣ ਦੀਆਂ ਦੁਖਦਾਈ ਘਟਨਾਵਾਂ ਪੜ੍ਹਨ, ਸੁਣਨ ਨੂੰ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਮਾਸਖੋਰੇ ਇਹ ਕੁੱਤੇ ਹੱਡਾ-ਰੋੜੀ, ਹੋਟਲ, ਢਾਬੇ ਅਤੇ ਮੈਰਿਜ ਪੈਲਸਾਂ ਨੇੜੇ ਰਹਿ ਕੇ ਵਧਦੇ ਫੁਲਦੇ ਖੂੰਖਾਰੂ ਬਣ ਗਏ ਹਨ। ਹਨ੍ਹੇਰੇ ਸਵੇਰੇ ਇਕੱਲਾ ਮਨੁੱਖ ਇਨ੍ਹਾਂ ਦੀ ਮਾਰ ਤੋਂ ਬਚ ਨਹੀਂ ਸਕਦਾ। ਮੱਝਾਂ, ਗਾਵਾਂ, ਪਾਲਤੂ ਬੱਕਰੀਆਂ, ਭੇਡਾਂ ਵੀ ਇਨ੍ਹਾਂ ਦਾ ਸ਼ਿਕਾਰ ਹੋ ਰਹੀਆਂ ਹਨ।

ਇਹ ਮਾਸਖੋਰੇ ਕੁੱਤੇ ਮੌਕਾ ਭਾਂਪ ਕੇ ਮੁਰਗੀਆਂ ਦੇ ਪੋਲਟਰੀ ਫਾਰਮ ‘ਤੇ ਹਮਲਾ ਕਰਕੇ ਪੋਲਟਰੀ ਧੰਦੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇੱਕ ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ‘ਚ ਅਵਾਰਾ ਕੁੱਤਿਆਂ ਦੀ ਗਿਣਤੀ ਪੰਜ ਲੱਖ ਆਂਕੀ ਗਈ ਹੈ। ਇਹ ਘੱਟ ਵੱਧ ਵੀ ਹੋ ਸਕਦੀ ਹੈ। ਇੱਥੇ ਸੁਆਲ ਇਨ੍ਹਾਂ ਦੀ ਗਿਣਤੀ ਦਾ ਨਹੀਂ ਹੈ, ਸਗੋਂ ਇਨ੍ਹਾਂ ਵੱਲੋਂ ਸਮਾਜ ਦੇ ਕੀਤੇ ਜਾ ਰਹੇ ਨੁਕਸਾਨ ਦਾ ਹੈ। ਪਿੱਛੇ ਜਿਹੇ ਸਰਕਾਰ ਨੇ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਲਈ ਇਨ੍ਹਾਂ ਦੀ ਨਸਬੰਦੀ ਕੀਤੇ ਜਾਣ ਦੀ ਯੋਜਨਾ ਬਣਾਈ ਸੀ, ਕੁਝ ਵੱਡੇ ਸ਼ਹਿਰਾਂ ਵਿੱਚ ਤਜ਼ਰਬੇ ਦੇ ਤੌਰ ‘ਤੇ ਇਸ ਨੂੰ ਲਾਗੂ ਵੀ ਕੀਤਾ ਗਿਆ ਪਰ ਸਰਕਾਰ ਦੀ ਅਜਿਹੀ ਯੋਜਨਾ ਦੇ ਕੋਈ ਸਾਰਥਿਕ ਸਿੱਟੇ ਸਾਹਮਣੇ ਨਹੀਂ ਆ ਸਕੇ। ਅੱਜ ਤੋਂ ਕੋਈ ਤਿੰਨ/ਚਾਰ ਦਹਾਕੇ ਪਹਿਲਾਂ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਪਿੰਡਾਂ ਕਸਬਿਆਂ ਅੰਦਰ ਜ਼ਹਿਰਲੀ ਦਵਾਈ ਪਾ ਕੇ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ਚਲਾਈ ਜਾਂਦੀ ਸੀ, ਜਿਸ ਵਿੱਚ ਪੰਚਾਇਤਾਂ ਅਤੇ ਆਮ ਲੋਕ ਵੀ ਸਹਿਯੋਗ ਦਿੰਦੇ ਸਨ।

ਇਸ ਮੁਹਿੰਮ ਦੌਰਾਨ ਮਾਰੇ ਗਏ ਕੁੱਤਿਆਂ ਨੂੰ ਡੂੰਘੇ ਟੋਏ ਪੁੱਟ ਕੇ ਦੱਬ ਦਿੱਤਾ ਜਾਂਦਾ ਸੀ। ਉਦੋਂ ਸਿਰਫ ਪਟਾ ਪਾਏ ਕੁੱਤੇ ਨੂੰ ਹੀ ਪਾਲਤੂ ਮੰਨ ਕੇ ਬਚਾਇਆ ਜਾਂਦਾ ਸੀ। ਇਸ ਤਰ੍ਹਾਂ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ਅੱਜ ਵਾਂਗ ਖਤਰੇ ਦੀ ਹੱਦ ਤੱਕ ਨਹੀਂ ਸੀ ਜਾਂਦੀ। ਪਿੱਛੇ ਜਿਹੇ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਅਵਾਰਾ ਕੁੱਤੇ ਨੇ ਬਠਿੰਡਾ ਜ਼ਿਲ੍ਹੇ ਦੇ ਇੱਕ ਪ੍ਰਮੁੱਖ ਅਧਿਕਾਰੀ ਨੂੰ ਉਸ ਵੇਲੇ ਵੱਢ ਖਾਧਾ ਜਦੋਂ ਉਹ ਆਪਣੇ ਸੁਰੱਖਿਆ ਕਰਮੀਆਂ ਨਾਲ ਇੱਕ ਮੀਟਿੰਗ ‘ਚ ਸ਼ਾਮਲ ਹੋਣ ਜਾ ਰਿਹਾ ਸੀ।

ਇਹ ਘਟਨਾ ਵਾਪਰ ਜਾਣ ‘ਤੇ ਅਧਿਕਾਰੀ ਦੇ ਅੰਗ-ਰੱਖਿਅਕ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਮੇਅਰ ਨੇ ਦੂਸਰੇ ਦਿਨ ਹੀ ਐਲਾਨ ਕਰ ਦਿੱਤਾ ਕਿ ਅਵਾਰਾ ਕੁੱਤਿਆਂ ਲਈ ਨਗਰ ਨਿਗਮ ਇੱਕ ਵੱਖਰੀ ਬਿਲਡਿੰਗ ਬਣਾਏਗਾ, ਜਿੱਥੇ ਸ਼ਹਿਰ ਵਿੱਚੋਂ ਅਵਾਰਾ ਕੁੱਤੇ ਫੜ੍ਹ ਕੇ ਰੱਖੇ ਜਾਣਗੇ ਇਸ ਦਾ ਸਾਰਾ ਖਰਚ ਨਗਰ ਨਿਗਮ ਆਪ ਹੀ ਉਠਾਏਗਾ। ਇੱਥੋਂ ਤੱਕ ਕਿ ਅਵਾਰਾ ਕੁੱਤਿਆਂ ਨੂੰ ਫੜ੍ਹਨ ਲਈ ਨਾਗਾਲੈਂਡ ਤੋਂ ਮਾਹਿਰਾਂ ਨੂੰ ਵੀ ਬੁਲਾਉਣ ਦੀ ਗੱਲ ਚੱਲੀ ਸੀ। ਪਿੱਛੇ ਜਿਹੇ ਅਜਨਾਲਾ ਵਿੱਚ ਤਿੰਨ ਸਾਲ ਦੇ ਇੱਕ ਮਾਸੂਮ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਲਿਆ ਸੀ, ਇਸ ਤੋਂ ਇਲਾਵਾ ਕੈਰੋਵਾਲ ਵਿਖੇ ਵੀ ਇੱਕ ਹੋਰ ਬੱਚੇ ਨੂੰ ਇਨ੍ਹਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਤਾਂ ਉਸ ਸਮੇਂ ਦੀ ਮੌਜ਼ੂਦਾ ਸਰਕਾਰ ਜਾਂ ਪ੍ਰਸ਼ਾਸਨ ਨੇ ਇਹੋ ਜਿਹੇ ਕਦਮ ਚੁੱਕਣੇ ਮੁਨਾਸਿਫ ਕਿਉਂ ਨਹੀਂ ਸਮਝੇ? ਸਾਡੇ ਦੇਸ਼ ਵਿੱਚ ਅਜਿਹੇ ਕਾਨੂੰਨ ਬਣ ਗਏ ਹਨ ਕਿ ਮਨੁੱਖ ਜਾਤੀ ਨੂੰ ਖੂੰਖਾਰੂ ਕੁੱਤੇ ਤਾਂ ਨੋਚ-ਨੋਚ ਕੇ ਖਾ ਸਕਦੇ ਹਨ ਪਰ ਇਨ੍ਹਾਂ ਅਵਾਰਾ ਖੂੰਖਾਰੂ ਕੁੱਤਿਆਂ ਨੂੰ ਮਾਰਨ ‘ਤੇ ਮਨੁੱਖ ਨੂੰ ਸਜ਼ਾ ਹੋ ਸਕਦੀ ਹੈ। ਇਹੋ ਜਿਹੇ ਕਾਨੂੰਨ ਬਣਾਉਣ ਸਮੇਂ ਇਨ੍ਹਾਂ ਦੀ ਅਬਾਦੀ ਵਧਣ ਤੋਂ ਰੋਕਣ ਲਈ ਕੋਈ ਠੋਸ ਬਦਲ ਨਹੀਂ ਲੱਭਿਆ ਗਿਆ ਜਾਂ ਫਿਰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ।

ਜਦ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੀਆਂ ਗੋਲੀਆਂ ਦੇ ਕੇ ਮਾਰਨ ‘ਤੇ ਪਾਬੰਧੀ ਲਾਈ ਗਈ ਸੀ ਜੇਕਰ ਉਸ ਸਮੇਂ ਤੋਂ ਹੀ ਸਰਕਾਰਾਂ ਨੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਰਕਾਰੀ ਪਸ਼ੂ ਹਸਪਤਾਲਾਂ ਪਿੰਡ ਪੱਧਰ ਤੱਕ ਦੀਆਂ ਪਸ਼ੂਆਂ ਦੀਆਂ ਡਿਸਪੈਸਰੀਆਂ ਵਿੱਚ ਡਿਊਟੀ ਕਰ ਰਹੇ ਡਾਕਟਰਾਂ ਤੇ ਨਗਰ ਪਾਲਿਕਾ, ਨਗਰ ਪੰਚਾਇਤਾਂ ਅਤੇ ਪੰਚਇਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਉਨ੍ਹਾਂ ਦੇ ਖੇਤਰ ਅਧੀਨ ਆਉਂਦੇ ਇਲਾਕੇ ਵਿੱਚ ਕੋਈ ਅਵਾਰਾ ਕੁੱਤਾ ਨਜ਼ਰ ਆਵੇ ਤਾਂ ਉਸ ਦੀ ਨਸਬੰਦੀ ਕਰਨਾ ਜਾਂ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਕਿਉਂਕਿ ਉਸ ਸਮੇਂ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਨਾ-ਮਾਤਰ ਹੀ ਸੀ ਜੇਕਰ ਕੋਈ ਕੁੱਤਾ ਅਵਾਰਾ ਮਿਲਦਾ ਤਰੁੰਤ ਉਸਦੀ ਨਸਬੰਦੀ ਕਰ ਦਿੱਤੀ ਜਾਂਦੀ ਤਾਂ ਹੋ ਸਕਦਾ ਸੀ ਅਵਾਰਾ ਕੁੱਤਿਆਂ ਵਾਲੀ ਇਹ ਸਮੱਸਿਆ ਇੱਥੋਂ ਤੱਕ ਨਾ ਪੁੱਜਦੀ ਅਤੇ ਨਾ ਹੀ ਕਿਸੇ ਮਨੁੱਖੀ ਜਾਨ ਨੂੰ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣਨਾ ਪੈਂਦਾ।

ਗੁਰਜੀਵਨ ਸਿੰਘ ਸਿੱਧੂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top